ਪਵਨ ਕੁਮਾਰ ਵਰਮਾਧੂਰੀ, 12 ਮਾਰਚਪੈਨਸ਼ਨ ਵਧਾਉਣ ਅਤੇ ਹੋਰ ਮੰਗਾਂ ਮੰਨਵਾਉਣ ਲਈ ਦਿਵਿਆਂਗਜਨ ਅੰਗਹੀਣ ਏਕਤਾ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੰਗਹੀਣਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਲਾਭ ਸਿੰਘ, ਪ੍ਰਦੀਪ ਕੁਮਾਰ, ਮਹਿੰਦਰ ਸਿੰਘ ਤੇ ਸੁਮਨ ਕੌਰ ਆਦਿ ਨੇ ਕਿਹਾ ਕਿ ਉਹ ਦਿਵਿਆਂਗ ਹੋਣ ਕਾਰਨ ਨੌਕਰੀ ਕਰਨ ਤੋਂ ਅਸਮਰੱਥ ਹਨ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਨੌਕਰੀ ਦਿੰਦਾ ਹੈ। ਇਸ ਕਾਰਨ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਨ੍ਹਾਂ ਮੰਗ ਕੀਤੀ ਕਿ ਤਰਸ ਦੇ ਆਧਾਰ ’ਤੇ ਵਿਧਵਾ ਤੇ ਬੁਢਾਪਾ ਪੈਨਸ਼ਨ ਵਰਗ ਤੋਂ ਵੱਖ ਕਰ ਕੇ 5000 ਰੁਪਏ ਪੈਨਸ਼ਨ ਦਿੱਤੀ ਜਾਵੇ। ਇਸ ਤੋਂ ਇਲਾਵਾ ਰੀੜ੍ਹ ਦੀ ਹੱਡੀ ਟੁੱਟਣ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਵਿਅਕਤੀਆਂ ਨੂੰ 8000 ਰੁਪਏ ਫਸਟ ਏਡ ਪ੍ਰਤੀ ਮਹੀਨਾ ਤੇ ਦਿਵਿਆਂਗਾਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਦਿਵਿਆਂਗਾਂ ਨੂੰ ਸਵੈ- ਰੁਜ਼ਗਾਰ ਲਈ ਬਗੈਰ ਗਾਰੰਟੀ ਤੇ ਬਿਨਾਂ ਵਿਆਜ ਘੱਟੋ-ਘੱਟ 2 ਲੱਖ ਦਾ ਆਸਾਨ ਕਿਸ਼ਤਾਂ ’ਤੇ ਕਰਜ਼ਾ ਸਮੇਤ ਹੋਰ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਇਸ ਦੌਰਾਨ ਤਹਿਸੀਲਦਾਰ ਵਿਜੇ ਕੁਮਾਰ ਪ੍ਰਦਰਸ਼ਨਕਾਰੀਆਂ ’ਚ ਪੁੱਜੇ ਅਤੇ ਮੰਗ ਪੱਤਰ ਲੈ ਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ।