For the best experience, open
https://m.punjabitribuneonline.com
on your mobile browser.
Advertisement

ਅੰਬੀ ਵਾਲਾ ਨਲਕਾ

04:16 AM May 12, 2025 IST
ਅੰਬੀ ਵਾਲਾ ਨਲਕਾ
Advertisement
ਅਮਰੀਕ ਸਿੰਘ ਦਿਆਲ
Advertisement

ਸੁਰਤ ਸੰਭਾਲਣ ਤੋਂ ਪਹਿਲਾਂ ਹੀ ਮੇਰੇ ਪਿੰਡ ਕਾਲੇਵਾਲ ਬੀਤ ਦੇ ਖੇਤਾਂ ਵਿਚਕਾਰ ਲੱਗੀ ਟੂਟੀ ਦਾ ਨਾਮ ਅੰਬੀ ਵਾਲਾ ਨਲਕਾ ਸੀ। ਦੇਸੀ ਅੰਬ ਦਾ ਛੋਟੇ ਕੱਦ ਵਾਲਾ ਬੂਟਾ ਨੇੜੇ ਹੋਣ ਕਰ ਕੇ ਇਸ ਟੂਟੀ ਦੀ ਇਹ ਪਛਾਣ ਬਣ ਗਈ ਸੀ। ਸਾਡੇ ਨੀਮ-ਪਹਾੜੀ ਖੇਤਰ ਦੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਡੂੰਘਾ ਹੋਣ ਕਰ ਕੇ ਨਲਕੇ ਨਹੀਂ ਲਗਦੇ। ਅੱਜ ਵੀ ਟੂਟੀ ਦੀ ਥਾਂ ਨਲਕਾ ਸ਼ਬਦ ਵਰਤ ਲਿਆ ਜਾਂਦਾ ਹੈ। ਦੋ ਕੁ ਦਹਾਕੇ ਪੁਰਾਣੀ ਗੱਲ ਹੈ, ਇੱਕ ਅਧਿਆਪਕ ਗੁਰਦਾਸਪੁਰ ਤੋਂ ਨਵੀਂ ਨਿਯੁਕਤੀ ਤੋਂ ਬਾਅਦ ਸਾਡੇ ਇਲਾਕੇ ਵਿੱਚ ਹਾਜ਼ਰ ਹੋਇਆ ਤਾਂ ਟੂਟੀ ਦੀ ਥਾਂ ਨਲਕਾ ਸ਼ਬਦ ਸੁਣ ਕੇ ਬੜਾ ਹੈਰਾਨ ਹੋਇਆ। ਉਂਝ, ਨਵੀਂ ਪੀੜ੍ਹੀ ਲਈ ਇਸ ਟੂਟੀ ਦਾ ਹੁਣ ਕੋਈ ਮਹੱਤਵ ਨਹੀਂ। ਜ਼ਿੰਦਗੀ ਦੇ ਪੰਜਵੇਂ-ਛੇਵੇਂ ਦਹਾਕੇ ਵਿੱਚ ਦਾਖਲ ਹੋ ਚੁੱਕੀ ਪੀੜ੍ਹੀ ਇਸ ਗੱਲ ਦੀ ਗਵਾਹ ਹੈ ਕਿ ਇੱਥੇ ਕਿੰਨੀਆਂ ਰੌਣਕਾਂ ਹੁੰਦੀਆਂ ਸਨ।

Advertisement
Advertisement

ਕੋਈ ਸਮਾਂ ਸੀ ਜਦੋਂ ਪਿੰਡ ਵਿੱਚ ਤਿੰਨ ਜਨਤਕ ਟੂਟੀਆਂ ਹੁੰਦੀਆਂ ਸਨ। ਵਾਰੀ ਸਿਰ ਪਾਣੀ ਭਰ ਲਿਆ ਜਾਂਦਾ। ਟੂਟੀਆਂ ਅੱਗੇ ਵਾਹਵਾ ਰੌਣਕ ਹੁੰਦੀ ਸੀ। ਪਿੰਡ ਦੀ ਹਰ ਨਵੀਂ ਤਾਜ਼ੀ ਗੱਲ ਸੁਵੱਖਤੇ ਹੀ ਸੂਚਨਾ ਕੇਂਦਰ ਬਣੀਆਂ ਟੂਟੀਆਂ ਰਾਹੀਂ ਨਸ਼ਰ ਹੋ ਜਾਂਦੀ। ਹੁਣ ਘਰ-ਘਰ ਟੂਟੀਆਂ ਲੱਗ ਗਈਆਂ ਹਨ। ਸਾਂਝੀਆਂ ਥਾਵਾਂ ਵਾਲੀਆਂ ਟੂਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਪਿੰਡ ਦੇ ਲਹਿੰਦੇ ਪਾਸੇ ਖੇਤਾਂ ਵਿਚਕਾਰ ਗੋਹਰੀ ਨੇੜੇ ਅੰਬੀ ਵਾਲੇ ਨਲਕੇ (ਟੂਟੀ) ਵਿੱਚ ਅੱਜ ਵੀ ਰੋਜ਼ਾਨਾ ਪਾਣੀ ਆਉਂਦਾ ਹੈ ਪਰ ਪਹਿਲਾਂ ਵਾਲੀਆਂ ਰੌਣਕਾਂ ਗਾਇਬ ਹਨ। ਜਦੋਂ ਖੇਤਾਂ ਵੱਲ ਗੇੜਾ ਵੱਜਦਾ ਤਾਂ ਸਵੇਰ ਵੇਲੇ ਦਾ ਉਹ ਦ੍ਰਿਸ਼ ਅੱਖਾਂ ਅੱਗੇ ਰੂਪਮਾਨ ਹੋ ਜਾਂਦਾ ਹੈ। ਉਨ੍ਹਾਂ ਸਮਿਆਂ ਵਿੱਚ ਸਵੇਰੇ ਪਿੰਡ ਦੇ ਵੱਡੀ ਗਿਣਤੀ ਲੋਕ ਇੱਥੇ ਇਸ਼ਨਾਨ ਕਰਨ ਪਹੁੰਚਦੇ ਸਨ। ਇੱਥੇ ਨਾ ਕੋਈ ਗੁਸਲਖਾਨਾ ਸੀ, ਨਾ ਪਰਦਾ ਕਰਨ ਵਾਲੀ ਕੋਈ ਹੋਰ ਥਾਂ; ਇਹ ੱਬਸ ਨੀਲੀ ਛਤਰੀ ਹੇਠ ਖੁੱਲ੍ਹਾ ਇਸ਼ਨਾਨ-ਘਰ ਹੀ ਸੀ। ਜ਼ਿਆਦਾਤਰ ਨਹਾਉਣ ਵਾਲੇ ਸਵੇਰ ਦੀ ਡਿਊਟੀ ਜਾਣ ਵਾਲੇ ਜਾਂ ਹੱਟੀਆਂ ਖੋਲ੍ਹਣ ਵਾਲੇ ਦੁਕਾਨਦਾਰ ਹੁੰਦੇ। ਉਨ੍ਹਾਂ ਦਿਨਾਂ ਵਿੱਚ ਅਜੇ ਘਰ-ਘਰ, ਹਰ ਕਮਰੇ ਨਾਲ ਜੁੜਵੇਂ ਪਖਾਨੇ ਨਹੀਂ ਸਨ ਬਣੇ। ਇਹ ਗੱਲਾਂ ਤਾਂ ਉਸ ਵੇਲੇ ਸੋਚ ਤੋਂ ਪਰ੍ਹੇ ਦੀਆਂ ਸਨ। ਟੂਟੀ ਨੇੜਲੇ ਚੋਅ ਵੱਲ ਨਿਵਾਣ ਵਾਲੇ ਖੇਤਾਂ ਵੱਲ ਜੰਗਲ-ਪਾਣੀ ਹੋ ਆਉਂਦੇ। ਫਿਰ ਨਿੰਮ, ਟਾਹਲੀ, ਬਣ੍ਹਾ, ਕਿੱਕਰ ਆਦਿ ਦੀ ਦਾਤਣ ਚਿੱਥਦੇ ਰਹਿੰਦੇ। ਦਾਤਣ ਤੋੜਨ ਲਈ ਕੋਈ ਉਚੇਚ ਕਰਨ ਦੀ ਲੋੜ ਨਹੀਂ ਸੀ ਪੈਂਦੀ। ਆਲ਼ੇ-ਦੁਆਲ਼ੇ ਇਹ ਦਰਖਤ ਆਮ ਹੁੰਦੇ ਸਨ। ਹਰ ਬੰਦਾ ਆਪਣੇ ਨਾਲ ਸਾਬਣ, ਸਰੋਂ ਦਾ ਤੇਲ, ਕੱਛਾ, ਤੌਲੀਆ ਲੈ ਕੇ ਆਉਂਦਾ। ਕਈ ਸ਼ੁਕੀਨ ਖੁਸ਼ਬੂਦਾਰ ਤੇਲ ਲਿਆਉਂਦੇ ਜਿਸ ਦੀ ਸੁਗੰਧੀ ਦੂਰ ਖੇਤਾਂ ਤੱਕ ਫੈਲ ਜਾਂਦੀ। ਅਲੱਗ-ਅਲੱਗ ਕਿਸਮ ਦੇ ਸਾਬਣ ਦੀਆਂ ਖੁਸ਼ਬੋਆਂ ਆਪਣੇ ਵੱਖਰੇਪਨ ਦਾ ਅਹਿਸਾਸ ਕਰਵਾਉਂਦੀਆਂ। ਟੂਟੀ ਦਾ ਪ੍ਰੈਸ਼ਰ ਤੇਜ਼ ਹੁੰਦਾ ਸੀ। ਇੱਕ ਜਣਾ ਗਿੱਲਾ ਹੋ ਕੇ ਸਾਬਣ ਲਗਾਉਣ ਲਈ ਬਾਹਰ ਆ ਜਾਂਦਾ ਅਤੇ ਦੂਜਾ ਸਾਬਣ ਲੱਗਾ ਬੰਦਾ ਟੂਟੀ ਹੇਠ ਸਿਰ ਦੇ ਕੇ ਪਿੰਡੇ ਤੋਂ ਸਾਬਣ ਲਾਹੁਣ ਲਗਦਾ। ਫਿਰ ਅਗਲਿਆਂ ਦੀ ਵਾਰੀ ਆਉਂਦੀ ਰਹਿੰਦੀ।

ਇਉਂ ਸਵੇਰੇ-ਸਵੇਰੇ ਤਕੜੇ ਲਿਸ਼ਕਦੇ ਜੁੱਸਿਆਂ ਵਾਲੇ, ਮਾੜਕੂ , ਢਿੱਡਲੀਏ; ਭਾਵ, ਹਰ ਤਰ੍ਹਾਂ ਦੇ ਸਰੀਰਾਂ ਦੀ ਨੁਮਾਇਸ਼ ਲਗਦੀ। ਰਾਤ ਠਹਿਰੇ ਹੋਏ ਮਹਿਮਾਨ ਨੂੰ ਵੀ ਨਾਲ ਤੋਰਿਆ ਹੁੰਦਾ। ਲਾਲਾ ਫਕੀਰ ਚੰਦ ਪਿੱਤਲ ਦੇ ਡੋਲੂ ਵਿੱਚ ਸਾਬਣ-ਤੇਲ ਲੈ ਕੇ ਨਿੱਤ ਪਹੁੰਚਦੇ। ਉਨ੍ਹਾਂ ਦਾ ਗੋਰਾ ਗੱਠਵਾਂ ਸਰੀਰ ਭਲਵਾਨਾਂ ਦਾ ਭੁਲੇਖਾ ਪਾਉਂਦਾ। ਬੰਬੇ ਤੋਂ ਪਿੰਡ ਛੁੱਟੀ ਕੱਟਣ ਆਉਂਦੇ ਟਰਾਂਸਪੋਰਟਰ ਰਾਮ ਗੋਪਾਲ ਦਾ ਦੇਸੀ ਕੱਛੇ ਦੀ ਥਾਂ ਅੰਡਰਵੀਅਰ ਅਤੇ ਦਾਤਣ ਦੀ ਥਾਂ ਬੁਰਸ਼ ਸਮੇਤ ਝੱਗ ਨਾਲ ਭਰਿਆ ਮੂੰਹ ਅਲੱਗ ਜਿਹਾ ਮਹਿਸੂਸ ਹੁੰਦਾ। ਹੋਰ ਵੀ ਕਿੰਨੇ ਹੀ ਨਾਮ ਹਨ ਜਿਨ੍ਹਾਂ ਦਾ ਇੱਥੇ ਵਰਣਨ ਕਰਨਾ ਔਖਾ ਹੈ। ਨਵੀਆਂ ਸੂਚਨਾਵਾਂ ਦੇ ਨਾਲ-ਨਾਲ ਟਿੱਚਰਾਂ ਦਾ ਚੰਗਾ ਦੌਰ ਚਲਦਾ।

ਮਰਦਾਂ ਦੇ ਨਹਾਉਣ ਬਾਅਦ ਪਾਣੀ ਭਰਨ ਵਾਲੇ ਅਤੇ ਕੱਪੜੇ ਧੋਣ ਵਾਲੀਆਂ ਬੀਬੀਆਂ ਦੀ ਮਹਿਫਲ ਜੁੜਨੀ ਸ਼ੁਰੂ ਹੋ ਜਾਂਦੀ। ਦੁਪਹਿਰ ਬਾਰਾਂ ਵਜੇ ਪਾਣੀ ਬੰਦ ਹੋਣ ਤੱਕ ਰੌਣਕ ਲੱਗੀ ਰਹਿੰਦੀ। ਅੰਬੀ ਵਾਲੀ ਟੂਟੀ ਭਾਵੇਂ ਹੁਣ ਵੀ ਹੈ ਪਰ ਉਹ ਰੌਣਕਾਂ ਅਤੀਤ ਦੀ ਬੁੱਕਲ ਵਿੱਚ ਜਾ ਬੈਠੀਆਂ ਹਨ। ਸੁੱਖ-ਸਹੂਲਤਾਂ ਮਾਣ ਰਹੀ ਅਜੋਕੀ ਪੀੜ੍ਹੀ ਨੇ ਭਾਵੇਂ ਇਹ ਸਭ ਸੁਣਿਆ ਹੋਵੇ ਪਰ ਇਸ ਦ੍ਰਿਸ਼ ਦੇ ਚਸ਼ਮਦੀਦ ਅਤੀਤ ਦੀਆਂ ਯਾਦਾਂ ਵੱਲ ਫੇਰਾ ਪਾਉਂਦੇ ਹੋਏ ਬੀਤੇ ਪਲਾਂ ਨੂੰ ਮਾਣ ਲੈਂਦੇ ਹਨ।

ਸੰਪਰਕ: 94638-51568

Advertisement
Author Image

Jasvir Samar

View all posts

Advertisement