ਹਰਪ੍ਰੀਤ ਕੌਰਉਹ ਸੋਹਣੀ ਸੁਨੱਖੀ ਅਤੇ ਉੱਚੀ ਲੰਮੀ ਮੁਟਿਆਰ ਸੀ, ਹੱਥ ਲਾਇਆਂ ਮੈਲੀ ਹੁੰਦੀ ਸੀ। ਉਹਨੂੰ ਵੀ ਆਪਣੇ ਸੁਹੱਪਣ ਅਤੇ ਗੋਰੇ ਰੰਗ ਉੱਤੇ ਬੜਾ ਮਾਣ ਸੀ ਪਰ ਉਸ ਦਾ ਨਾਤਾ ਪੱਕੇ ਰੰਗ ਦੇ ਨੌਜਵਾਨ ਨਾਲ ਜੁੜ ਗਿਆ ਜੋ ਉਸ ਦੇ ਸੁਹੱਪਣ ਮੂਹਰੇ ‘ਫਿੱਕਾ’ ਹੀ ਸੀ। ਉਨ੍ਹਾਂ ਦੇ ਘਰ ਦੋ ਜਵਾਕ ਹੋਏ। ਧੀ ਉਸ ਵਰਗੀ ਹੀ ਸੋਹਣੀ ਸੁਨੱਖੀ ਤੇ ਪੁੱਤ ਦੇ ਨੈਣ-ਨਕਸ਼ ਤੇ ਰੰਗ ਐਨ ਪਿਓ ਵਰਗੇ ਸਨ।ਉਹ ਨਿੱਤ ਨਵਾਂ ਸੂਟ ਪਾਉਣ ਦੀ ਸ਼ੌਕੀਨ ਸੀ। ਉਹਨੇ ਕਦੇ ਮਾੜਾ ਕੱਪੜਾ ਨਹੀਂ ਸੀ ਪਾਇਆ। ਉਹ ਅਕਸਰ ਆਪਣਾ ਸੁਹੱਪਣ ਦੂਣ-ਸਵਾਇਆ ਕਰਨ ਵਿੱਚ ਜੁਟੀ ਰਹਿੰਦੀ। ਉਹਦਾ ਪਤੀ ਵੀ ਉਹਦੇ ਸਾਰੇ ਚਾਅ ਪੁਗਾਉਂਦਾ ਸੀ ਪਰ ਇਸ ਦੇ ਬਾਵਜੂਦ ਉਹ ਉਸ ਦੀ ਕਦਰ ਨਹੀਂ ਸੀ ਕਰਦੀ। ਗੱਲਾਂ-ਗੱਲਾਂ ਵਿੱਚ ਆਪਣੀ ਅਤੇ ਆਪਣੇ ਪਤੀ ਵਿਚਾਲੇ ਫਰਕ ਵਾਲੀ ਕੋਈ ਨਾ ਕੋਈ ਗੱਲ ਕਰ ਦਿੰਦੀ। ਕਈ ਵਾਰ ਮਾਮਲਾ ਵਿਗੜਨ ਤੱਕ ਵਧ ਜਾਂਦਾ।ਸਮਾਂ ਲੰਘਿਆ, ਨਿਆਣੇ ਜਵਾਨ ਹੋ ਗਏ; ਫਿਰ ਉਨ੍ਹਾਂ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ। ਪੁੱਤ ਦੀ ਵਹੁਟੀ ਇੰਨੀ ਸੋਹਣੀ ਨਹੀਂ ਸੀ, ਉਹਦਾ ਰੰਗ ਵੀ ਪੱਕਾ ਸੀ। ਉਹ ਇਸ ਗੱਲੋਂ ਨੂੰਹ ’ਤੇ ਤਨਜ਼ ਕੱਸਦੀ ਰਹਿੰਦੀ। ਆਪਣੇ ਸੁਹੱਪਣ ਅਤੇ ਨੂੰਹ ਦੇ ਰੰਗ ਰੂਪ ’ਚ ਫ਼ਰਕ ਦਰਸਾਉਂਦੀ ਰਹਿੰਦੀ। ਕਈ ਵਾਰ ਤਾਂ ਉਹ ਇਕ-ਦੂਜੇ ਨਾਲ ਮਿਹਣੋ-ਮਿਹਣੀ ਤੱਕ ਹੋ ਜਾਂਦੀਆਂ। ਨੂੰਹ ਗੁਣਾਂ ਦੀ ਗੁਥਲੀ ਸੀ ਪਰ ਉਹ ਨੂੰਹ ਦੀ ਸੂਰਤ ਦੇ ਓਹਲੇ ਉਸ ਦੀ ਸੀਰਤ ਨੂੰ ਅਣਗੌਲਿਆਂ ਕਰ ਦਿੰਦੀ। ਕਈ ਵਾਰ ਅੱਕੀ ਨੂੰਹ ਰੱਬ ਨੂੰ ਉਲਾਂਭਾ ਦਿੰਦੀ, “ਰੱਬਾ! ਤੂੰ ਮੈਨੂੰ ਕਾਲਾ ਰੰਗ ਰੂਪ ਕਿਉਂ ਦਿੱਤਾ!”ਫਿਰ ਉਨ੍ਹਾਂ ਦੇ ਜੀਵਨ ਅੰਦਰ ਨਵਾਂ ਮੋੜ ਉਦੋਂ ਆਇਆ ਜਦੋਂ ਉਸ ਦਾ ਪਤੀ ਸ਼ੂਗਰ ਰੋਗ ਦੀ ਲਪੇਟ ਵਿੱਚ ਆ ਗਿਆ। ਇਸੇ ਦੌਰਾਨ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਬਾਂਹ ’ਤੇ ਡੂੰਘਾ ਜ਼ਖ਼ਮ ਹੋ ਗਿਆ ਜੋ ਸ਼ੂਗਰ ਕਾਰਨ ਕਾਫੀ ਦੇਰ ਤੱਕ ਭਰ ਨਾ ਸਕਿਆ। ਦਿਨਾਂ ਵਿੱਚ ਹੀ ਬਾਂਹ ਕਾਲੀ ਪੈ ਗਈ। ਇਸ ਨਾਜ਼ੁਕ ਸਮੇਂ ’ਚ ਵੀ ਉਹਦਾ ਦਿਲ ਨਾ ਪਸੀਜਿਆ ਅਤੇ ਉਹਨੇ ਆਪਣੇ ਪਤੀ ਦਾ ਬਹੁਤਾ ਖਿਆਲ ਨਾ ਰੱਖਿਆ ਸਗੋਂ ਉਹਦਾ ਜ਼ਖ਼ਮ ਦੇਖ ਕੇ ਘਿਰਣਾ ਕਰਦੀ ਅਤੇ ਆਨੇ-ਬਹਾਨੇ ਦੂਰ ਰਹਿਣ ਦਾ ਯਤਨ ਕਰਦੀ। ਪਤੀ ਨੂੰ ਇਕ ਪਾਸੇ ਬਿਮਾਰੀ ਨੇ ਘੇਰਿਆ ਹੋਇਆ ਸੀ; ਦੂਜੇ ਪਾਸੇ, ਖ਼ੁਦ ਨੂੰ ਅਣਗੌਲਿਆ ਕਰਨ ਕਰ ਕੇ ਉਹ ਤਣਾਅ ’ਚ ਰਹਿਣ ਲੱਗਿਆ। ਸਾਲ ਭਰ ਇਹੀ ਵਿਹਾਰ-ਵਰਤਾਰਾ ਚੱਲਦਾ ਰਿਹਾ। ਇਸ ਦੌਰਾਨ ਨੂੰਹ ਪੁੱਤ ਨੇ ਹੀ ਪਿਓ ਦੀ ਸੰਭਾਲ ਕੀਤੀ। ਅਖ਼ੀਰ ਬਿਮਾਰੀ ਨਾਲ ਜੱਦੋ-ਜਹਿਦ ਕਰਦਿਆਂ ਉਹ ਦਮ ਤੋੜ ਗਿਆ।ਪਤੀ ਦੀ ਮੌਤ ਤੋਂ ਬਾਅਦ ਸਾਰਾ ਕੁਝ ਹੀ ਬਦਲ ਗਿਆ। ਜਿਸ ਦੇ ਸਿਰ ’ਤੇ ਉਹ ਮੜਕ ਨਾਲ ਰਹਿੰਦੀ ਸੀ, ਹੁਣ ਉਹ ਸਭ ਕੁਝ ਖ਼ਤਮ ਹੋ ਚੁੱਕਿਆ ਸੀ। ਘਰ ਵਿੱਚ ਉਸ ਦੀ ਵੁੱਕਤ ਵੀ ਘਟ ਗਈ। ਪੁੱਤ-ਨੂੰਹ ਵੀ ਉਸ ਵੱਲ ਜ਼ਿਆਦਾ ਤਵੱਜੋ ਨਹੀਂ ਸਨ ਦਿੰਦੇ। ਉਹਨੂੰ ਆਪਣੇ ਪਤੀ ਦੀ ਅਹਿਮੀਅਤ ਦਾ ਅਹਿਸਾਸ ਹੋਣ ਲੱਗਿਆ ਪਰ ਵਕਤ ਤਾਂ ਬੀਤ ਚੁੱਕਾ ਸੀ।ਇਸ ਦਰਮਿਆਨ ਇਕ ਹੋਰ ਭਾਣਾ ਵਾਪਰ ਗਿਆ, ਉਹ ਵੀ ਸ਼ੂਗਰ ਦੀ ਮਰੀਜ਼ ਹੋ ਗਈ। ਉਸ ਦੀ ਬਾਂਹ ’ਤੇ ਅਜਿਹਾ ਜ਼ਖ਼ਮ ਹੋਇਆ, ਜੋ ਮੁੜ ਭਰਿਆ ਹੀ ਨਾ। ਇਸ ਔਖੀ ਘੜੀ ਵਿੱਚ ਉਸ ਦੀ ‘ਕਾਲੀ ਕਲੂਟੀ’ ਨੂੰਹ ਨੇ ਹੀ ਉਸ ਦੀ ਬਾਂਹ ਫੜੀ। ਨੂੰਹ-ਪੁੱਤ ਉਸ ਦਾ ਪੂਰਾ ਧਿਆਨ ਰੱਖਦੇ, ਵੇਲੇ ਸਿਰ ਰੋਟੀ-ਪਾਣੀ ਦਿੰਦੇ ਤੇ ਦਵਾਈ-ਬੂਟੀ ਕਰਦੇ। ਨੂੰਹ ਨੇ ਇੰਨਾ ਕੁਝ ਝੱਲ ਕੇ ਵੀ ਉਸ ਦੀ ਸੇਵਾ-ਸੰਭਾਲ ਵਿੱਚ ਕੋਈ ਕਮੀ ਨਾ ਛੱਡੀ। ਬੇਵਸੀ ਦੇ ਆਲਮ ਵਿੱਚ ਉਹਨੂੰ ਹੁਣ ਆਪਣੀ ਨੂੰਹ ‘ਰਾਣੀ’ ਜਾਪਣ ਲੱਗੀ, ਉਹ ਲੋਕਾਂ ਕੋਲ ਉਹਦੇ ਸੋਹਲੇ ਗਾਉਣ ਲੱਗ ਪਈ।ਅਖ਼ੀਰ ਉਹਨੂੰ ਆਪਣੀ ਗ਼ਲਤੀ ਦਾ ਅਹਿਸਾਸ ਤਾਂ ਹੋ ਗਿਆ ਪਰ ਸਮਾਂ ਲੰਘ ਚੁੱਕਾ ਸੀ। ਹੁਣ ਉਹਨੂੰ ਪਤੀ ਦੀ ਕੀਤੀ ਬੇਕਦਰੀ ਦਾ ਝੋਰਾ ਵੱਢ-ਵੱਢ ਖਾ ਰਿਹਾ ਸੀ। ਉਹ ਉਸ ਇਨਸਾਨ ਦੀ ਅੰਦਰੂਨੀ ਖ਼ੂਬਸੂਰਤੀ ਦੇ ਦੀਦਾਰ ਕਰਨ ਤੋਂ ਖੁੰਝ ਗਈ ਸੀ।