ਅੰਬੇਡਕਰ ਇੰਸਟੀਚਿਊਟ ਵੱਲੋਂ ਐਲੂਮਨੀ ਮੀਟ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਅਪਰੈਲ
ਡਾ. ਬੀਆਰ ਅੰਬੇਡਕਰ ਇੰਸਟੀਚਿਊਟ ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ ਇੱਥੋਂ ਦੇ ਫੇਜ਼-3ਬੀ2 ਵਿਚਲੇ ਕੈਂਪਸ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਉਤਸਵ ਨੂੰ ਸਮਰਪਿਤ 11ਵੀਂ ਐਲੂਮਨੀ ਮੀਟ ਕਰਵਾਈ ਗਈ। ਇੰਸਟੀਚਿਊਟ ਦੇ ਪ੍ਰਿੰਸੀਪਲ ਸੰਜੀਵ ਮੰਨਣ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਇੰਸਟਰੱਕਟਰ ਰਾਕੇਸ਼ ਅਰੋੜਾ ਤੇ ਸਵਰਨ ਸਿੰਘ, ਸੁਪਰਡੈਂਟ ਲਖਬੀਰ ਕੌਰ, ਪ੍ਰੋ. ਸਰਬਜੀਤ ਕੌਰ, ਜੀਵਨ ਜੋਤੀ ਅਤੇ ਪ੍ਰੋ. ਅਨਿਲ ਕੁਮਾਰ ਵਿਸ਼ੇਸ਼ ਮਹਿਮਾਨ ਸਨ। ਪ੍ਰਿੰਸੀਪਲ ਸੰਜੀਵ ਮੰਨਣ ਨੇ ਡਾ. ਬੀਆਰ ਅੰਬੇਡਕਰ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਪੇ ਬੈਕ ਟੂ ਸੁਸਾਇਟੀ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਸਿੱਖਿਆਰਥੀਆਂ ਦੀ ਭਲਾਈ ਲਈ ਮਦਦ ਦਾ ਭਰੋਸਾ ਦਿੱਤਾ। ਰਾਕੇਸ਼ ਅਰੋੜਾ ਨੇ ਨਵੇਂ ਸਿਖਿਆਰਥੀਆਂ ਨੂੰ ਮਿਹਨਤ ਕਰਨ ’ਤੇ ਜ਼ੋਰ ਦਿੱਤਾ। ਭੁਪਿੰਦਰ ਸਿੰਘ ਨੇ ਬਾਬਾ ਸਾਹਿਬ ਦੀ ਜੀਵਨੀ ਬਾਰੇ ਚਾਨਣਾ ਪਾਇਆ। ਸੈਮੀਨਾਰ ਨੂੰ ਇੰਸਟਰੱਕਟਰ ਸਵਰਨ ਸਿੰਘ, ਪ੍ਰੋ. ਅਨਿਲ ਕੁਮਾਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਸੁਨੀਲ ਕੁਮਾਰ, ਕਮਾਂਡੈਂਟ ਵਿਜੈ ਕੁਮਾਰ, ਪ੍ਰਿੰਸੀਪਲ ਕਸ਼ਮੀਰ ਕੌਰ, ਐਡ. ਗੁਰਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ। ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਵਿੰਦਰ ਸਿੰਘ ਰੋਮੀ ਨੇ ਬਾਖੂਬੀ ਨਿਭਾਈ।