ਅੰਬਾਲਾ ਤੋਂ ਧੂਰੀ ਤੱਕ ਬਿਜਲਈ ਰੇਲ ਸ਼ੁਰੂ

ਨਿੱਜੀ ਪੱਤਰ ਪ੍ਰੇਰਕ
ਧੂਰੀ, 10 ਸਤੰਬਰ

ਰੇਲ ਲਾਈਨ ਦੇ ਬਿਜਲੀਕਰਨ ਦੇ ਕੰਮ ਦਾ ਨਿਰੀਖਣ ਕਰਦੇ ਹੋਏ ਅਧਿਕਾਰੀ। -ਫੋਟੋ : ਸੋਢੀ

ਦੇਸ਼ ਭਰ ਦੀਆਂ ਰੇਲਵੇ ਲਾਈਨਾਂ ਤੇ ਭਾਰਤੀ ਰੇਲਵੇ 2022 ਤੱਕ ਬਿਜਲੀ ਨਾਲ਼ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਚਲਾਉਣ ਦਾ ਆਪਣਾ ਟੀਚਾ ਪੂਰਾ ਕਰ ਲਵੇਗਾ। ਇਹ ਜਾਣਕਾਰੀ ਰੇਲਵੇ ਅਧਿਕਾਰੀਆਂ ਸ਼ਲੇਂਦਰ ਪਾਠਕ ਨੇ ਅੰਬਾਲਾ ਤੋਂ ਧੂਰੀ ਤੱਕ ਬਿਜਲੀ ਨਾਲ਼ ਚੱਲਣ ਵਾਲੀ ਰੇਲ ਗੱਡੀ ਦੇ ਧੂਰੀ ਪੁੱਜਣ ਤੇ ਗੱਲਬਾਤ ਕਰਦਿਆਂ ਦਿੱਤੀ। ਅੰਬਾਲਾ ਤੋਂ ਧੂਰੀ ਤੱਕ ਬਿਜਲੀ ਨਾਲ਼ ਚੱਲਣ ਵਾਲੀ ਰੇਲ ਗੱਡੀ ਧੂਰੀ ਸਟੇਸ਼ਨ ਪੁੱਜੀ। ਸਟੇਸ਼ਨ ’ਤੇ ਰੇਲਵੇ ਸਟਾਫ ਨੇ ਭਾਰਤੀ ਰੇਲ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਭਰਵਾਂ ਸਵਾਗਤ ਕੀਤਾ। ਬਿਜਲੀ ਨਾਲ਼ ਚੱਲਣ ਵਾਲੀ ਇਹ ਰੇਲ ਗੱਡੀ ਟਰੈਕ ਨੰਬਰ 1 ’ਤੇ ਪਹੁੰਚੀ, ਜਿੱਥੇ ਸ਼ਹਿਰ ਵਾਸੀ ਅਤੇ ਯਾਤਰੀਆਂ ’ਚ ਨਵੀਂ ਰੇਲ ਗੱਡੀ ਨੂੰ ਵੇਖਣ ਲਈ ਕਾਫੀ ਉਤਸ਼ਾਹ ਨਜ਼ਰ ਆਇਆ। ਇਸ ਮੌਕੇ ਰੇਲਵੇ ਦੇ ਸੀਨੀਅਰ ਅਧਿਕਾਰੀ ਸਲੇਂਦਰ ਪਾਠਕ ਨੇ ਦੱਸਿਆ ਕਿ ਅੱਜ ਇਸਨੂੰ ਸਫ਼ਲਤਾ ਪੂਰਵਕ ਟਰੈਕ ’ਤੇ ਚਲਾ ਦਿੱਤਾ ਗਿਆ, ਜੋ ਅੰਬਾਲਾ ਤੋਂ ਧੂਰੀ ਤੱਕ ਆਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਨਾਲ਼ ਚੱਲਣ ਵਾਲੀਆਂ ਰੇਲਾਂ ਲਈ ਫਿਰੋਜ਼ਪੁਰ ਲਾਈਨ ’ਚ 100 ਮੀਟਰ ਦੇ ਟਰੈਕ ’ਤੇ ਕੰਮ ਚੱਲ ਰਿਹਾ ਹੈ। ਇਸ ਮਗਰੋਂ ਕੇਵਲ ਪੰਜਾਬ ਵਿੱਚ ਹੀ ਨਹੀਂ , ਦੇਸ਼ ਭਰ ਵਿੱਚ ਬਿਜਲੀ ਨਾਲ਼ ਚੱਲਣ ਵਾਲੀਆਂ ਰੇਲ ਗੱਡੀਆਂ ਟਰੈਕ ਤੇ ਦੌੜਨਗੀਆਂ।

ਅਧਿਕਾਰੀਆਂ ਵੱਲੋਂ ਕੰਮ ਦਾ ਨਿਰੀਖਣ
ਧੂਰੀ(ਖੇਤਰੀ ਪ੍ਰਤੀਨਿਧ): ਚੀਫ਼ ਕਮਿਸ਼ਨਰ ਆਫ਼ ਰੇਲਵੇ ਸੇਫ਼ਟੀ ਐੱਸਕੇ ਪਾਠਕ ਵੱਲੋਂ ਲੰਘੀ ਸ਼ਾਮ ਸਥਾਨਕ ਰੇਲਵੇ ਸਟੇਸ਼ਨ ਦਾ ਦੌਰਾ ਕਰਦਿਆਂ ਧੂਰੀ-ਪਟਿਆਲਾ ਰੇਲ ਲਾਈਨ ਦੇ ਚੱਲ ਰਹੇ ਬਿਜਲੀਕਰਨ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰੀਬ 55 ਕਿੱਲੋਮੀਟਰ ਲੰਮੀ ਧੂਰੀ-ਪਟਿਆਲਾ ਰੇਲ ਲਾਈਨ ਦੇ ਚੱਲ ਰਹੇ ਬਿਜਲੀਕਰਨ ਦੇ ਕੰਮ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਦੇ ਹੋਏ ਕੰਮਾਂ ਵਿੱਚੋਂ ਜਿੱਥੇ ਇਹ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਉੱਥੇ ਤਸੱਲੀ ਭਰਪੂਰ ਵੀ ਹੈ। ਉਨ੍ਹਾਂ ਕਿਹਾ ਕਿ ਕੰਮ ਦੇ ਨਿਰੀਖਣ ਦੌਰਾਨ ਉਨ੍ਹਾਂ ਨੂੰ ਕੰਮ ਵਿਚ ਕਿਧਰੇ ਵੀ ਕਮੀ ਨਜ਼ਰ ਨਹੀਂ ਆਈ ਅਤੇ ਧੂਰੀ-ਪਟਿਆਲਾ ਰੇਲ ਲਾਈਨ ਦੇ ਚੱਲ ਰਹੇ ਬਿਜਲੀਕਰਨ ਦੇ ਕੰਮ ਨੂੰ ਮਿਥੇ ਸਮੇਂ ਦੌਰਾਨ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀਕਰਨ ਦਾ ਕੰਮ ਪੂਰਾ ਹੋਣ ਨਾਲ ਜਿੱਥੇ ਰੇਲਗੱਡੀਆਂ ਦੀ ਰਫ਼ਤਾਰ ਵਧੇਗੀ ਉੱਥੇ ਪ੍ਰਦੂਸ਼ਣ ਘਟੇਗਾ ਅਤੇ ਯਾਤਰੀਆਂ ਨੂੰ ਆਪਣੀ ਮੰਜ਼ਲ ’ਤੇ ਜਲਦੀ ਪਹੁੰਚਣ ਦੀ ਸਹੂਲਤ ਮਿਲੇਗੀ।