For the best experience, open
https://m.punjabitribuneonline.com
on your mobile browser.
Advertisement

ਅਹਿਸਾਸ

04:13 AM Jan 26, 2025 IST
ਅਹਿਸਾਸ
Advertisement

ਜਗਦੀਸ਼ ਕੌਰ ਮਾਨ

Advertisement

ਮੇਰੇ ਗੁਆਂਢੀਆਂ ਦੇ ਘਰ ਵਿਆਹ ਹੈ। ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਮਹਿਮਾਨ ਸਜ ਧਜ ਕੇ ਆ ਰਹੇ ਹਨ। ਨਾਨਕਾ ਮੇਲ ਰਾਤ ਦਾ ਆਇਆ ਹੋਇਆ ਹੈ। ਕੁੜੀਆਂ ਕੱਤਰੀਆਂ ਨੇ ਨੱਚ ਨੱਚ ਕੇ ਘਰ ਵਾਲਿਆਂ ਦਾ ਵਿਹੜਾ ਪੁੱਟ ਛੱਡਿਆ ਹੈ। ਗੱਲ ਗੱਲ ’ਤੇ ਹਾਸੜ ਪੈ ਰਹੀ ਹੈ। ਸੋਹਣੇ ਸੋਹਣੇ ਨਵੇਂ ਕੱਪੜੇ ਪਾਈ ਫਿਰਦੇ ਨਿਆਣੇ ਖ਼ੁਸ਼ੀ ਨਾਲ ਚਾਂਭੜਾਂ ਮਾਰ ਰਹੇ ਹਨ।ਦਾਰੂ ਦੇ ਸ਼ੌਕੀਨ ਗੱਭਰੂ ਆਪਣੀ ਵੱਖਰੀ ਹੀ ਮਹਿਫ਼ਿਲ ਸਜਾਈ ਬੈਠੇ ਹਨ। ਨੌਜਵਾਨ ਕੁੜੀਆਂ ਵਹੁਟੀਆਂ ਲੋਹ ’ਤੇ ਰੋਟੀਆਂ ਲਾਹ ਰਹੀਆਂ ਹਨ। ਹਲਵਾਈ ਦੀ ਭੱਠੀ ਤੋਂ ਸਬਜ਼ੀਆਂ ਤੇ ਮਠਿਆਈਆਂ ਦੀ ਰਲੀ ਮਿਲੀ ਵਾਸ਼ਨਾ ਮੇਰੇ ਵਿਹੜੇ ਅੰਦਰ ਲੰਘ ਕੇ ਮੇਰੀਆਂ ਨਾਸਾਂ ਨਾਲ ਛੇੜਖਾਨੀਆਂ ਕਰ ਰਹੀ ਹੈ। ਵਿਆਹ ਵਾਲੇ ਘਰੋਂ ਤੀਵੀਂਆਂ ਦੇ ਗੀਤ ਗਾਉਣ ਦੀ ਆਵਾਜ਼ ਮੇਰੇ ਕੰਨਾਂ ਰਾਹੀਂ ਲੰਘ ਕੇ ਮੇਰੇ ਧੁਰ ਅੰਦਰ ਪਹੁੰਚਣ ਲਈ ਕਾਹਲੀ ਪਈ ਹੋਈ ਹੈ,
ਪਿੱਪਲਾ! ਤੂੰ ਵੱਡਾ ਸਰਦਾਰ,
ਟਾਹਣਿਆਂ ਦੇ ਬਾਝੋਂ ਤੇਰਾ ਸਰਦਾ ਵੀ ਨਾਹੀਂ
ਪੱਤਿਆਂ ਨੇ ਛਹਿਬਰ ਲਾਈ ਵੇ ਹੋ...
ਗੀਤ ਦੇ ਬੋਲਾਂ ਦੇ ਅਰਥ ਸਮਝ ਕੇ ਚੌਂਕ ਉੱਠਦਾ ਹਾਂ। ਮਨ ’ਚ ਕਈ ਤਰ੍ਹਾਂ ਦੇ ਸਵਾਲ ਜਵਾਬ ਸਿਰ ਚੁੱਕਦੇ ਹਨ। ‘ਕਿਤੇ ਇਹ ਗੀਤ ਮੈਨੂੰ ਸੁਣਾ ਕੇ ਸ਼ਰਾਰਤ ਵਜੋਂ ਤਾਂ ਨਹੀਂ ਗਾਇਆ ਜਾ ਰਿਹਾ?’ ਮੈਂ ਆਪਣੇ ਆਪ ਨੂੰ ਸਵਾਲ ਕਰਦਾ ਹਾਂ, ‘ਨਹੀਂ ਨਹੀਂ! ਗਾਉਣ ਵਾਲੀਆਂ ਦਾ ਮੇਰੇ ਨਾਲ ਕਿਹੜਾ ਕੋਈ ਸ਼ਰੀਕਾ ਏ, ਵਿਆਹਾਂ ’ਚ ਤਾਂ ਜ਼ਨਾਨੀਆਂ ਜੋ ਕੁਝ ਵੀ ਚਿੱਤ ’ਚ ਆਵੇ ਗਾਉਂਦੀਆਂ ਨੇ, ਵਹਿਮ ਲੱਗਿਆ ਏ ਮੈਨੂੰ, ਚੋਰ ਨੂੰ ਆਪਣਾ ਹੀ ਪਾਲਾ ਮਾਰਦਾ ਹੁੰਦੈ!’ ਬੋਲ ਫਿਰ ਕਾਇਨਾਤ ਵਿੱਚ ਗੂੰਜਦੇ ਹਨ:
ਬਾਬਾ ਤੂੰ ਵੱਡਾ ਸਰਦਾਰ,
ਪੁੱਤਰਾਂ ਦੇ ਬਾਝੋਂ ਤੇਰਾ ਸਰਦਾ ਵੀ ਨਾਹੀਂ
ਪੋਤਿਆਂ ਨੇ ਛਹਿਬਰ ਲਾਈ ਵੇ ਹੋ...
ਗੀਤ ਦੇ ਬੋਲ ਕੱਚ ਦੀਆਂ ਕਿਰਚਾਂ ਵਾਂਗ ਦਿਲ ਵਿੱਚ ਖੁੱਭ ਜਾਂਦੇ ਹਨ।ਵਹਿਮ ਵਿਸ਼ਵਾਸ ਵਿੱਚ ਬਦਲ ਰਿਹਾ ਹੈ ਕਿ ਇਹ ਗੀਤ ਮੈਨੂੰ ‘ਰੜਕਾ’ ਕੇ ਗਾਇਆ ਜਾ ਰਿਹੈ। ਇਹ ਕਿਹੜੀ ਹੋਈ ਜੀਹਨੇ ਇਹ ਗੀਤ ਗਾਉਣ ਦੀ ਸਲਾਹ ਦਿੱਤੀ ਹੋਵੇਗੀ। ਸ਼ਾਮੋ, ਗਾਮੋ, ਕਿਸ਼ਨੋ, ਸੰਤੀ, ਨਰੈਣੀ ਸ਼ਰੀਕੇ ਵਿੱਚੋਂ ਕਿੰਨੀਆਂ ਸਾਰੀਆਂ ਬੁੜ੍ਹੀਆਂ ਦੇ ਨਾਂ ਦਿਮਾਗ਼ ਵਿੱਚ ਆਉਂਦੇ ਹਨ, ਪਰ ਇਨ੍ਹਾਂ ਗਾਉਣ ਵਾਲੀਆਂ ’ਚੋਂ ਤਾਂ ਕਿਸੇ ਦੀ ਆਵਾਜ਼ ਉਨ੍ਹਾਂ ਨਾਲ ਨਹੀਂ ਮਿਲਦੀ। ਇਹ ਤਾਂ ਓਪਰੀਆਂ ਜ਼ਨਾਨੀਆਂ ਦੀਆਂ ਆਵਾਜ਼ਾਂ ਹਨ। ਸ਼ਾਇਦ ਮੇਲ ’ਚ ਆਈਆਂ ਵਿਆਹ ਵਾਲੇ ਮੁੰਡੇ ਦੀਆਂ ਮਾਮੀਆਂ ਮਾਸੀਆਂ ਹੋਣ।
ਉਦਾਸ ਪ੍ਰੇਸ਼ਾਨ ਤਾਂ ਮੈਂ ਪਹਿਲਾਂ ਹੀ ਬਥੇਰਾ ਰਹਿੰਦਾ ਹਾਂ, ਪਰ ਇਸ ਗੀਤ ਦੇ ਬੋਲਾਂ ਨੇ ਸੁੱਤੀਆਂ ਕਲਾਂ ਜਗਾ ਦਿੱਤੀਆਂ ਹਨ। ਮਨ ’ਚੋਂ ਦਰਦ ਭਰੀ ਹੂਕ ਉੱਠਦੀ ਹੈ, ‘‘ਜਤਿੰਦਰਾ! ਸਹੁਰੀ ਦਿਆ! ਮੈਂ ਵੀ ਤੇਰਾ ਵਿਆਹ ਇਉਂ ਹੀ ਚਾਵਾਂ ਲਾਡਾਂ ਨਾਲ ਕਰਨਾ ਸੀ। ਇਸੇ ਤਰ੍ਹਾਂ ਨਾਨਕਾ ਮੇਲ ਆਉਣਾ ਸੀ, ਲਾਗੀਆਂ ਨੇ ਮੈਨੂੰ ਵਧਾਈਆਂ ਦੇਣੀਆਂ ਸਨ, ਘਰੇ ਕੜਾਹੀ ਚੜ੍ਹਨੀ ਸੀ, ਦਰਜ਼ੀ ਨੇ ਆਪਣੇ ਵਿਹੜੇ ਵਿੱਚ ਮਸ਼ੀਨ ਡਾਹ ਕੇ ਵਹੁਟੀ ਦੀ ਵਰੀ ਦੇ ਸੂਟ ਸਿਉਣੇ ਸਨ। ਇਸੇ ਬਹਾਨੇ ਆਪਣੇ ਸੁੰਨੇ ਵਿਹੜੇ ਵਿੱਚ ਆਂਢ-ਗੁਆਂਢ ਦੀਆਂ ਕੁੜੀਆਂ ਕੱਤਰੀਆਂ ਨੇ ਜੁੜ ਕੇ ਬੈਠਣਾ ਸੀ। ਉਨ੍ਹਾਂ ਵਹੁਟੀ ਦੇ ਦੁਪੱਟਿਆਂ ਨੂੰ ਗੋਟੇ ਕਿਨਾਰੀਆਂ ਲਾਉਣੀਆਂ ਸਨ। ਦਰਜ਼ੀ ਨੂੰ ਵਹੁਟੀ ਦੇ ਸੂਟਾਂ ਦੇ ਗਲੇ ਤੇ ਪਹੁਚਿਆਂ ਦੇ ਨਮੂਨੇ ਦੱਸਣੇ ਸਨ। ਗਿੱਧੇ ਪੈਣੇ ਸਨ। ਮੁੰਡਿਆਂ ਨੇ ਭੰਗੜੇ ਪਾਉਣੇ ਸਨ। ਤੈਨੂੰ ਸਿਹਰਾ ਬੱਝਣਾ ਸੀ। ਫੁੱਲਾਂ ਵਾਲੀ ਕਾਰ ਵਿੱਚ ਮੈਂ ਵੀ ਸਜ ਧਜ ਕੇ ਤੇਰੇ ਨਾਲ ਬੈਠਣਾ ਸੀ। ਧੀ ਵਾਲਿਆਂ ਦੇ ਘਰ ਢੁੱਕ ਕੇ ਮੈਂ ਪੈਸਿਆਂ ਦੀ ਸੋਟ ਕਰਦੇ ਨੇ ਬੱਸ ਨਹੀਂ ਸੀ ਕਰਨੀ। ਇਸ ਵੀਰਾਨ ਘਰ ਵਿੱਚ ਵੀ ਝਾਂਜਰਾਂ ਛਣਕਣੀਆਂ ਸਨ। ਤੇਰੇ ਨਾਲ ਤੁਰੀ ਜਾਂਦੀ ਸਰੂ ਦੇ ਬੂਟੇ ਵਰਗੀ ਲੰਮੀ ਝੰਮੀ ਵਹੁਟੀ ਨੂੰ ਵੇਖ ਕੇ ਸੱਥ ’ਚ ਬੈਠੇ ਬੰਦਿਆਂ ਨੇ ਕਿਹਾ ਕਰਨਾ ਸੀ, ‘ਸ. ਭਰਪੂਰ ਸਿੰਘ ਬਰਾੜ ਦੇ ਨੂੰਹ ਪੁੱਤ ਜਾਂਦੇ ਨੇ ਬਈ’, ਪਰ ਮੇਰੇ ਭਾਗਾਂ ਵਿੱਚ ਕਿੱਥੇ ਸੀ ਇਹ ਸਭ ਕੁਝ?’’ ਇੱਕ ਹਾਉਕਾ ਮੇਰੇ ਹੋਠਾਂ ’ਚੋਂ ਨਿਕਲ ਕੇ ਗੁਆਂਢੀਆਂ ਦੇ ਘਰੋਂ ਆਉਂਦੀ ਮਿੱਠੀ ਮਹਿਕ ਵਿੱਚ ਰਲ ਗਿਆ।
ਤਿੰਨ ਕੁੜੀਆਂ ਤੇ ਤਿੰਨ ਮੁੰਡੇ ਨੇ ਮੇਰੇ ਗੁਆਂਢੀ ਦੇ। ਉਸ ਦੇ ਘਰ ਇਹ ਛੇਕੜਲਾ ਵਿਆਹ ਹੈ। ਸਾਰੇ ਧੀਆਂ ਪੁੱਤਰ ਮੇਰੇ ਜਤਿੰਦਰ ਵਾਂਗ ਸੋਹਣੇ ਸੁਨੱਖੇ। ਇੱਕ ਤੋਂ ਇੱਕ ਚੜ੍ਹਵਾਂ। ਪੁੱਤਾਂ ਵਰਗੇ ਜਵਾਈ ਸਹੇੜੇ ਹਨ ਤੇ ਪੂਤਲੀਆਂ ਵਰਗੀਆਂ ਨੂੰਹਾਂ ਘਰ ਆਈਆਂ ਹਨ। ਪਤਾ ਹੀ ਨਹੀਂ ਲਗਦਾ ਕਿ ਕਿਹੜੀ ਨੂੰਹ ਹੈ ਤੇ ਕਿਹੜੀ ਧੀ? ਇੱਕੋ ਜਿਹੀਆਂ ਲੰਮੀਆਂ ਲੰਝੀਆਂ, ਗੋਰੀਆਂ ਚਿੱਟੀਆਂ, ਚੰਬੇ ਦੀਆਂ ਕਲੀਆਂ ਵਰਗੀਆਂ, ਭਾਈ ਭਾਗਾਂ ਵਾਲਾ ਏ ਮੇਰਾ ਇਹ ਗਵਾਂਢੀ, ਕੋਈ ਮੋਤੀ ਪੁੰਨ...
‘‘ਤਾਇਆ ਜੀ!’’ ਬੂਹੇ ’ਚੋਂ ਆਈ ਆਵਾਜ਼ ਮੇਰੀ ਸੋਚ ਲੜੀ ਤੋੜ ਦਿੰਦੀ ਹੈ। ਦਰਵਾਜ਼ੇ ਵੱਲ ਨਜ਼ਰ ਮੋੜਦਾ ਹਾਂ। ਗੁਆਂਢੀ ਦੀ ਕੁੜੀ ਤੇ ਨੂੰਹ ਰੋਟੀ ਵਾਲਾ ਥਾਲ ਲਈ ਖੜ੍ਹੀਆਂ ਹਨ। ‘‘ਆ ਜੋ ਭਾਈ ਬੀਬਾ! ਅੰਦਰ ਲੰਘ ਆਉ।’’ ਮੈਂ ਕੁੜੀਆਂ ਨੂੰ ਸੁਲਾਹ ਮਾਰਦਾ ਹਾਂ। ਕੁੜੀ ਛੇਤੀ ਛੇਤੀ ਬੋਲਦੀ ਹੈ, ‘‘ਨਹੀਂ ਤਾਇਆ ਜੀ! ਕਾਹਲੀ ’ਚ ਹਾਂ। ਘਰੇ ਸੌ ਕੰਮ ਪਏ ਨੇ ਸੁਆਰਨ ਵਾਲੇ, ਬਾਪੂ ਜੀ ਕਹਿੰਦੇ, ਮੈਂ ਤਾਂ ਤੇਰੇ ਤਾਏ ਨੂੰ ਕੱਲ੍ਹ ਦੀ ਚੁੱਲ੍ਹੇ ਨਿਉਂਦ ਕਹੀ ਹੋਈ ਐ, ਤੁਸੀਂ ਆਏ ਈ ਨ੍ਹੀਂ ਰੋਟੀ ਖਾਣ, ਉਡੀਕ ਉਡੀਕ ਹਾਰ ਕੇ ਅਸੀਂ ਆਪ ਆਈਆਂ ਹਾਂ। ਆਹਮਣੇ ਸਾਹਮਣੇ ਤਾਂ ਬੂਹੇ ਨੇ, ਕਿਹੜਾ ਕਿਤੇ ਚੱਲ ਕੇ ਜਾਣਾ ਸੀ। ਨਾਲੇ ਬਾਪੂ ਜੀ ਨੇ ਕਿਹਾ, ਬਈ, ਕੱਲ੍ਹ ਨੂੰ ਬਾਰਾਤ ਵਾਸਤੇ ਤਿਆਰ ਰਹਿਣ।’’ ‘‘ਅੱਛਾ ਧੀਏ!’’ ਅੰਦਰੋਂ ਭਾਂਡੇ ਲਿਆ ਕੇ ਕੁੜੀਆਂ ਤੋਂ ਰੋਟੀ ਪੁਆਉਂਦਾ ਹਾਂ।
‘ਵਾਹ! ਕਿੰਨਾ ਰੂਪ ਏ ਸਹੁਰੀਆਂ ’ਤੇ!’ ਮਨ ਵਿੱਚ ਹੀ ਸੋਚਦਾ ਹਾਂ। ਜ਼ਰੀ ਦੀ ਭਾਰੀ ਕਢਾਈ ਵਾਲੇ ਲਾਲ ਸੂਹੇ ਸੂਟ, ਸੁਨਹਿਰੀ ਗੋਟੇ ਕਿਨਾਰੀਆਂ ਵਾਲੇ ਭਾਰੇ ਦੁਪੱਟੇ ਤੇ ਗਹਿਣੇ ਗੱਟਿਆਂ ਨਾਲ ਲੱਦੀਆਂ ਦੋਵੇਂ ਨਣਦ ਭਰਜਾਈ ਪਰੀਆਂ ਵਰਗੀਆਂ ਲਗਦੀਆਂ ਹਨ। ਕਦੇ ਮੇਰੇ ਵਿਹੜੇ ਵਿੱਚ ਵੀ ਇਨ੍ਹਾਂ ਵਰਗੀ ਕੁੰਦਨ ਪਰੀ ਫਿਰਦੀ ਹੁੰਦੀ ਸੀ ਛਣ ਛਣ ਕਰਦੀ। ਮਨ ਅਤੀਤ ਦੀਆਂ ਤਹਿਆਂ ਫਰੋਲਣ ਲੱਗ ਪੈਂਦਾ ਹੈ। ਨਸੀਬ ਕੁਰ ਮੇਰੇ ਦਿਲ ਦੀ ਰਾਣੀ, ਮੇਰੇ ਜਤਿੰਦਰ ਦੀ ਮਾਂ, ਸੋਹਣੇ ਰੰਗ ਰੂਪ ਪਰ ਮਾੜੇ ਭਾਗਾਂ ਵਾਲੀ, ਕਿੰਨਾ ਹੁਸੀਨ ਦਿਨ ਸੀ ਉਹ, ਜਦੋਂ ਮੈਂ ਉਸ ਨੂੰ ਵਿਆਹ ਕੇ ਲਿਆਇਆ ਸੀ। ਜੋੜੀ ਬਣੀ ਸੀ ਕਿ ਗੱਲਾਂ ਤੁਰ ਪਈਆਂ ਸਨ ਸਾਰੇ ਪਿੰਡ ’ਚ। ਮੈਂ ਵੀ ਛੈਲ ਛਬੀਲਾ ਚੋਬਰ ਤੇ ਉਹ ਵੀ ਰੱਜ ਕੇ ਸੋਹਣੀ ਮੁਟਿਆਰ। ਜਦੋਂ ਰੱਬ ਕਿਸੇ ਨੂੰ ਸੁਹੱਪਣ ਦਿੰਦਾ ਏ ਤਾਂ ਨਖਰਾ ਵੀ ਨਾਲ ਹੀ ਤੋਲ ਕੇ ਦਿੰਦਾ ਏ, ਪਰ ਉਹਨੂੰ ਭੋਲੀ ਭਾਲੀ ਜਿਹੀ ਜੋਬਨਵੰਤੀ ਨੂੰ ਤਾਂ ਜਿਵੇਂ ਆਪਣੇ ਏਨੇ ਸੁਹੱਪਣ ਦਾ ਕੋਈ ਗਰੂਰ ਹੀ ਨਹੀਂ ਸੀ। ਹਰ ਕਿਸੇ ਨਾਲ ਹੱਸ ਕੇ ਬੋਲਦੀ। ਹਰ ਬੋਲ ਨਾਲ ਮੂੰਹ ’ਚੋਂ ਫੁੱਲ ਕਿਰਦੇ। ਹੱਸਦੀ ਤਾਂ ਫੁੱਲਝੜੀਆਂ ਚੱਲਣ ਦਾ ਭੁਲੇਖਾ ਪੈਂਦਾ, ਤੁਰਦੀ ਤਾਂ ਧਰਤੀ ਹਿਲਦੀ। ਵਿਹੜੇ ’ਚ ਬੈਠੀ ਹੁੰਦੀ ਤਾਂ ਵਿਹੜਾ ਭਰਿਆ ਭਰਿਆ ਲਗਦਾ। ਮੈਂ ਤੇ ਮੇਰੀ ਬੇਬੇ ਉਸ ਦਾ ਪਲ ਦਾ ਵਿਸਾਹ ਨਾ ਕਰਦੇ। ਜਦੋਂ ਵੀ ਮੇਰੀ ਸੱਸ ਆਉਂਦੀ ਬੇਬੇ ਨੂੰ ਮਿੱਠਾ ਜਿਹਾ ਉਲਾਂਭਾ ਦਿੰਦੀ, ‘‘‘ਤੁਸੀਂ ਤਾਂ ਭੈਣ ਜੀ! ਕੁੜੀ ਨੂੰ ਦੋ ਦਿਨ ਪੇਕੀਂ ਵੀ ਨਹੀਂ ਜਾਣ ਦਿੰਦੇ ਮਿਲਣ ਗਿਲਣ, ਤੁਸੀਂ ਤਾਂ ਦੱਬਾ ਈ ਮਾਰ ਲਿਆ ਸਾਡੀ ਕੁੜੀ ’ਤੇ।’’ ‘‘ਆਹ ਬੈਠੀ ਐ, ਪੁੱਛ ਕੇ ਦੇਖ ਲੈ, ਜੇ ਜਾਂਦੀ ਐ ਤਾਂ ਲੈ ਜਾ, ਮੇਰੇ ਵੱਲੋਂ ਤਾਂ ਖੁੱਲ੍ਹੀ ਛੁੱਟੀ ਏ,’’ ਬੇਬੇ ਕੁੜਮਣੀ ਨੂੰ ਟਿੱਚਰ ਕਰਦੀ।
‘‘ਨਹੀਂ ਮਾਂ! ਅਸੀਂ ਦੋਵੇਂ ਆਵਾਂਗੇ ਕਿਸੇ ਦਿਨ ਮਿਲਣ। ਅੱਜ ਨ੍ਹੀਂ ਮੈਂ ਜਾ ਸਕਦੀ। ਮੇਰੀ ਬੇਬੇ ਜੀ ਢਿੱਲੀ ਏ ਅੱਜ।’’ ਜਦੋਂ ਉਸ ਨੂੰ ਹੋਰ ਕੋਈ ਬਹਾਨਾ ਨਾ ਲੱਭਦਾ ਤਾਂ ਇਉਂ ਕਹਿ ਕੇ ਆਪਣੀ ਮਾਂ ਨੂੰ ਟਰਕਾ ਦਿੰਦੀ। ਉਂਝ ਘਰ ਦਾ ਮਾਹੌਲ ਵੇਖ ਕੇ ਮੇਰੀ ਸੱਸ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੀ ਕਿ ਧੀ ਆਪਣੇ ਘਰ ਸੌਖੀ ਏ।
ਘਰ ਦਾ ਮਾਹੌਲ ਸੱਚਮੁੱਚ ਹੀ ਖੁਸ਼ਗਵਾਰ ਸੀ। ਨੂੰਹ ਸੱਸ ਨੂੰ ਉੱਚੀ ਬੋਲਦੀਆਂ ਨੂੰ ਤਾਂ ਕਦੇ ਮੈਂ ਸੁਣਿਆ ਹੀ ਨਹੀਂ ਸੀ। ਬਾਹਰੋਂ ਆਏ ਕਿਸੇ ਓਪਰੇ ਬੰਦੇ ਨੇ ਨਸੀਬ ਕੁਰ ਨੂੰ ਬੇਬੇ ਬਾਰੇ ਪੁੱਛਣਾ, ‘‘ਮਾਂ ਆਈ ਹੋਈ ਆ ਤੇਰੀ?’’ ‘‘ਨਹੀਂ! ਮੇਰੀ ਸੱਸ ਏ,’’ ਜਦੋਂ ਉਹ ਨੇ ਦੱਸਣਾ ਤਾਂ ਅਗਲੇ ਨੇ ਮੂੰਹ ਵਿੱਚ ਉਂਗਲਾਂ ਪਾ ਲੈਣੀਆਂ। ਹੈਂ, ਨੂੰਹ ਸੱਸ ਦਾ ਏਨਾ ਪਿਆਰ! ਪਿੰਡ ਦੇ ਲੋਕ ਗੱਲ ਕਰਨ ਲੱਗਿਆਂ ਉਨ੍ਹਾਂ ਦੋਵਾਂ ਦੀ ਮਿਸਾਲ ਦਿਆ ਕਰਦੇ ਸਨ। ਜਦੋਂ ਜਤਿੰਦਰ ਹੋਣ ਵਾਲਾ ਸੀ ਨੂੰਹ ਨੂੰ ਇਸ ਹਾਲਤ ਵਿੱਚ ਦੇਖ ਕੇ ਬੇਬੇ ਦਾ ਤਾਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਉਹ ਦਿਨ ’ਚ ਕਈ ਕਈ ਵਾਰ ਪੁੱਛਦੀ, ‘‘ਦੱਸ ਧੀਏ! ਤੇਰਾ ਕਿਹੜੀ ਚੀਜ਼ ਖਾਣ ਨੂੰ ਚਿੱਤ ਕਰਦੈ? ਬਣਾ ਕੇ ਦੇਵਾਂ ਤੈਨੂੰ।’’ ਬੇਬੇ ਉਹਨੂੰ ਭਾਰਾ ਕੰਮ ਨਾ ਕਰਨ ਦਿੰਦੀ, ਕੱਪੜੇ ਨਾ ਧੋਣ ਦਿੰਦੀ, ਉੱਚੇ ਨੀਵੇਂ ਥਾਂ ਪੈਰ ਧਰਦੀ ਨੂੰ ਜਾਂ ਕਾਹਲੀ ਨਾਲ ਤੁਰਦੀ ਨੂੰ ਝੱਟ ਟੋਕ ਦਿੰਦੀ। ਕਦੇ ਕਦੇ ਮੈਨੂੰ ਦੱਸਦੀ, ‘‘ਪੁੱਤ! ਬਹੂ ਮਿੱਠੀਆਂ ਚੀਜ਼ਾਂ ਬਾਹਲੀਆਂ ਖਾਂਦੀ ਆ, ਤੂੰ ਦੇਖ ਲੀਂ ਰੱਬ ਆਪਾਂ ਨੂੰ ਮਿੱਠੀ ਚੀਜ਼ ਈ ਦੇਊ।’’ ਉਸ ਵੇਲੇ ਬੇਬੇ ਦੇ ਚਿਹਰੇ ਦਾ ਜਲੌਅ ਦੇਖਣ ਵਾਲਾ ਹੁੰਦਾ ਸੀ।
ਜਤਿੰਦਰ ਦੇ ਜਨਮ ਦੀ ਖ਼ੁਸ਼ੀ ਸਾਰੇ ਪਿੰਡ ਨੇ ਮਨਾਈ ਸੀ। ਚਾਅ ਨਾਲ ਬੇਬੇ ਦਾ ਪੈਰ ਭੋਇੰ ਨਹੀਂ ਸੀ ਲੱਗਦਾ। ‘‘ਵੇ ਪੁੱਤ! ਜੇ ਅੱਜ ਤੇਰਾ ਪਿਉ ਜਿਉਂਦਾ ਹੁੰਦਾ, ਉਹਨੇ ਤਾਂ ਖ਼ੁਸ਼ੀ ਨਾਲ ਖੀਵਾ ਹੋ ਹੋ ਜਾਣਾ ਸੀ, ਬਈ ਅੱਜ ਮੇਰੇ ਘਰ ਤਿੰਨ ਪੱਗਾਂ ਹੋਗੀਆਂਂ।’’ ਉਸ ਦਿਨ ਬੇਬੇ ਨੇ ਪਹਿਲੀ ਵਾਰ ਮੇਰੇ ਸਾਹਮਣੇ ਬਾਪੂ ਜੀ ਨੂੰ ਯਾਦ ਕਰਕੇ ਅੱਖਾਂ ਭਰੀਆਂ ਸਨ। ਉਹਨੂੰ ਰੋਂਦੀ ਨੂੰ ਵੇਖ ਕੇ ਮੇਰਾ ਵੀ ਮਨ ਭਰ ਆਇਆ ਸੀ। ‘‘ਪੁੱਤ! ਤੂੰ ਕਾਹਨੂੰ ਉਦਾਸ ਹੁੰਨਾ ਏਂ, ਮਾਪੇ ਕਿਤੇ ਸਦਾ ਨਾਲ ਬੈਠੇ ਰਹਿੰਦੇ ਨੇ!’’ ਮੇਰੀਆਂ ਅੱਖਾਂ ਭਰੀਆਂ ਦੇਖ ਕੇ ਬੇਬੇ ਨੇ ਆਪਣੇ ਹੰਝੂ ਥਾਏਂ ਹੀ ਡੱਕ ਲਏ ਸਨ। ਬੇਬੇ ਪੋਤੇ ਨੂੰ ਦੇਖ ਦੇਖ ਜਿਉਂਦੀ ਸੀ।ਸਾਰਾ ਦਿਨ ਲੋਰੀਆਂ ਦਿੰਦੀ ਨਾ ਥੱਕਦੀ। ਜਤਿੰਦਰ ਇੱਕ ਮਿੰਟ ਲਈ ਵੀ ਰੋਂਦਾ ਤਾਂ ਦਾਦੀ ਦੀ ਜਾਨ ਘਟਣ ਲੱਗ ਜਾਂਦੀ, ਪਰ ਘਰ ਵਿੱਚ ਆਈ ਇਹ ਖ਼ੁਸ਼ੀ ਉਹ ਬਹੁਤਾ ਸਮਾਂ ਨਾ ਮਾਣ ਸਕੀ। ਬੇਬੇ ਤਾਂ ਬਿਮਾਰ ਵੀ ਨਹੀਂ ਸੀ ਹੋਈ। ਬੱਸ ਚੰਗੀ ਭਲੀ ਹੀ ਬਾਪੂ ਜੀ ਕੋਲ ਚਲੀ ਗਈ ਸੀ। ਰਾਤ ਨੂੰ ਬੜੀ ਸੋਹਣੀ ਖਾ ਪੀ ਕੇ ਸੁੱਤੀ ਸੀ। ਦਿਨ ਚੜ੍ਹੇ ਵੇਖਿਆ ਉਹ ਰਾਤ ਦੇ ਹਨੇਰਿਆਂ ਵਿੱਚ ਗੁੰਮ ਹੋ ਗਈ ਸੀ। ਨਾ ਹਾਏ ਨਾ ਬੂਅ, ਨਾ ਕਿਸੇ ਤੋਂ ਪਾਣੀ ਮੂੰਹ ’ਚ ਪਵਾਇਆ, ਬੱਸ ਚੁੱਪ ਚੁਪੀਤੇ ਹੀ ਆਪਣੇ ਫ਼ਰਜ਼ਾਂ ਤੋਂ ਫਾਰਗ ਹੋ ਕੇ ਸੰਗੀਆਂ ਨਾਲ ਜਾ ਰਲੀ ਸੀ।
ਬੇਬੇ ਦੀ ਮੌਤ ਦਾ ਸਦਮਾ ਮੈਥੋਂ ਵੀ ਵੱਧ ਨਸੀਬ ਕੁਰ ਨੂੰ ਲੱਗਾ ਸੀ। ਉਹਨੇ ਕਈ ਦਿਨ ਅੰਨ ਪਾਣੀ ਨੂੰ ਮੂੰਹ ਨਹੀਂ ਸੀ ਲਾਇਆ। ਭੁੱਖਣ ਭਾਣੀ ਦੇ ਦੁੱਧ ਨਹੀਂ ਸੀ ਉਤਰ ਰਿਹਾ। ਮੁੰਡਾ ਭੁੱਖ ਨਾਲ ਵਿਲਕ ਰਿਹਾ ਸੀ। ਆਂਢਣਾਂ ਗੁਆਂਢਣਾਂ ਤੇ ਰਿਸ਼ਤੇਦਾਰ ਔਰਤਾਂ ਨੇ ਮਸਾਂ ਵਰਚਾ ਵਰਚਾ ਕੇ ਉਹਨੂੰ ਦੋ ਬੁਰਕੀਆਂ ਰੋਟੀ ਦੀਆਂ ਖਵਾਈਆਂ ਸਨ। ਬੱਸ ਰੋਈ ਜਾਵੇ ਤੇ ਵਾਰ ਵਾਰ ਇੱਕੋ ਹੀ ਗੱਲ ਕਹੀ ਜਾਵੇ, ‘‘ਹਾਏ! ਮੈਂ ਕੱਲੀ ਰਹਿਗੀ, ਹੁਣ ਮੈਂ ਕੀ ਕਰੂੰਗੀ! ਅਸੀਂ ਨੂੰਹ ਸੱਸ ਤਾਂ ਦਾਲ ਸਬਜ਼ੀ ਵੀ ਇੱਕ ਦੂਜੇ ਤੋਂ ਪੁੱਛ ਕੇ ਧਰਦੀਆਂ ਹੁੰਦੀਆਂ ਸੀ, ਹੁਣ ਮੈਂ ਕੀਹਤੋਂ ਪੁੱਛ ਕੇ ਦਾਲ ਪਾਣੀ ਧਰਿਆ ਕਰੂੰਗੀ।’’
ਰਿਸ਼ਤੇਦਾਰ ਬੁੜ੍ਹੀਆਂ ਦਿਲਾਸੇ ਦੇ ਰਹੀਆਂ ਸਨ, ਕੋਈ ਕਹਿ ਰਹੀ ਸੀ, ‘‘ਰੋ ਲੈਣ ਦਿਉ ਰੱਜ ਕੇ, ਇਹਦਾ ਗੁੱਭ ਗੁਭਾਟ ਜਿਹਾ ਨਿਕਲ ਜਾਵੇ, ਕੁੜੇ ਭਾਈ! ਐਨਾ ਤਿਹੁ ਨ੍ਹੀਂ ਦੇਖਿਆ ਕਿਤੇ ਨੂੰਹ ਸੱਸ ਦਾ ਜਿਹੋ ਜਿਹਾ ਇਨ੍ਹਾਂ ਦੋਹਾਂ ਦਾ ਸੀ।’’ ਬੇਬੇ ਦੇ ਭੋਗ ਤੋਂ ਬਾਅਦ ਹੀ ਕੰਮਾਂ ਧੰਦਿਆਂ ਵਿੱਚ ਪੈ ਕੇ ਉਹਨੇ ਮਾੜਾ ਮੋਟਾ ਦਿਲ ਧਰਿਆ ਸੀ।
ਜਤਿੰਦਰ ਹਾਲੇ ਮਸਾਂ ਤੁਰਨਾ ਹੀ ਸਿੱਖਿਆ ਹੋਵੇਗਾ ਕਿ ਨਸੀਬ ਕੁਰ ਨੇ ਇੱਕ ਦਿਨ ਮੇਰੇ ਕੰਨ ਵਿੱਚ ਇੱਕ ਹੋਰ ਗੱਲ ਦੱਸੀ। ਮੇਰੇ ਲਈ ਤਾਂ ਇਹ ਖੁਸ਼ਖਬਰੀ ਹੀ ਸੀ ਪਰ ਉਹ ਖ਼ੁਸ਼ ਨਹੀਂ ਸੀ, ‘‘ਮੁੰਡਾ ਅਜੇ ਛੋਟਾ ਏ, ਨਾਲੇ ਮੈਂ ’ਕੱਲੀ ’ਕਹਿਰੀ ਆਂ। ਜੇ ਬੇਬੇ ਜਿਉਂਦੀ ਹੁੰਦੀ ਤਾਂ ਫ਼ਿਕਰ ਵਾਲੀ ਕੋਈ ਗੱਲ ਈ ਨਹੀਂ ਸੀ, ਨਾਲੇ ਤਿੰਨ ਸਾਲ ਤੱਕ ਤਾਂ ਬੱਚੇ ਨੂੰ ਮਾਂ ਦਾ ਪਿਆਰ ਤੇ ਸਾਂਭ ਸੰਭਾਲ ਲਾਜ਼ਮੀ ਚਾਹੀਦੀ ਹੁੰਦੀ ਏ।’’ ਉਸ ਨੇ ਚਿੰਤਾਤੁਰ ਹੁੰਦੀ ਹੋਈ ਨੇ ਕਿਹਾ।
‘‘ਚਲ ਕੋਈ ਨਾ, ਇਹ ਕਿਹੜਾ ਆਪਣੇ ਸਾਰੇ ਦੀ ਗੱਲ ਆ, ਰੱਬ ਦੀ ਮਰਜ਼ੀ ਏ, ਬਈ।’’ ਮੈਂ ਇਹ ਗੱਲ ਰੱਬ ਦੇ ਸਿਰ ਲਾ ਕੇ ਉਸ ਨੂੰ ਚਿੰਤਾ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮੈਥੋਂ ਚੋਰੀਓਂ ਇੱਕ ਅਣਸੁਖਾਵਾਂ ਕੰਮ ਕਰਕੇ ਆਪਣੇ ਤੇ ਮੇਰੇ ਲਈ ਇੱਕ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਸੀ।
‘‘ਕੀ ਗੱਲ ਤੂੰ ਕਿਵੇਂ ਪਈ ਏਂ ਢਿੱਲੀ ਜਿਹੀ?’’ ਇੱਕ ਦਿਨ ਧੁੱਪੇ ਮੰਜਾ ਡਾਹੀ ਪਈ ਨੂੰ ਦੇਖ ਕੇ ਮੈਂ ਪੁੱਛਿਆ। ‘‘ਕੁਸ਼ ਨ੍ਹੀਂ ਊਂ ਈਂ ਪਈ ਆਂ, ਅੱਜ ਚਿੱਤ ਜਿਹਾ ਕੁਸ਼ ਠੀਕ ਨ੍ਹੀਂ।’’ ਉਸ ਨੇ ਮੈਥੋਂ ਲੁਕੋ ਰੱਖਦੀ ਹੋਈ ਨੇ ਸੰਖੇਪ ਜਿਹਾ ਉੱਤਰ ਦਿੱਤਾ। ਬਾਹਰ ਖੇਤ ਵਿੱਚ ਆਲੂਆਂ ਦੀ ਪੁਟਾਈ ਵਾਸਤੇ ਦਿਹਾੜੀਏ ਲਾਏ ਹੋਏ ਸਨ। ਸੀਰੀ ਬਿਮਾਰ ਸੀ ਤੇ ਉਹ ਖੇਤ ਨਹੀਂ ਸੀ ਆਇਆ। ਮੈਂ ਇਕੱਲਾ ਹੀ ਕੰਮ ਦੀ ਦੇਖਭਾਲ ਵਿੱਚ ਰੁੱਝਿਆ ਰਿਹਾ। ਦੋ ਦਿਨ ਘਰ ਹੀ ਨਾ ਜਾ ਸਕਿਆ। ਢਿੱਲੀ ਤਾਂ ਉਹ ਕਈ ਦਿਨਾਂ ਦੀ ਸੀ, ਪਰ ਪਹਿਲਾਂ ਦੱਸਿਆ ਹੀ ਨਹੀਂ ਸੀ। ਜਦੋਂ ਮੈਨੂੰ ਦੱਸਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਚੰਦਰੀ ਕਿਤੋਂ ਗਰਭ ਗਿਰਾਉਣ ਵਾਲੀ ਦਵਾਈ ਲੈ ਕੇ ਖਾ ਗਈ ਸੀ। ਪਿੰਡ ਦੇ ਹਕੀਮ ਨੇ ਬਥੇਰਾ ਓਹੜ-ਪੋਹੜ ਕੀਤਾ ਪਰ ਕੇਸ ਉਲਝ ਗਿਆ ਸੀ ਤੇ ਉਸ ਦੇ ਵੱਸ ਵਿੱਚ ਨਹੀਂ ਸੀ ਆ ਰਿਹਾ। ਹਾਰ ਕੇ ਉਸ ਨੇ ਮੈਨੂੰ ਕਹਿ ਦਿੱਤਾ, ‘‘ਭਰਪੂਰ ਸਿੰਹਾਂ! ਸ਼ਹਿਰ ਲੈ ਜਾ ਵੀਰ ਇਹਨੂੰ।’’
ਉਸ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆਂ ਕਈ ਦਿਨ ਹੋ ਗਏ ਸਨ। ਡਾਕਟਰਾਂ ਦੱਸਿਆ, ‘‘ਸੈਪਟਿਕ ਹੋ ਗਈ ਹੈ।’’ ਮਹਿੰਗੇ ਟੀਕੇ ਤੇ ਦਵਾਈਆਂ ਨੇ ਵੀ ਅਸਰ ਦਿਖਾਉਣ ਤੋਂ ਨਾਂਹ ਕਰ ਦਿੱਤੀ ਸੀ।ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਬੱਚੇ ਨੂੰ ਸਾਂਭਣ ਲਈ ਮੈਂ ਆਪਣੀ ਸੱਸ ਨੂੰ ਬੁਲਾ ਲਿਆ ਸੀ। ਇੱਕ ਦਿਨ ਮੈਂ ਉਸ ਨੂੰ ਮਿਲਾਉਣ ਲਈ ਜਤਿੰਦਰ ਨੂੰ ਨਾਲ ਲੈ ਗਿਆ। ਉਸ ਨੇ ਮੁੰਡੇ ਨੂੰ ਰੱਜ ਕੇ ਪਿਆਰ ਕੀਤਾ। ਫਿਰ ਮੇਰੇ ਕੰਨ ਕੋਲ ਮੂੰਹ ਕਰਕੇ ਕਿਹਾ, ‘‘ਇਸ ਬੱਚੇ ਦੀ ਖਾਤਰ ਮੈਂ ਆਪਣੀ ਜਾਨ ਦੇ ਚੱਲੀ ਆਂ, ਮੈਂ ਨ੍ਹੀਂ ਹੁਣ ਬਚਦੀ, ਬੱਸ ਮੇਰੇ ਨਾਲ ਇੱਕੋ ਵਾਅਦਾ ਕਰ ਲੈ ਬਈ ਇਹਨੂੰ ਤੂੰ ਮਾਂ ਤੇ ਪਿਓ ਦੋਵੇਂ ਬਣ ਕੇ ਪਾਲੇਂਗਾ। ਜੇ ਤੂੰ ਇਹ ਕੁਰਬਾਨੀ ਦੇਣ ਦਾ ਵਾਅਦਾ ਕਰ ਲਵੇਂ ਤਾਂ ਮੇਰੀ ਜਾਨ ਭੋਰਾ ਸੌਖੀ ਨਿਕਲ ਜੂ। ਸਮਝ ਗਿਉਂ ਨਾ?’’
‘‘ਹੈ ਕਮਲੀ ਨਾ ਹੋਵੇ ਤਾਂ, ਐਵੇਂ ਨ੍ਹੀਂ ਲਿੱਸੀਆਂ ਗੱਲਾਂ ਕਰੀਦੀਆਂ ਹੁੰਦੀਆਂ, ਤੈਨੂੰ ਕੀ ਹੋਇਐ? ਚੰਗੀ ਭਲੀ ਤਾਂ ਹੈਂ।’’
‘‘ਨਹੀਂ ਜਤਿੰਦਰ ਦੇ ਬਾਪੂ! ਮੈਨੂੰ ਦਿਸਦੀ ਏ ਆਪਣੀ ਹਾਲਤ, ਝੂਠੀਆਂ ਤਸੱਲੀਆਂ ਨਾ ਦੇ ਮੈਨੂੰ। ਬੱਸ ਵਾਅਦਾ ਕਰ ਬਈ ਇਹਨੂੰ ਤੂੰ ਮਾਂ ਤੇ ਪਿਓ ਦੋਵੇਂ ਬਣ ਕੇ ਪਾਲੇਂਗਾ।’’ ਉਸ ਦੀਆਂ ਅੱਖਾਂ ਵਿਚਲੇ ਤਰਲੇ ਨੇ ਮੈਥੋਂ ਚੁੱਪ ਚੁਪੀਤੇ ਹੀ ਉਸ ਦੀ ਪੁਆਈ ਕਸਮ ’ਤੇ ਮੋਹਰ ਲਵਾ ਦਿੱਤੀ ਸੀ। ਮੈਂ ਸਿਰਫ਼ ਸਿਰ ਹਿਲਾ ਕੇ ਹੀ ਹਾਮੀ ਭਰ ਸਕਿਆ। ਬੋਲਣ ਦੀ ਤਾਂ ਮੇਰੇ ’ਚ ਹਿੰਮਤ ਹੀ ਨਹੀਂ ਸੀ। ਮੈਂ ਧਿਆਨ ਨਾਲ ਦੇਖਿਆ ਉਸ ਨੂੰ ਸਾਹ ਔਖਾ ਆ ਰਿਹਾ ਸੀ। ਬੋਲ ਥਿੜਕ ਰਿਹਾ ਸੀ। ਅੱਖਾਂ ਖੜ੍ਹਦੀਆਂ ਜਾ ਰਹੀਆਂ ਸਨ। ਡਾਕਟਰਾਂ ਨੂੰ ਖੌਰੇ ਪਹਿਲਾਂ ਹੀ ਪਤਾ ਹੋਵੇ ਤੇ ਮੈਨੂੰ ਬੈਠੇ ਨੂੰ ਦੇਖ ਕੇ ਉਹ ਜਾਣਬੁੱਝ ਕੇ ਹੀ ਉਰੇ ਪਰ੍ਹੇ ਹੋ ਗਏ, ਬਈ, ਕਰ ਲੈਣ ਚਾਰ ਗੱਲਾਂ ਜਾਂਦੀ ਵਾਰੀ ਦੀਆਂ। ਉਸ ਦੀ ਹਾਲਤ ਦੇਖ ਕੇ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਂ ਡਾਕਟਰ ਨੂੰ ਸੱਦਣ ਭੱਜਿਆ, ‘‘ਡਾਕਟਰ ਜੀ! ਬਚਾ ਲਉ ਜਿਵੇਂ ਵੀ ਬਚਦੀ ਏ, ਮੇਰਾ ਘਰ ਉੱਜੜਣ ਤੋਂ ਬਚਾ ਲਉ। ਮੈਂ ਇਹਦੇ ਪਿੱਛੇ ਆਪਣਾ ਸਾਰਾ ਘਰਬਾਰ ਲਾਉਣ ਨੂੰ ਤਿਆਰ ਹਾਂ ਜੀ।’’
ਡਾਕਟਰ ਨੇ ਆ ਕੇ ਨਬਜ਼ ਦੇਖੀ ਤੇ ਨਿਰਾਸ਼ਾ ਵਿੱਚ ਸਿਰ ਹਿਲਾਇਆ। ਮੈਂ ਮਤਲਬ ਸਮਝ ਗਿਆ ਸਾਂ। ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ ਸੀ। ਮੇਰੀ ਦੁਨੀਆਂ ਉੱਜੜ ਗਈ ਸੀ। ਮੈਨੂੰ ਸਾਰਾ ਸੰਸਾਰ ਸੁੰਨਾ ਸੁੰਨਾ ਲਗਦਾ ਸੀ। ਮੇਰੇ ਸਹੁਰਿਆਂ ਤੋਂ ਬੰਦਿਆਂ ਬੁੜੀਆਂ ਦੀਆਂ ਦੋ ਟਰਾਲੀਆਂ ਭਰੀਆਂ ਆਈਆਂ। ਮੇਰੀ ਸੱਸ ਦੇ ਕੀਰਨੇ ਕੰਧਾਂ ਨੂੰ ਰੁਆ ਰਹੇ ਸਨ। ਉਹ ਇੱਕੋ ਗੱਲ ਵਾਰ ਵਾਰ ਕਹੀ ਜਾਵੇ, ‘‘ਜੇ ਮੈਨੂੰ ਨਿੱਜੜੀ ਨੂੰ ਇਸ ਭਾਣੇ ਦਾ ਪਤਾ ਹੁੰਦਾ, ਮੈਂ ਛੋਟੀ ਕੁੜੀ ਅਜੇ ਕਾਹਨੂੰ ਵਿਆਹੁਣੀ ਸੀ, ਘਰ ਉੱਜੜ ਗਿਆ ਵੇ ਲੋਕੋ! ਮੇਰੀ ਧੀ ਦਾ, ਹਾਏ ਵੇ ਲੋਕੋ! ਅਸੀਂ ਪੱਟੇ ਗਏ ਵੇ...!’’
ਸ਼ਾਮ ਨੂੰ ਸਸਕਾਰ ਕਰਵਾ ਕੇ ਮੁੜਦਿਆਂ ਮੇਰੇ ਸੱਸ ਸਹੁਰੇ ਨੇ ਕਿਹਾ, ‘‘ਭਰਪੂਰ ਸਿਆਂ! ਮੁੰਡੇ ਨੂੰ ਅਸੀਂ ਨਾਲ ਲੈ ਜਾਂਦੇ ਹਾਂ। ਲਿਆ ਫੜਾ ਇਹਦੇ ਲੀੜੇ ਕੱਪੜੇ।’’ ਮੇਰੀਆਂ ਭੁੱਬਾਂ ਨਿਕਲ ਗਈਆਂ, ‘‘ਬੇਬੇ ਜੀ! ਹੁਣ ਇਹਦੇ ਬਿਨਾਂ ਮੇਰਾ ਰਹਿ ਈ ਕੌਣ ਗਿਆ ਏ, ਕੋਈ ਨ੍ਹੀਂ ਮੈਂ ਆਪੇ ਸਾਂਭੂੰ ਔਖਾ ਸੌਖਾ।’’ ਮੈਂ ਮਿੰਨਤ ਕੀਤੀ।
‘‘ਚੰਗਾ ਕਾਕਾ! ਮਰਜ਼ੀ ਏ ਤੇਰੀ ਪਰ ਔਖਾ ਹੁੰਦੈ ਏਡਾ ਕੁ ਜਵਾਕ ਮਾਂ ਤੋਂ ਬਿਨਾਂ ਸਾਂਭਣਾ।’’ ਵੈਣ ਪਾ ਕੇ ਰੋਂਦੀ ਹੋਈ ਉਹ ਬੁੜ੍ਹੀਆਂ ਦੇ ਨਾਲ ਟਰਾਲੀ ਵਿੱਚ ਜਾ ਬੈਠੀ ਸੀ। ਭੋਗ ’ਤੇ ਆਈਆਂ ਮਾਮੀਆਂ ਮਾਸੀਆਂ ਨੇ ਵੀ ਜਤਿੰਦਰ ਨੂੰ ਲਿਜਾਣ ਲਈ ਬਥੇਰਾ ਜ਼ੋਰ ਲਾਇਆ, ਪਰ ਮੈਂ ਨਾਂਹ ਕਰ ਦਿੱਤੀ ਸੀ। ਮਰਨ ਵਾਲੀ ਦੇ ਬਚਨਾਂ ’ਤੇ ਪਹਿਰਾ ਦਿੰਦੇ ਹੋਏ ਮੈਂ ਉਸ ਦੇ ਪਿਤਾ ਦੇ ਨਾਲ ਉਸ ਦੀ ਮਾਂ ਵੀ ਬਣ ਗਿਆ ਸੀ। ਅਜੇ ਛੇ ਮਹੀਨੇ ਵੀ ਨਹੀਂ ਸੀ ਹੋਏ ਉਹਨੂੰ ਮਰੀ ਨੂੰ ਕਿ ਲੋਕ ਮੈਨੂੰ ਸਲਾਹਾਂ ਦੇਣ ਲੱਗ ਪਏ ਸਨ, ‘‘ਘਰ ਦਾ ਬੂਹਾ ਖੋਲ੍ਹਣ ਦਾ ਆਹਰ ਪਾਹਰ ਕਰ ਬਈ ਹੁਣ। ਜੇ ਉਨ੍ਹਾਂ ਦੇ ਕੋਈ ਕੁੜੀ ਹੈਗੀ ਆ ਫੇਰ ਤਾਂ ਕੰਮ ਬਣਿਆ ਈ ਪਿਐ। ਜੇ ਨਹੀਂ ਹੈਗੀ ਫੇਰ ਸਾਨੂੰ ਦੱਸ। ਅਸੀਂ ਤੇਰੇ ਦੁੱਖ ਸੁਖ ’ਚ ਹਾਜ਼ਰ ਆਂ।’’ ਪਰ ਮੈਂ ਇੱਕੋ ਨੰਨਾ ਫੜ੍ਹ ਲਿਆ ਸੀ।
ਨੌਜਵਾਨ ਸਾਂ, ਹਰ ਕੋਈ ਸ਼ੱਕ ਦੀ ਨਜ਼ਰ ਨਾਲ ਦੇਖਦਾ। ਸ਼ਰੀਕੇ ਦੀਆਂ ਕੁੜੀਆਂ/ਵਹੁਟੀਆਂ ਤਾਂ ਮੇਰੇ ਘਰ ਪੈਰ ਨਹੀਂ ਸੀ ਪਾਉਂਦੀਆਂ। ਜੇ ਕੋਈ ਕੁੜੀ ਬੁੜ੍ਹੀ ਕੰਮ ਵਾਸਤੇ ਰੱਖਣੀ ਤਾਂ ਉਸ ਵਿਚਾਰੀ ਦੀਆਂ ਸੌ ਸੌ ਗੱਲਾਂ ਬਣਨੀਆਂ, ਪਰ ਮੈਂ ਤਾਂ ਮੁੰਡੇ ਦਾ ਮਾਰਾ ਰਾਜੇ ਗੋਪੀ ਚੰਦ ਵਾਂਗ ਸਾਧ ਬਣਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਇਹੋ ਜਿਹੀ ਚੰਗਿਆੜ ਉਮਰ ’ਚ ਸਾਧ ਬਣਨਾ ਸੁਖਾਲਾ ਨਹੀਂ ਹੁੰਦਾ, ਦੱਬੀਆਂ ਹੋਈਆਂ ਖ਼ਾਹਿਸ਼ਾਂ ਮੇਰੇ ਅੰਦਰ ਖੌਰੂ ਪਾ ਦਿੰਦੀਆਂ। ਬੇਕਾਬੂ ਹੁੰਦੇ ਜਾਂਦੇ ਜਜ਼ਬਾਤ ਸੱਪ ਬਣ ਕੇ ਮੈਨੂੰ ਬੁਰੀ ਤਰ੍ਹਾਂ ਡੱਸਦੇ ਰਹਿੰਦੇ, ਪਰ ਮਰਨ ਵਾਲੀ ਦੇ ਬਚਨਾਂ ਦੀ ਰਾਖੀ ਮੈਂ ਨਾਗ ਡੰਗ ਸਹਿ ਕੇ ਵੀ ਕਰ ਰਿਹਾ ਸਾਂ। ਜਤਿੰਦਰ ਹੁਣ ਭੱਜਣ ਨੱਸਣ ਲੱਗ ਪਿਆ ਸੀ। ਆਪਣੇ ਹਾਣੀ ਬੱਚਿਆਂ ਨਾਲ ਖੇਡਣ ਉਨ੍ਹਾਂ ਦੇ ਘਰੀਂ ਚਲਾ ਜਾਂਦਾ। ਨਿੱਕੇ ਨਿੱਕੇ ਬਾਲਾਂ ਨੂੰ ਲੋਰੀਆਂ ਦਿੰਦੀਆਂ, ਉਨ੍ਹਾਂ ਦੇ ਸਿਰ ਵਾਹ ਕੇ ਜੂੜੇ ਕਰਦੀਆਂ ਤੇ ਉਨ੍ਹਾਂ ਨੂੰ ਨੁਹਾਉਦੀਆਂ ਧਆਉਂਦੀਆਂ ਉਨ੍ਹਾਂ ਦੀਆਂ ਮਾਵਾਂ ਨੂੰ ਉਹ ਨੀਝ ਲਾ ਕੇ ਵੇਖਦਾ ਰਹਿੰਦਾ। ਉਸ ਦਾ ਨਿੱਕਾ ਜਿਹਾ ਦਿਮਾਗ਼ ਹੁਣ ਇੰਨਾ ਕੁ ਸੋਚਣ ਜੋਗਾ ਹੋ ਗਿਆ ਸੀ ਕਿ ਮੇਰੇ ਸਾਰੇ ਆੜੀਆਂ ਦੇ ਘਰੀਂ ਮਾਵਾਂ ਹਨ, ਮੇਰਾ ਬਾਪੂ ਕਾਹਤੋਂ ’ਕੱਲਾ ਰਹਿੰਦੈ? ਕਈ ਵਾਰੀ ਉਹ ਮੈਨੂੰ ਪੁੱਛਦਾ, ‘‘ਬਾਪੂ ਮੇਰੀ ਬੇਬੇ ਕਿੱਥੇ ਆ?’’ ਮੇਰਾ ਗੱਚ ਭਰ ਆਉਂਦਾ ਤੇ ਮੈਂ ਉਵੇਂ ਹੀ ਭਰੇ ਗਲੇ ਨਾਲ ਉਸ ਨੂੰ ਦੱਸਦਾ, ‘‘ਪੁੱਤ! ਤੇਰੀ ਬੇਬੇ ਰੱਬ ਕੋਲ ਚਲੀ ਗਈ ਏ।’’
‘‘ਚੱਲ ਬਾਪੂ! ਆਪਾਂ ਉਹਨੂੰ ਜਾ ਕੇ ਲੈ ਆਈਏ।’’ ਉਹ ਮੈਨੂੰ ਬਾਂਹੋਂ ਫੜ ਕੇ ਖਿੱਚਣ ਲੱਗ ਪੈਂਦਾ। ‘‘ਨਹੀਂ ਪੁੱਤ! ਜਿਹੜੇ ਬੰਦੇ ਇੱਕ ਵਾਰੀ ਰੱਬ ਕੋਲੇ ਚਲੇ ਜਾਂਦੇ ਨੇ, ਰੱਬ ਉਨ੍ਹਾਂ ਨੂੰ ਮੁੜ ਕੇ ਨਹੀਂ ਆਉਣ ਦਿੰਦਾ।’’ ‘‘ਬਾਪੂ! ਰੱਬ ਉਨ੍ਹਾਂ ਨੂੰ ਨੂੜ ਲੈਂਦਾ ਏ ਰੱਸੇ ਪਾ ਕੇ?’’ ‘‘ਆਹੋ ਪੁੱਤ! ਇਉਂ ਈ ਕਰਦਾ ਏ ਰੱਬ।’’ ਮੈਂ ਉਂੱਤਰ ਦਿੰਦਾ। ਉਸ ਦੀਆਂ ਇਹੋ ਜਿਹੀਆਂ ਪੁੱਛਾਂ ਮੇਰੇ ਦਿਲ ਵਿੱਚ ਪੀੜਾਂ ਦੇ ਕਿੱਲ ਠੋਕ ਦਿੰਦੀਆਂ। ਉਸ ਦਾ ਧਿਆਨ ਹੋਰ ਪਾਸੇ ਪਾਉਣ ਲਈ ਮੈਂ ਉਸ ਦੀ ਉਂਗਲੀ ਫੜ੍ਹ ਕੇ ਹੱਟੀਉਂ ਚੀਜ਼ੀ ਦਿਵਾਉਣ ਤੁਰ ਪੈਂਦਾ। ਉਹ ਮੇਰੇ ਚਿਹਰੇ ਨੂੰ ਧਿਆਨ ਨਾਲ ਵੇਂਹਦਾ ਹੋਇਆ ਗੱਲ ਅੱਗੇ ਤੋਰਦਾ, ‘‘ਚੱਲ ਕੋਈ ਨਾ ਫੇਰ। ਜੇ ਉਹ ਨਹੀਂ ਆਉਂਦੀ। ਆਪਾਂ ਨਵੀਂ ਬੇਬੇ ਲੈ ਆਉਂਨੇ ਆਂ। ਫੇਰ ਆਪਣੇ ਇੱਕ ਕਾਕਾ ਹੋਰ ਹੋਜੂਗਾ। ਮੈਂ ਖੇਡਿਆ ਕਰੂੰਗਾ ਆਪਣੇ ਵੀਰੇ ਨਾਲ।’’
ਮੈਂ ਅਚੰਭਿਤ ਹੋ ਜਾਂਦਾ, ‘ਹੈਂ ਨਵੀਂ ਬੇਬੇ! ਕਾਕਾ! ਕੌਣ ਸਿਖਾਉਂਦਾ ਏ ਇਹਨੂੰ ਇਹੋ ਜਿਹੀਆਂ ਗੱਲਾਂ?’ ‘ਕੋਈ ਨਹੀਂ ਸਿਖਾਉਂਦਾ, ਬੱਚੇ ਆਪੇ ਸਿੱਖ ਜਾਂਦੇ ਨੇ, ਕੁਦਰਤ ਮਾਂ ਆਪ ਸਿਖਾਉਂਦੀ ਐ ਇਨ੍ਹਾਂ ਨੂੰ,’ ਮੇਰਾ ਮਨ ਜਵਾਬ ਦਿੰਦਾ। ਉਸ ਦੀਆਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਮੇਰੇ ਮਨ ਦੀ ਕਿਸ਼ਤੀ ਡਿੱਕ ਡੋਲੇ ਖਾਣ ਲੱਗ ਪੈਂਦੀ ਤੇ ਆਤਮ ਕੰਟਰੋਲ ਦਾ ਚੱਪੂ ਮੈਨੂੰ ਪੂਰਾ ਜ਼ੋਰ ਲਾ ਕੇ ਚਲਾਉਣਾ ਪੈਂਦਾ।
ਜਤਿੰਦਰ ਛੇ ਸਾਲਾਂ ਦਾ ਹੋ ਗਿਆ ਸੀ। ਮੈਂ ਸਕੂਲ ਪੜ੍ਹਨ ਲਾ ਦਿੱਤਾ। ਉਹ ਜਿੰਨਾ ਜ਼ਹੀਨ ਸੀ ਓਨਾ ਹੀ ਸੰਵੇਦਨਸ਼ੀਲ। ਮੇਰੇ ਨਾਲ ਘਰ ਦਾ ਕੰਮ ਵੀ ਕਰਵਾਉਂਦਾ। ਪੜ੍ਹਾਈ ’ਚ ਪੂਰਾ ਤਾਕ। ਹਰ ਸਾਲ ਜਮਾਤ ’ਚੋਂ ਅੱਵਲ ਆਉਂਦਾ। ਖੇਡਾਂ ’ਚੋਂ ਜਿੱਤੇ ਹੋਏ ਇਨਾਮਾਂ ਨਾਲ ਉਸ ਨੇ ਘਰ ਭਰ ਦਿੱਤਾ ਸੀ। ਪੰਦਰਾਂ ਕੁ ਸਾਲਾਂ ਦੇ ਨੇ ਦਸਵੀਂ ਜਮਾਤ ਪਾਸ ਕਰ ਲਈ ਸੀ। ਮੈਂ ਅੱਗੇ ਪੜ੍ਹਨ ਲਈ ਕਾਲਜ ਲਾ ਦਿੱਤਾ, ਪਰ ਖੇਡਾਂ ਦਾ ਸ਼ੌਕ ਉਸ ਨੇ ਉਵੇਂ ਹੀ ਬਰਕਰਾਰ ਰੱਖਿਆ। ਬੀਏ ਉਸ ਨੇ ਫਸਟ ਡਿਵੀਜ਼ਨ ’ਚ ਕਰ ਲਈ ਸੀ। ਖਿਡਾਰੀ ਦੇ ਤੌਰ ’ਤੇ ਉਸ ਕੋਲ ਕਈ ਜ਼ਿਲ੍ਹਾ ਪੱਧਰ ਦੇ ਸਰਟੀਫਿਕੇਟ ਸਨ।
‘‘ਬਾਪੂ ਜੀ! ਮੈਨੂੰ ਕਪੂਰਥਲਾ ਰੇਲਵੇ ਕੋਚ ਫੈਕਟਰੀ ਵੱਲੋਂ ਨਿਯੁਕਤ ਕੀਤੇ ਜਾਣ ਦੀ ਚਿੱਠੀ ਆਈ ਏ, ਮੈਂ ਅਪਲਾਈ ਕੀਤਾ ਹੋਇਆ ਸੀ ਤੇ ਸਿਲੈਕਟ ਹੋ ਗਿਆ ਹਾਂ।’’ ਇੱਕ ਦਿਨ ਉਸ ਨੇ ਮੈਨੂੰ ਚਾਅ ਨਾਲ ਦੱਸਿਆ।
‘‘ਚੰਗਾ ਪੁੱਤ!’’ ਬੱਸ ਮੈਥੋਂ ਇੰਨਾ ਹੀ ਕਹਿ ਹੋਇਆ। ਮਨ ਵਿੱਚ ਸੋਚ ਰਿਹਾ ਸੀ ਕਿ ਅੱਜ ਇਹਦੀ ਮਾਂ ਜਿਉਂਦੀ ਹੁੰਦੀ ਤਾਂ ਉਸ ਨੇ ਸੁਣ ਕੇ ਕਿੰਨੀ ਖ਼ੁਸ਼ ਹੋਣਾ ਸੀ, ਪਰ ਪੁੱਤ ਦੀ ਖ਼ੁਸ਼ੀ ਵਿੱਚ ਵਿਘਨ ਪੈਣ ਦੇ ਡਰੋਂ ਮੈਂ ਆਪਣੀਆਂ ਅੱਖਾਂ ਵਿੱਚ ਆਏ ਹੰਝੂ ਅੰਦਰੇ ਹੀ ਡੱਕ ਲਏ ਸਨ।
ਜਤਿੰਦਰ ਕਪੂਰਥਲੇ ਨੌਕਰੀ ਕਰਨ ਲੱਗ ਪਿਆ ਸੀ। ਘਰ ਵਿੱਚ ਮੈਂ ਇਕੱਲਾ ਰਹਿ ਗਿਆ। ਮੈਨੂੰ ਉਦਰੇਵੇਂ ਨੇ ਘੇਰ ਲਿਆ। ਮੇਰਾ ਕਿਸੇ ਵੀ ਕੰਮ ਨੂੰ ਜੀਅ ਨਾ ਕਰਦਾ। ਕਦੇ ਖਾ ਪਕਾ ਲੈਂਦਾ ਕਦੇ ਭੁੱਖਾ ਹੀ ਸੌਂ ਜਾਂਦਾ। ਹੁਣ ਜਤਿੰਦਰ ਦਾ ਵਿਆਹ ਕਰ ਦੇਵਾਂ, ਬੱਸ ਕੋਈ ਸੋਹਣੀ ਸਚਿਆਰੀ ਜਿਹੀ ਕੁੜੀ ਮਿਲ ਜਾਵੇ। ਇੱਕ ਦਿਨ ਮੇਰੇ ਮਨ ਵਿੱਚ ਫੁਰਨਾ ਫੁਰਿਆ। ਮੱਘਰ ਦੇ ਘਰ ਵਾਲੀ ਸ਼ਾਮੋ ਸ਼ਰੀਕੇ ’ਚੋਂ ਮੇਰੀ ਭਰਜਾਈ ਲੱਗਦੀ ਸੀ। ਉਹਨੇ ਰਾਹ ਤੁਰੇ ਆਉਂਦੇ ਨਾਲ ਇੱਕ ਦਿਨ ਜਤਿੰਦਰ ਦੇ ਸਾਕ ਦੀ ਗੱਲਾਂ ਛੇੜ ਲਈਆਂ ਸਨ।
‘‘ਭਰਪੂਰ! ਜੇ ਤੂੰ ਕਹੇਂ, ਮੈਂ ਆਪਣੇ ਭਰਾ ਨਾਲ ਗੱਲ ਤੋਰ ਕੇ ਦੇਖਾਂ, ਕਿਰਨਦੀਪ ਮੇਰੀ ਭਤੀਜੀ ਤੇਰੀ ਦੇਖੀ ਹੋਈ ਤਾਂ ਹੈ। ਉਹ ਕਈ ਵਾਰੀ ਆਪਣੇ ਪਿੰਡ ਮੇਰੇ ਕੋਲ ਰਹਿ ਕੇ ਤਾਂ ਜਾਂਦੀ ਰਹੀ ਐ।’’ ਮੈਂ ਜ਼ਿਹਨ ’ਤੇ ਜ਼ੋਰ ਪਾ ਕੇ ਕਿਰਨਦੀਪ ਬਾਬਤ ਸੋਚਿਆ। ਉਸ ਦਾ ਚਿਹਰਾ ਮੋਹਰਾ ਅੱਖਾਂ ਸਾਹਮਣੇ ਆ ਗਿਆ। ਮੇਰੀ ਕਲਪਨਾ ਉਡਾਰੀ ਮੈਨੂੰ ਕਿਤੇ ਦੀ ਕਿਤੇ ਲੈ ਗਈ ਸੀ, ‘ਬਈ ਵਾਹ! ਕੁੜੀ ਤਾਂ ਸੱਚਮੁੱਚ ਹੀ ਪਰੀਆਂ ਵਰਗੀ ਹੈ, ਇਨ੍ਹਾਂ ਦੀ ਜੋੜੀ ਤਾਂ ਇਉਂ ਬਣੇਗੀ ਜਿਵੇਂ ਮੇਰੀ ਤੇ ਨਸੀਬ ਕੁਰ ਦੀ ਬਣੀ ਸੀ। ਦੁਨੀਆ ਦੇਖਿਆ ਕਰੂ ਤੁਰੇ ਜਾਂਦਿਆਂ ਨੂੰ। ਜੇ ਪੜ੍ਹੀ ਲਿਖੀ ਘੱਟ ਏ ਫਿਰ ਵੀ ਕੀ ਐ ਅਸੀਂ ਕਿਹੜਾ ਨੌਕਰੀ ਕਰਵਾਉਣੀ ਆ।’
‘‘ਕਿਉਂ ਕਿਵੇਂ ਸਲਾਹ ਏ ਫੇਰ?’’ ਸ਼ਾਮੋ ਨੇ ਮੇਰਾ ਧਿਆਨ ਆਪਣੀ ਗੱਲ ਵੱਲ ਮੋੜਿਆ।
‘‘ਕੋਈ ਨਾ ਭਾਬੀ! ਮੈਂ ਚਿੱਠੀ ਪਾ ਕੇ ਘਰ ਸੱਦਦਾਂ ਮੁੰਡੇ ਨੂੰ। ਫੇਰ ਕਰਦੇ ਆਂ ਕੋਈ ਬੰਨ੍ਹ ਸੁੱਬ।’’ ਮੈਂ ਜਤਿੰਦਰ ਨੂੰ ਚਿੱਠੀ ਵਿੱਚ ਤਾਕੀਦ ਕਰ ਦਿੱਤੀ ਕਿ ਚਿੱਠੀ ਪੜ੍ਹਦੇ ਸਾਰ ਤੁਰੰਤ ਘਰ ਪਹੁੰਚ ਜਾਵੇ। ਮੁੰਡਾ ਚਿੱਠੀ ਪੜ੍ਹ ਕੇ ਫ਼ਿਕਰ ਵਿੱਚ ਘਬਰਾਇਆ ਹੋਇਆ ਘਰ ਪਹੁੰਚਿਆ। ਮੈਨੂੰ ਚੰਗੇ ਭਲੇ ਬੈਠੇ ਨੂੰ ਦੇਖ ਕੇ ਉਸ ਦੇ ਸਾਹ ’ਚ ਸਾਹ ਆਇਆ। ਬੈਗ ਮੰਜੇ ’ਤੇ ਰੱਖਦਿਆਂ ਉਸ ਨੇ ਰੋਸ ਪ੍ਰਗਟਾਇਆ, ‘‘ਤੁਹਾਡੇ ਖ਼ਤ ਨੇ ਤਾਂ ਮੈਨੂੰ ਡਰਾ ਹੀ ਦਿੱਤਾ ਸੀ, ਸ਼ੁਕਰ ਏ ਤੁਸੀਂ ਰਾਜ਼ੀ ਖ਼ੁਸ਼ੀ ਹੋ। ਹੁਣ ਦੱਸੋ ਕੀ ਗੱਲ ਐ।’’
‘‘ਐਡੀ ਵੱਡੀ ਖੁਸ਼ਖਬਰੀ ਹੁਣੇ ਕਿਵੇਂ ਦੱਸ ਦਿਆਂ ਘੜੀ ਪਲ ਬੈਠ, ਪਾਣੀ ਧਾਣੀ ਪੀ, ਕੋਈ ਨ੍ਹੀਂ ਦੱਸ ਦਿੰਦਾ ਹਾਂ। ਅੱਵਲ ਤਾਂ ਤੈਨੂੰ ਪਤਾ ਲੱਗ ਹੀ ਗਿਆ ਹੋਊ।’’ ‘‘ਲੈ ਹੱਦ ਕਰਦੇ ਓ ਤੁਸੀਂ! ਮੈਂ ਕਿਹੜਾ ਕੋਈ ਜੋਤਸ਼ੀ ਆਂ।’’ ਗੱਲ ਤਾਂ ਉਹ ਸਮਝ ਗਿਆ ਸੀ, ਬੱਸ ਜਾਣਬੁੱਝ ਕੇ ਮਚਲਾ ਬਣ ਰਿਹਾ ਸੀ। ਮੈਂ ਚਾਅ ਨਾਲ ਕੁੜੀ ਦੀ ਫੋਟੋ ਲਿਆ ਕੇ ਉਸ ਦੇ ਸਾਹਮਣੇ ਰੱਖ ਦਿੱਤੀ ਤੇ ਕਿਹਾ, ‘‘ਤੇਰੀ ਤਾਈ ਸ਼ਾਮੋ ਆਪਣੀ ਭਤੀਜੀ ਦਾ ਸਾਕ ਲਿਆਈ ਏ ਤੇਰੇ ਵਾਸਤੇ। ਦੇਖ ਕੇ ਦੱਸ ਕੁੜੀ ਪਸੰਦ ਏ ਤੇਰੇ?’‘ ਮੈਂ ਡੁੱਲ੍ਹ ਡੁੱਲ੍ਹ ਪੈਂਦੇ ਚਾਅ ਨਾਲ ਪੁੱਛਿਆ।
‘‘ਕੁੜੀ ਤਾਂ ਸੋਹਣੀ ਏਂ ਪਰ...’’ ਉਹ ਗੱਲ ਦੱਸਦਾ ਝਿਜਕ ਰਿਹਾ ਸੀ।
‘‘ਹਾਂ! ਹਾਂ!! ਤੂੰ ਖੁੱਲ੍ਹ ਕੇ ਦੱਸ, ਝਿਜਕਦਾ ਕਿਉਂ ਏਂ?’’
‘‘ਬਾਪੂ ਜੀ! ਗੱਲ ਦਰਅਸਲ ਇਹ ਹੈ ਕਿ ਮੈਂ ਉੱਥੇ ਇੱਕ ਕੁੜੀ ਪਸੰਦ ਕੀਤੀ ਹੋਈ ਐ ਤੇ ਉਸੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ। ਆਹ ਦੇਖੋ ਮੈਂ ਉਸ ਦੀ ਫੋਟੋ ਵੀ ਨਾਲ ਲੈ ਕੇ ਆਇਆ ਹਾਂ।’’ ਉਸ ਨੇ ਲਿਫ਼ਾਫ਼ੇ ਵਿੱਚੋਂ ਕੱਢ ਕੇ ਫੋਟੋ ਮੇਰੇ ਸਾਹਮਣੇ ਕਰ ਦਿੱਤੀ। ਮੈਂ ਫੋਟੋ ਨੂੰ ਧਿਆਨ ਨਾਲ ਦੇਖਿਆ। ਫੋਟੋ ’ਚ ਇੱਕ ਸੋਹਣੀ ਸੁਨੱਖੀ ਮੁਟਿਆਰ ਬੈਠੀ ਮੁਸਕਰਾ ਰਹੀ ਸੀ। ‘‘ਕੁੜੀ ਤਾਂ ਬਹੁਤ ਸੋਹਣੀ ਆ, ਨਾਮ ਕੀ ਐ? ਜਾਤ ਬਰਾਦਰੀ ਕੀ ਐ? ਪੜ੍ਹੀ ਲਿਖੀ ਕਿੰਨੀ ਹੈ?’’ ਮੈਂ ਹਾਬੜਿਆਂ ਵਾਂਗ ਸਾਰੇ ਪ੍ਰਸ਼ਨ ਇਕੱਠੇ ਹੀ ਪੁੱਛ ਲਏ।
‘‘ਬਾਪੂ ਜੀ! ਇਸ ਕੁੜੀ ਦਾ ਨਾਂ ਨੀਲਮ ਹੈ। ਉੱਥੇ ਹੀ ਕੁੜੀਆਂ ਦੇ ਸਕੂਲ ਵਿੱਚ ਅਧਿਆਪਕਾ ਹੈ, ਪਰ ਬਰਾਦਰੀ ਆਪਣੇ ਵਾਲੀ ਨਹੀਂ। ਇਹ ... ਬਰਾਦਰੀ ਵਿੱਚੋਂ ਹੈ।’’ ਮੈਨੂੰ ਇਕਦਮ ਬਿੱਛੂ ਡੰਗ ਵੱਜਿਆ, ‘‘ਉਏ! ਦਿਮਾਗ਼ ਸਹੀ ਏ ਤੇਰਾ? ਦੂਜੀ ਜਾਤ ਦੀ ਧੀ ਸ. ਭਰਪੂਰ ਸਿੰਘ ਬਰਾੜ ਦੀ ਨੂੰਹ ਬਣੇਂਗੀ! ਤੂੰ ਇਹ ਸੋਚ ਕਿਵੇਂ ਲਿਆ? ਨਹੀਂ! ਇਹ ਨਹੀਂ ਹੋ ਸਕਦਾ।’’ ਮੈਂ ਆਪਣੇ ਵੱਲੋਂ ਹੁਕਮ ਸੁਣਾ ਦਿੱਤਾ।
‘‘ਪਰ ਬਾਪੂ ਜੀ! ਮੈਂ ਉਸ ਨੂੰ ਬਚਨ ਦੇ ਚੁੱਕਾ ਹਾਂ, ਨਾਲੇ ਇਹ ਜਾਤ ਬਰਾਦਰੀਆਂ ਤਾਂ ਬੰਦੇ ਨੇ ਆਪਣੇ ਨਿੱਜੀ ਲਾਭਾਂ ਵਾਸਤੇ ਖ਼ੁਦ ਬਣਾਈਆਂ
ਹਨ। ਰੱਬ ਨੇ ਤਾਂ ਸਾਰੇ ਬੰਦੇ ਇੱਕੋ ਜਿਹੇ ਬਣਾਏ ਹਨ। ਵਿਆਹ ਮੇਰਾ ਨਿੱਜੀ ਮਾਮਲਾ ਹੈ, ਇਸ ਵਿੱਚ ਕਿਸੇ ਦੀ ਵੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ, ਭਾਵੇਂ ਤੁਸੀਂ ਹੀ ਕਿਉਂ ਨਾ ਹੋਵੋਂ।’’
‘‘ਇਹ ਤੇਰਾ ਆਖ਼ਰੀ ਫ਼ੈਸਲਾ ਹੈ?’’ ਮੈਂ ਤਲਖ਼ੀ ਨਾਲ ਪੁੱਛਿਆ।
‘‘ਹਾਂ ਜੀ! ਇਹ ਮੇਰਾ ਆਖ਼ਰੀ ਫ਼ੈਸਲਾ ਹੈ।’’
ਮੇਰਾ ਗੁੱਸਾ ਸੱਤਵੇਂ ਆਸਮਾਨ ਤੱਕ ਜਾ ਪੁੱਜਿਆ ਸੀ। ਮੈਂ ਕੜਕ ਕੇ ਬੋਲਿਆ, ‘‘ਚੰਗਾ ਫੇਰ ਤੂੰ ਕਰ ਆਪਣੀ ਮਰਜ਼ੀ। ਅੱਜ ਤੋਂ ਮੈਂ ਤੇਰੇ ਲਈ ਮਰ ਗਿਆ ਤੇ ਤੂੰ ਮੇਰੇ ਲਈ ਮਰ ਗਿਆ। ਮੁੜ ਕੇ ਕਦੇ ਵੀ ਮੇਰੇ ਘਰ ਪੈਰ ਨਾ ਪਾਈਂ।’’ ਹੱਥ ’ਚ ਫੜੀ ਨੀਲਮ ਦੀ ਤਸਵੀਰ ਦੇ ਟੁਕੜੇ ਟੁਕੜੇ ਕਰਕੇ ਮੈਂ ਉਸ ਦੇ ਪੈਰਾਂ ਵਿੱਚ ਵਗਾਹ ਮਾਰੇ। ਉਸ ਨੇ ਸਾਰੇ ਟੁਕੜੇ ਇਕੱਠੇ ਕਰਕੇ ਉਸੇ ਲਿਫ਼ਾਫ਼ੇ ਵਿੱਚ ਪਾ ਲਏ ਜਿਸ ’ਚੋਂ ਕੱਢ ਕੇ ਉਸ ਨੇ ਚਾਅ ਨਾਲ ਮੈਨੂੰ ਵਿਖਾਈ ਸੀ। ਉਹ ਭੁੱਖਣ ਭਾਣਾ ਉਵੇਂ ਹੀ ਸੌਂ ਗਿਆ ਤੇ ਸਵੇਰੇ ਮੂੰਹ ਹਨੇਰੇ ਹੀ ਮੈਨੂੰ ਬਿਨਾਂ ਮਿਲਿਆਂ ਵਾਪਸ ਡਿਊਟੀ ’ਤੇ ਚਲਾ ਗਿਆ।
ਗੁਆਂਢੀਆਂ ਦੇ ਘਰੋਂ ਜਾਗੋ ਕੱਢਣ ਤੋਂ ਬਾਅਦ ਪੈਂਦੇ ਗਿੱਧੇ ਨੇ ਮੈਨੂੰ ਅਤੀਤ ਦੀਆਂ ਯਾਦਾਂ ’ਚੋਂ ਕੱਢ ਕੇ ਫਿਰ ਵਰਤਮਾਨ ਨਾਲ ਜੋੜ ਦਿੱਤਾ ਹੈ। ਦਾਰੂ ਨਾਲ ਰੱਜੇ ਮੁੰਡੇ ਨੱਚਦੇ ਹੋਏ ਬੋਲੀਆਂ ਪਾ ਰਹੇ ਹਨ:
ਬਈ ਹੱਸ ਕੇ ਨਾਰ ਜੇ ਲੰਘ ਜੇ ਕੋਲ ਦੀ, ਮਗਰੋਂ ਪੈਂਦੀਆਂ ਹਾਕਾਂ।
ਬਈ ਲੜ ਕੁੜਤੀ ਦੇ ਉੱਡਗੇ ਚਾਰੇ ਨੰਗੀਆਂ ਹੋਗੀਆਂ ਢਾਕਾਂ
ਨੀ ਦਿਲ ਮਿਲ ਗਿਆਂ ਤੋਂ ਕਾਹਤੋਂ ਪਰਖਦੀ ਜਾਤਾਂ, ਨੀ ਦਿਲ...
ਮੇਰੇ ਦਿਲ ਦਾ ਸ਼ੱਕ ਪੱਕਾ ਹੋਈ ਜਾਂਦਾ ਏ ਕਿ ਇਹ ਬੋਲੀਆਂ ਮੈਨੂੰ ‘ਰੜਕਾ’
ਕੇ ਪਾਈਆਂ ਜਾ ਰਹੀਆਂ ਹਨ ਪਰ ਗੱਲ ਤਾਂ ਸੱਚੀ ਐ, ਗੱਲ ਤਾਂ ਸਾਰੀ ਮਨ ਮਿਲਿਆਂ ਦੀ ਹੀ ਹੁੰਦੀ ਹੈ। ਮਨ ਮਿਲੇ ਕਰਕੇ ਹੀ ਮਹੀਂਵਾਲ ਨੇ ਰਾਜ ਭਾਗ ਛੱਡ ਕੇ ਝਨਾਂ ਦੇ ਕੰਢੇ ਕੁੱਲੀ ਪਾ ਲਈ ਸੀ ਤੇ ਮੇਰਾ ਜਤਿੰਦਰ ਵੀ ਆਪਣੇ ਪਿਆਰ ਦੀ ਖ਼ਾਤਰ ਜ਼ਮੀਨ ਜਾਇਦਾਦ ਤੇ ਭਰਿਆ ਭਕੁੰਨਿਆ ਘਰ ਛੱਡ ਕੇ ਦੂਰ ਜਾ ਬੈਠਾ ਹੈ। ਮੈਂ ਤਾਂ ਉਸ ਦੀ ਆਈ ਚਿੱਠੀ ਵੀ ਬਿਨਾਂ ਪੜ੍ਹੇ ਤੋਂ ਪਾੜ ਕੇ ਸੁੱਟ ਦਿੰਦਾ ਹਾਂ। ਪਿੰਡ ਦੇ ਲੋਕ ਜਿਹੜੇ ਉੱਥੇ ਕੰਮੀਂ ਕਾਰੀਂ ਜਾਂਦੇ ਹਨ ਉਸ ਨੂੰ ਜ਼ਰੂਰ ਮਿਲ ਕੇ ਆਉਂਦੇ ਹਨ। ਫੇਰ ਉੱਥੋਂ ਆ ਕੇ ਸੁਆਦ ਲਾ ਲਾ ਕੇ ਮੈਨੂੰ ਗੱਲਾਂ ਦੱਸਣਗੇ ਅਖੇ, ‘‘ਬਈ ਕੁੜੀ ਬੜੀ ਸੋਹਣੀ ਲੱਭੀ ਪੱਟੂ ਨੇ, ਜਮਾਂ ਈ ਮੇਮਾਂ ਅਰਗੀ। ਤੇਰੇ ਦੋਵੇਂ ਪੋਤਰੇ ਗੋਰੇ ਚਿੱਟੇ ਜਿਵੇਂ ਅੰਗਰੇਜ਼ਾਂ ਦੇ ਜੁਆਕ ਹੋਣ।’’
ਜਤਿੰਦਰ ਦੇ ਖ਼ਤ ਤਾਂ ਮੈਂ ਬਿਨਾਂ ਪੜ੍ਹੇ ਹੀ ਪਾੜ ਕੇ ਸੁੱਟ ਦਿੰਦਾ ਹਾਂ। ਕੱਲ੍ਹ ਆਈ ਚਿੱਠੀ ’ਤੇ ਪਤਾ ਨਹੀਂ ਮੈਨੂੰ ਕਿਵੇਂ ਤਰਸ ਆ ਗਿਆ ਤੇ ਮੈਂ ਸਾਂਭ ਕੇ ਰੱਖ ਲਈ। ਸੋਹਣੇ ਸੋਹਣੇ ਮੋਤੀਆਂ ਵਰਗੇ ਅੱਖਰਾਂ ਵਿੱਚ ਲਿਖਿਆ ਹੋਇਆ ਐਡਰੈੱਸ ਦੇਖ ਕੇ ਮੇਰਾ ਖ਼ਤ ਪਾੜ ਕੇ ਸੁੱਟਣ ਨੂੰ ਜੀਅ ਹੀ ਨਹੀਂ ਸੀ ਕੀਤਾ ਤੇ ਉਹ ਖ਼ਤ ਉਵੇਂ ਜਿਵੇਂ ਮੇਰੇ ਸਿਰਹਾਣੇ ਥੱਲੇ ਪਿਆ ਹੈ। ਖ਼ਤ ਕੱਢ ਕੇ ਪੜ੍ਹਨ ਬੈਠ ਜਾਂਦਾ ਹਾਂ। ਇਹ ਖ਼ਤ ਨੂੰਹ ਰਾਣੀ ਵੱਲੋਂ ਹੈ।
ਲਿਖਦੀ ਹੈ:
ਸਤਿਕਾਰ ਯੋਗ ਪਿਤਾ ਜੀ, ਪ੍ਰਣਾਮ ਭੇਜਦੀ ਹਾਂ। ਵੱਡੇ ਹੋ ਰਹੇ ਆਪ ਜੀ ਦੇ ਪੋਤਰੇ ਅਜੀਬ ਅਜੀਬ ਸਵਾਲ ਪੁੱਛਦੇ ਹਨ ਕਿ ਸਾਰੇ ਲੋਕ ਛੁੱਟੀਆਂ ਦੌਰਾਨ ਆਪੋ ਆਪਣੇ ਘਰਾਂ ਨੂੰ ਜਾਂਦੇ ਹਨ। ਮੰਮੀ ਪਾਪਾ! ਆਪਣਾ ਘਰ ਕਿੱਥੇ ਹੈ? ਉੱਥੇ ਸਾਡੇ ਕੌਣ ਕੌਣ ਰਹਿੰਦੇ ਹਨ? ਜਦੋਂ ਦਾ ਇਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਘਰ ਵਿੱਚ ਇਨ੍ਹਾਂ ਦੇ ਦਾਦਾ ਜੀ ਰਹਿੰਦੇ ਹਨ ਇਹ ਆਪ ਜੀ ਨੂੰ ਮਿਲਣ ਵਾਸਤੇ ਕਾਹਲੇ ਪਏ ਹੋਏ ਹਨ। ਕਿਰਪਾ ਕਰਕੇ ਇਨ੍ਹਾਂ ਨੂੰ ਬੱਚਿਆਂ ਸਮੇਤ ਘਰ ਆਉਣ ਦੀ ਇਜਾਜ਼ਤ ਦੇ ਦਿਉ। ਜੇਕਰ ਤੁਹਾਨੂੰ ਮੇਰੇ ਆਉਣ ’ਤੇ ਇਤਰਾਜ਼ ਹੈ ਮੈਂ ਨਾਲ ਨਹੀਂ ਆਵਾਂਗੀ। ਬੱਸ ਬੱਚਿਆਂ ਦੀ ਦਿਲੀ ਇੱਛਾ ਪੂਰੀ ਹੋ ਜਾਵੇਗੀ। ਮੇਰੇ ਲਈ ਏਨਾ ਹੀ ਬਹੁਤ ਹੈ।
ਤੁਹਾਡੀ ਬੇਟੀ ਨੀਲਮ।
ਹੇਠਾਂ ਘਰ ਦਾ ਪੂਰਾ ਐਡਰੈੱਸ ਲਿਖਿਆ ਹੋਇਆ ਸੀ। ਚਿੱਠੀ ਪੜ੍ਹ ਕੇ ਅੱਖਾਂ ਵਿੱਚੋਂ ਪਰਨਾਲੇ ਚੱਲ ਪੈਂਦੇ ਹਨ। ਆਪਣੇ ਮਨ ਨੂੰ ਲਾਹਨਤਾਂ ਪਾਉਂਦਾ ਹਾਂ, ‘ਕੀ ਖੱਟਿਐ ਤੂੰ ਜ਼ਿੱਦ ਕਰਕੇ? ਚੰਗਾ ਭਲਾ ਸਾਊ ਪੁੱਤ ਘਰੋਂ ਕੱਢ ਦਿੱਤਾ ਫੋਕੀ ਹੈਂਕੜਬਾਜ਼ੀ ’ਚ। ਉਹਦੀ ਮਾਂ ਤਾਂ ਕਹਿ ਕੇ ਗਈ ਸੀ, ਇਸ ਬੱਚੇ ਦੀ ਮਾਂ ਤੇ ਪਿਓ ਦੋਵੇਂ ਬਣ ਕੇ ਰਹੀਂ, ਮੈਥੋਂ ਉਜੱਡ ਤੋਂ ਤਾਂ ’ਕੱਲਾ ਪਿਉ ਬਣ ਕੇ ਵੀ ਨਾ ਦਿਖਾ ਹੋਇਆ। ਨਾਲੇ ਕੀ ਰੱਖਿਆ ਪਿਐ ਜਾਤ ਬਰਾਦਰੀਆਂ ’ਚ। ਜਤਿੰਦਰ ਸੱਚ ਹੀ ਤਾਂ ਕਹਿੰਦਾ ਸੀ ਕਿ ਰੱਬ ਨੇ ਸਾਰੇ ਬੰਦੇ ਇੱਕੋ ਜਿਹੇ ਬਣਾਏ ਹਨ, ਪਰ ਮੈਂ ਉਸ ਦੀ ਗੱਲ ਖਾਨੇ ’ਚ ਹੀ ਨਹੀਂ ਪਾਈ। ਲੱਖ ਲਾਹਨਤ! ਮੇਰੀ ਇਹੋ ਜਿਹੀ ਘਟੀਆ ਸੋਚ ਦੇ!’
ਮਨ ਪੋਤਿਆਂ ਨੂੰ ਦੇਖਣ ਲਈ ਵਿਲਕ ਉੱਠਦਾ ਹੈ। ਸਵੇਰੇ ਸਾਝਰੇ ਹੀ ਉੱਠ ਕੇ ਤਿਆਰ ਹੋਣ ਲੱਗ ਪੈਂਦਾ ਹਾਂ ਤੇ ਖ਼ਤ ’ਤੇ ਲਿਖੇ ਐਡਰੈੱਸ ਨੂੰ ਸੰਭਾਲ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡੋਂ ਤੁਰ ਪੈਂਦਾ ਹਾਂ। ਸਵੇਰੇ ਸਵੇਰੇ ਘਾਹ ’ਤੇ ਪਏ ਤਰੇਲ ਤੁਪਕੇ ਮੁਸਕਰਾਉਂਦੇ ਹੋਏ ਮੇਰੇ ਵੱਲੋਂ ਕੀਤੇ ਫ਼ੈਸਲੇ ਦਾ ਸਵਾਗਤ ਕਰਦੇ ਜਾਪ ਰਹੇ ਸਨ।
ਸੰਪਰਕ: 78146-98117

Advertisement

Advertisement
Author Image

Ravneet Kaur

View all posts

Advertisement