ਅੰਗ ਦਾਨ ਨਾਲ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ: ਔਲਖ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਪੰਜਾਬ ਭਰ ’ਚ ਅੰਗ ਦਾਨ ਜਾਗਰੂਕਤਾ ਮੁਹਿੰਮ ਦੇ ਸੰਚਾਲਕ ਡਾ. ਬਲਦੇਵ ਸਿੰਘ ਔਲਖ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਖੂਨਦਾਨ ਵਾਂਗ ਰਾਜ ਭਰ ’ਚ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਅੰਗ ਦਾਨ ਕਰਨ ਦੇ ਜਜ਼ਬੇ ਨੂੰ ਉਭਾਰਨ ਦੀ ਵੱਡੀ ਲੋੜ ਹੈ ਤਾਂ ਕਿ ਹਰ ਵਰ੍ਹੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਮਨਾਂ ’ਚ ਪੜ੍ਹਾਈ ਦੌਰਾਨ ਹੀ ਇਸ ਦਾਨ ਦੀ ਭਾਵਨਾ ਨੂੰ ਜਗਾਉਣ ਲਈ ਅੰਗਦਾਨ, ਸਰੀਰ ਦਾਨ ਸਬੰਧੀ ਪਾਠਕ੍ਰਮ ਸਿਲੇਬਸ ’ਚ ਸ਼ਾਮਲ ਕੀਤੇ ਜਾਣ। ਡਾ. ਔਲਖ ਅੱਜ ਵੁਆਇਸ ਆਫ਼ ਮਾਨਸਾ ਵੱਲੋਂ ਇਥੇ ਬੱਚਤ ਭਵਨ ਵਿਖੇ ਕਰਵਾਏ ਗਏ ਇਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਹਰ ਵਰ੍ਹੇ ਭਾਰਤ ’ਚ ਲੋੜੀਂਦੇ ਅਹਿਮ ਅੰਗ ਨਾਲ ਮਿਲਣ ਕਾਰਨ 5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਪੌਣੇ 2 ਲੱਖ ਲੋਕਾਂ ਨੂੰ ਕਿਡਨੀ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ,ਪਰ ਮਿਲਦੇ 8 ਤੋਂ 10 ਹਜ਼ਾਰ ਹਨ। ਇਸੇ ਤਰ੍ਹਾਂ 1 ਲੱਖ ਲੋਕਾਂ ਲਈ ਲਿਵਰ ਦੇ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਹੋਰਨਾਂ ਅੰਗਾਂ ਦੀ ਲੋੜ ਦੀ ਗਿਣਤੀ ਵੱਡੀ ਹੈ,ਪਰ ਅੰਗਦਾਨ ਦੀ ਕਮੀ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ।
ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪੰਜਾਬ ’ਚ ਦਾਨੀਆਂ ਦੀ ਕੋਈ ਕਮੀ ਨਹੀਂ, ਪੰਜਾਬੀਆਂ ਨੇ ਹਰ ਖੇਤਰ ’ਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋੜੀਂਦੀ ਜਾਣਕਾਰੀ ਦੇਣ ਦੀ ਲੋੜ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ,ਡਾ. ਜਬਰਜੰੰਗ ਸਿੰਘ ਸਿੱਧੂ, ਡਾ.ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਅੰਗ ਦਾਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੁਆਇਸ ਆਫ਼ ਮਾਨਸਾ ਵੱਲੋਂ ਪਿੰਡਾਂ, ਸ਼ਹਿਰਾਂ ਦੇ ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਆਮ ਲੋਕਾਂ ਨੂੰ ਅੰਗਦਾਨ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।