ਆਖ਼ਰ ਕਸ਼ਮੀਰ ਦੇਸ਼ ਦੇ ਰੇਲ ਨੈੱਟਵਰਕ ਨਾਲ ਜੁੜਿਆ: ਫ਼ਾਰੂਕ ਅਬਦੁੱਲਾ
ਜੰਮੂ/ਸ੍ਰੀਨਗਰ, 10 ਜੂਨ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਪਹਿਲੀ ਵਾਰ ਸ੍ਰੀਨਗਰ ਤੋਂ ਕਟੜਾ ਤੱਕ ਸ਼ੁਰੂ ਹੋਈ ਵੰਦੇ ਭਾਰਤ ਰੇਲਗੱਡੀ ਵਿੱਚ ਯਾਤਰਾ ਕੀਤੀ ਅਤੇ ਕਿਹਾ ਕਿ ਉਹ ਇਹ ਦੇਖ ਕੇ ਬਹੁਤ ਖੁਸ਼ ਹਨ ਕਿ ਕਸ਼ਮੀਰ ਆਖਰਕਾਰ ਦੇਸ਼ ਦੇ ਰੇਲ ਨੈੱਟਵਰਕ ਨਾਲ ਜੁੜ ਗਿਆ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰਨਾਥ ਯਾਤਰੀ ਰੇਲਗੱਡੀ ਦੀ ਵਰਤੋਂ ਕਰਨਗੇ। ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਜੂਨ ਨੂੰ ਕਟੜਾ ਤੋਂ ਸ੍ਰੀਨਗਰ ਅਤੇ ਸ੍ਰੀਨਗਰ ਤੋਂ ਕਟੜਾ ਲਈ ਦੋ ਵੰਦੇ ਭਾਰਤ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ ਸੀ। ਇਸ ਨਾਲ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ 272 ਕਿਲੋਮੀਟਰ ਲੰਬੇ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਦਾ ਨਿਰਮਾਣ ਪੂਰਾ ਹੋ ਗਿਆ ਹੈ।
ਅਬਦੁੱਲਾ ਸਵੇਰੇ ਸ੍ਰੀਨਗਰ ਦੇ ਨੌਗਾਮ ਰੇਲਵੇ ਸਟੇਸ਼ਨ ਤੋਂ ਇੱਕ ਰੇਲਗੱਡੀ ਵਿੱਚ ਚੜ੍ਹ ਕੇ ਕਟੜਾ ਪਹੁੰਚੇ, ਜਿੱਥੇ ਉਪ ਮੁੱਖ ਮੰਤਰੀ ਸੁਰੇਂਦਰ ਚੌਧਰੀ ਅਤੇ ਨੈਸ਼ਨਲ ਕਾਨਫਰੰਸ ਦੀ ਜੰਮੂ ਇਕਾਈ ਦੇ ਪ੍ਰਧਾਨ ਰਤਨ ਲਾਲ ਗੁਪਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਬਦੁੱਲਾ ਨੇ ਰੇਲਗੱਡੀ ਤੋਂ ਉਤਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਕਸ਼ਮੀਰ ਨੂੰ ਦੇਸ਼ ਦੇ ਰੇਲ ਨੈੱਟਵਰਕ ਨਾਲ ਜੁੜਿਆ ਦੇਖ ਕੇ ਬਹੁਤ ਖੁਸ਼ ਹਾਂ। ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਹਨ। ਮੈਂ ਇੰਜਨੀਅਰਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ।’ ਉਨ੍ਹਾਂ ਨੇ ਰੇਲ ਸੇਵਾ ਨੂੰ ਲੋਕਾਂ ਲਈ ਸਭ ਤੋਂ ਵੱਡੀ ਜਿੱਤ ਦੱਸਿਆ ਕਿਉਂਕਿ ਇਹ ਉਨ੍ਹਾਂ ਦੀ ਯਾਤਰਾ ਸੌਖੀ ਬਣਾਏਗੀ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਏਗੀ ਅਤੇ ਦੋਵਾਂ ਖੇਤਰਾਂ ਵਿਚਾਲੇ ‘ਪਿਆਰ ਅਤੇ ਦੋਸਤੀ’ ਨੂੰ ਵੀ ਮਜ਼ਬੂਤ ਕਰੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪੁੱਤਰ ਜ਼ਮੀਰ ਅਤੇ ਜ਼ਹੀਰ, ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ, ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਅਤੇ ਨੈਸ਼ਨਲ ਕਾਨਫਰੰਸ ਦੇ ਮੁੱਖ ਤਰਜਮਾਨ ਤਨਵੀਰ ਸਾਦਿਕ ਨੇ ਵੀ ਫਾਰੂਕ ਅਬਦੁੱਲਾ ਨਾਲ ਰੇਲ ਯਾਤਰਾ ਕੀਤੀ। -ਪੀਟੀਆਈ