ਅੰਡਰ-19 ਮਹਿਲਾ ਕ੍ਰਿਕਟ ਟੀਮ ਪੀਸੀਏ ਟੂਰਨਾਮੈਂਟ ਲਈ ਰਵਾਨਾ
ਪੱਤਰ ਪ੍ਰੇਰਕ
ਪਠਾਨਕੋਟ, 10 ਜੂਨ
ਇਹ ਪਠਾਨਕੋਟ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਜ਼ਿਲ੍ਹੇ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ ਅਧਿਕਾਰਤ ਤੌਰ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਅੰਡਰ-19 ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਈ ਹੈ। ਇਹ ਟੂਰਨਾਮੈਂਟ 11 ਜੂਨ ਤੋਂ ਸ਼ੁਰੂ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਪਠਾਨਕੋਟ ਦੇ ਸਕੱਤਰ ਸੰਨੀ ਮਹਾਜਨ ਨੇ ਦੱਸਿਆ ਕਿ ਇਹ ਟੂਰਨਾਮੈਂਟ 11 ਜੂਨ ਨੂੰ ਗੁਰਦਾਸਪੁਰ ਬਨਾਮ ਪਠਾਨਕੋਟ, 15 ਜੂਨ ਨੂੰ ਤਰਨ ਤਾਰਨ ਬਨਾਮ ਪਠਾਨਕੋਟ, 17 ਜੂਨ ਨੂੰ ਜਲੰਧਰ ਬਨਾਮ ਪਠਾਨਕੋਟ ਅਤੇ 19 ਜੂਨ ਨੂੰ ਅੰਮ੍ਰਿਤਸਰ ਬਨਾਮ ਪਠਾਨਕੋਟ ਹੋਵੇਗਾ। ਸਕੱਤਰ ਸੰਨੀ ਮਹਾਜਨ ਨੇ ਕਿਹਾ ਕਿ ਇਹ ਪਹਿਲ ਇਸ ਖੇਤਰ ਵਿੱਚ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਹੈ। ਪਠਾਨਕੋਟ ਕ੍ਰਿਕਟ ਐਸੋਸੀਏਸ਼ਨ ਨੇ ਸੰਗਠਿਤ ਟਰਾਇਲ ਅਤੇ ਤੀਬਰ ਸਿਖਲਾਈ ਕੈਂਪ ਲਗਾ ਕੇ ਇਸ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਇਹ ਕੈਂਪ ਮਾਹਿਰਾਂ ਦੀ ਅਗਵਾਈ ਹੇਠ ਖਿਡਾਰੀਆਂ ਦੇ ਹੁਨਰ ਵਿਕਾਸ ਅਤੇ ਖੇਡ ਰਣਨੀਤੀ ’ਤੇ ਕੇਂਦਰਿਤ ਕਰਦੇ ਹਨ।