ਐਨਹਾਂਸਮੈਂਟ ਖਰਚਾ: ਸੈਕਟਰ-76 ਤੋਂ 80 ਦੇ ਬਾਸ਼ਿੰਦਿਆਂ ਨੂੰ ਰਾਹਤ ਦੀ ਆਸ ਬੱਝੀ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 10 ਜੂਨ
ਇੱਥੋਂ ਦੇ ਸੈਕਟਰ 76-80 ਦੇ ਅਲਾਟੀਆਂ ਨੂੰ ਵੱਡੀ ਰਾਹਤ ਦਿੰਦਿਆਂ ਗਮਾਡਾ ਐਨਹਾਂਸਮੈਂਟ ਰਾਸ਼ੀ ਘਟਾਉਣ ਲਈ ਸਹਿਮਤ ਹੋ ਗਿਆ ਹੈ। ਇਹ ਸਹਿਮਤੀ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨਾਲ ਹੋਈ ਮੀਟਿੰਗ ਵਿੱਚ ਬਣੀ। ਦੱਸਣਯੋਗ ਹੈ ਕਿ ਗਮਾਡਾ ਵੱਲੋਂ ਐਨਹਾਂਸਮੈਂਟ ਖਰਚਾ ਜਮ੍ਹਾਂ ਕਰਵਾਉਣ ਲਈ ਸੈਕਟਰ 76-80 ਦੇ ਅਲਾਟੀਆਂ ਨੂੰ ਨੋਟਿਸ ਦਿੱਤੇ ਗਏ ਸਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਮਗਰੋਂ ਹੁਣ ਗਮਾਡਾ ਨੇ ਐਨਹਾਂਸਮੈਂਟ ਖ਼ਰਚੇ ਨੂੰ 839 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਘਟਾਉਣ ਦਾ ਭਰੋਸਾ ਦਿੱਤਾ ਹੈ ਅਤੇ ਅਥਾਰਿਟੀ ਛੇਤੀ ਹੀ ਪ੍ਰਵਾਨਗੀ ਲੈਣ ਲਈ ਕੇਸ ਤਿਆਰ ਕਰਕੇ ਪੇਸ਼ ਕਰੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਸੈਕਟਰ 76-80 ਦੇ ਅਲਾਟੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜਿਨ੍ਹਾਂ ਅਲਾਟੀਆਂ ਨੇ ਨੋਟਿਸ ਜਾਰੀ ਹੋਣ ਤੋਂ ਬਾਅਦ ਐਨਹਾਂਸਮੈਂਟ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਹੈ, ਉਨ੍ਹਾਂ ਤੋਂ ਕੋਈ ਜੁਰਮਾਨਾ/ਵਿਆਜ ਨਹੀਂ ਵਸੂਲਿਆ ਜਾਵੇਗਾ, ਜਿਨ੍ਹਾਂ ਲੋਕਾਂ ਨੇ ਨੋਟਿਸਾਂ ਦੇ ਜਵਾਬ ਵਿੱਚ ਇਹ ਰਾਸ਼ੀ ਅਦਾ ਕਰ ਦਿੱਤੀ ਹੈ, ਉਨ੍ਹਾਂ ਦੀ ਵਾਧੂ ਰਾਸ਼ੀ ਐਡਜਸਟ/ਰਿਫੰਡ ਕੀਤੀ ਜਾਵੇਗੀ। ਇਸ ਸਬੰਧੀ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ-76 ਤੋਂ 80 ਦੇ ਮੈਂਬਰਾਂ ਦੀ ਵਾਧੂ ਵਸੂਲੀ ਵਿੱਚ ਕਟੌਤੀ ਦੇ ਮੁੱਦੇ ’ਤੇ ਪੁੱਡਾ ਭਵਨ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਹੋਈ ਮੀਟਿੰਗ ਸਫ਼ਲ ਰਹੀ।