For the best experience, open
https://m.punjabitribuneonline.com
on your mobile browser.
Advertisement

ਅਹਿਮਦ ਸਲੀਮ ਦੀਆਂ ਕੁਝ ਕਵਿਤਾਵਾਂ

06:26 AM Dec 21, 2023 IST
ਅਹਿਮਦ ਸਲੀਮ ਦੀਆਂ ਕੁਝ ਕਵਿਤਾਵਾਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਘਰ ਦੇ ਖਿਲਾਫ਼ ਦੋ ਹਾਉਕੇ

(I)
ਨਜ਼ਮਾਂ ਦੇ ਅੰਗ ਮੁਰਝਾਂਦੇ ਪਏ।
ਦੋਸਤੀ ਦਾ ਕਾਅਬਾ ਮੇਰੀ ਪਨਾਹ ਨਹੀਂ ਬਣਿਆ।
ਹੰਝੂਆਂ ਨੇ ਕਿਹੋ ਜਿਹਾ ਮੇਲ ਕਰਾਇਆ ਸੀ।
ਮੈਨੂੰ ਆਪਣੇ ਘਰ ਦਾ ਰਾਹ ਭੁੱਲ ਗਿਆ ਏ।

Advertisement

ਆਪਣਾ ਘਰ?
ਇਹ ‘ਆਪਣਾ’ ਕੀ ਹੁੰਦਾ ਏ
ਐਸ ਕਮੀਨੀ ਪਰਾਈ ਦੁਨੀਆ ਵਿੱਚ
ਸਿਰਫ਼ ਇੱਕ ਘਰ ਏ।
ਪਰ ਕੰਧਾਂ ਦੀ ਵਲਗਣ ਹਿਫ਼ਾਜ਼ਤ ਨਹੀਂ ਕਰਦੀ,
ਕੈਦ ਕਰਦੀ ਏ
ਮੈਂ ਐਸ ਘਰ ਵਿੱਚ ਰਹਿੰਦੀ ਇੱਕ ਔਰਤ ਦੀ ਮੰਜੀ ਤੋਂ ਦੂਰ
ਜ਼ਮੀਨ ’ਤੇ ਹੀ ਸੌਂ ਜਾਂਦਾ ਵਾਂ।
ਕਿਤਾਬਾਂ ਤੇ ਹੰਝੂਆਂ ਦੇ ਵਿਚਕਾਰ
ਪਰ ਰਾਤ ਮੈਨੂੰ ਜਗਾ ਦੇਂਦੀ
ਤੇ ਆਪ ਗੁੱਠੇ ਸੁੰਗੜ ਕੇ ਬਹਿ ਜਾਂਦੀ
ਰਾਤ ਨਾਲ ਮੇਰਾ ਚੁੱਪ ਦਾ ਮੁਕਾਲਮਾ ਏ
ਸਾਡੇ ਇਸ ਮੁਕਾਲਮੇ ਵਿੱਚ ਕਈ ਵਾਰ ਤੇਰਾ ਨਾਂ ਆਉਂਦਾ
ਤੇ ਮੇਰੀਆਂ ਅੱਖਾਂ ਵਿੱਚ ਆ ਕੇ ਬਹਿ ਜਾਂਦਾ
ਜ਼ਖ਼ਮੀ ਤੇ ਲਹੂ-ਲੂਹਾਨ।

Advertisement

ਫੇਰ ਮੈਂ ਅੱਖਾਂ ਬੰਦ ਨਹੀਂ ਕਰ ਸਕਦਾ
ਤੇ ਨਾ ਤੈਨੂੰ ਯਾਦ ਕਰ ਸਕਦਾ ਆਪਣੇ ਇਕਲਾਪੇ ਵਿੱਚ...!
ਨਾ ਤੇਰਾ ਤਸੱਵਰ ਕਰ ਸਕਦਾ
ਦਿਲ ਦੇ ਖ਼ਾਲੀਪਣ ਵਿੱਚ...!
ਸਵੇਰ ਹੋ ਜਾਂਦੀ ਏ।
ਤੇ ਹਨ੍ਹੇਰੇ ਦੀਆਂ ਆਦੀ ਅੱਖਾਂ
ਕੁਝ ਨਹੀਂ ਵੇਖ ਸਕਦੀਆਂ।
ਸਿਰਫ਼ ਲਹੂ ਵਗਦਾ ਉਨ੍ਹਾਂ ਵਿੱਚੋਂ ਤੇਰੇ ਜ਼ਖ਼ਮਾਂ ਦਾ
ਤੇ ਮੇਰਾ ਮੂੰਹ
ਚਾਹ ਦੇ ਘੁੱਟ ਨਾਲ ਲਹੂ ਤੇ ਹੰਝੂਆਂ ਨਾਲ ਭਰ ਜਾਂਦਾ।
(II)
ਤੇਰੇ ਤੇ ਮੇਰੇ ਵਿਚਕਾਰ ਰਾਤ ਇੱਕ ਦੂਰੀ ਵਾਂਗਰ ਏ।
ਤੇ ਸਾਡੇ ਦਿਲ ਇੱਕ ਪਲ ਦੀ ਵਿਥ ਤੋਂ ਵਿਛੜ ਗਏ...
ਉਨ੍ਹਾਂ ਤੈਨੂੰ ਅਗਵਾ ਕੀਤਾ
ਆਪਣੇ ਹੀ ਘਰ ’ਚੋਂ,
ਤੇ ਤੇਰਾ ਪਿੰਜਰਾ ਮੇਰੇ ਦਿਲ ਵਿੱਚ ਨਾ ਖੁੱਲ੍ਹਿਆ।
ਜੰਦਰਾ, ਇੱਕ ਜ਼ਖ਼ਮ ਵਾਂਗਰ ਖੁੱਲ੍ਹਿਆ ਹੋਇਆ ਨਹੀਂ ਸੀ
ਇੱਕ ਚੁੱਪ ਵਾਂਗਰ ਬੰਦ ਸੀ
ਤੇ ਬੋਲ ਚਾਬੀਆਂ ਨਹੀਂ ਹੁੰਦੇ।

ਤੈਨੂੰ ਵੇਖ ਕੇ ਜੀਵਨ ਦੇ ਮਾਇਨੇ ਸਮਝ ਆਏ ਸਨ।
ਤੇ ਤੈਨੂੰ ਪਿਆਰ ਕਰਕੇ ਮੌਤ ਦੇ...
ਜੁਦਾਈ ਜੈਤੂਨ ਦੀ ਸ਼ਾਖ ਹੁੰਦੀ ਏ।
ਪਰ ਉਹਦੇ ਤੇ ਆਜ਼ਾਦੀ ਦੇ ਫੁੱਲ ਖਿੜਨੇ ਚਾਹੀਦੇ।
ਏਥੇ ਪਿਆਰ ਵੀ ਕੈਦੀ ਬਣਾਂਦਾ ਏ।
ਇੱਕ ਨੂੰ ਦੂਜੇ ਦਾ
ਰਿਹਾਈ ਦੀ ਉਡੀਕ ਬਨਬਾਸ ਜਿੰਨੀ ਲੰਮੀ ਹੋ ਗਈ।

ਅਸਾਂ ਵੀ ਮੁਹੱਬਤ ਕੀਤੀ ਸੀ।
ਯਾਰ! ਹੱਦਾਂ ਸਰਹੱਦਾਂ ਕੀ ਕਰ ਲੈਂਦੀਆਂ।
ਇੱਕ ਗੋਲੀ ਸਾਰਾ ਹਿਸਾਬ ਚੁਕਾ ਸਕਦੀ ਸੀ।
ਤੂੰ ਕਿਹੋ ਜਹੇ ਕੰਢਿਆਂ ’ਤੇ ਟੁਰ ਕੇ ਆਈ।
ਕਿ ਮੇਰੇ ਸਿਹਰੇ ਦੇ ਫੁੱਲ ਸ਼ਰਮਾ ਗਏ।
ਅਸੀਂ ਗ਼ੁਲਾਮੀ ਨੂੰ ਫੁੱਲਾਂ ਨਾਲ ਸਜਾਂਦੇ ਹਾਂ।
ਤੇ ਝੂਠੇ ਰਿਸ਼ਤੇ ਨੂੰ ਸੱਚ ਵਾਂਗ ਹੰਢਾਂਦੇ ਹਾਂ।
ਰਾਤ ਦਿਲਾਂ ਦੇ ਪਰਦੇ ਚਾਕ ਕਰ ਰਹੀ ਏ।
ਤੇ ਇੱਕ ਸਚਾਈ ਹੋਰ ਵੀ ਸੀ- ਨਫ਼ਰਤ
ਹੰਝੂਆਂ ਨੇ ਸਾਨੂੰ ਤਾਰਨਾ ਸੀ।
ਪਰ ਅੱਜਕੱਲ੍ਹ ਕੱਚੇ ਘੜੇ ਨਹੀਂ ਹੁੰਦੇ।

ਕਿਸ ਨੇ ਆਖਿਆ ਸੀ ਕੁੜੀਆਂ ਦੀ ਬੇਵਫ਼ਾਈ ਤੋਂ ਨਹੀਂ
ਉਨ੍ਹਾਂ ਦੀ ਵਫ਼ਾ ਤੋਂ ਡਰ ਲਗਦਾ ਏ।
ਉਹ ਰਾਹਵਾਂ ਤੇ ਵਿਛ ਜਾਂਦੀ ਏ।
ਤੱਤੀ ਰਾਤ ਵਾਂਗ

ਤੇ ਕੁੜੀਆਂ ਨੂੰ ਉਨ੍ਹੀਂ ਰਾਹੀਂ
ਆਪ ਟੁਰਨਾ ਹੁੰਦਾ ਏ ਕੱਲਮ ਕੱਲਿਆਂ
ਅਸੀਂ ਚਾਰ ਕੰਧਾਂ ਤੇ ਇੱਕ ਛੱਤ ਸਲਾਮਤ ਵੇਖਣਾ ਚਾਹੁੰਦੇ ਹਾਂ
ਤੇ ਉਹਦਾ ਮੁੱਲ ਭਰਦੇ ਆਂ, ਉਨ੍ਹਾਂ ਕੰਧਾਂ ਹੇਠਾਂ ਦਫ਼ਨ ਹੋ ਕੇ।
ਚਾਰ ਕੰਧਾਂ ਤੇ ਇੱਕ ਛੱਤ।
ਨਾਲੇ ਨਿਕਾਹ ਦੀ ਇੱਕ ਪਵਿੱਤਰ ਦਸਤਾਵੇਜ਼
ਹੁਣ ਨਾ-ਹੱਕ ਵੀ, ਹੱਕ ਬਣ ਜਾਂਦਾ
ਘਰਾਂ ਦੀ ਸਲਾਮਤੀ, ਦਿਲਾਂ ਨੂੰ ਕਤਲ ਕਰ ਰਹੀ ਏ!

ਮੈਂ ਰਾਹ ਨਹੀਂ ਮੰਗਦਾ।
ਰਾਹ ਵੀ ਉੱਥੇ ਹੀ ਪਹੁੰਚਾਂਦੇ ਨੇ ਜਿੱਥੇ ਬੰਦ ਗਲੀਆਂ
ਸੋ ਕੁਝ ਨਹੀਂ ਵਿਗੜੇਗਾ।
ਤੂੰ ਸਿਰਫ਼ ਮੇਰਾ ਹੱਥ ਨਾ ਛੱਡੀਂ
ਤੇ ਮੁਸਕਰਾਵੀਂ ਜਦੋਂ ਉਹ ਵੱਢਿਆ ਜਾਵੇ।
ਅਸੀਂ ਹਾਸੇ ਵਿੱਚ ਹੀ ਰੁਸ ਗਏ।
ਇੱਕ ਦੂਜੇ ਕੋਲੋਂ ਮੂੰਹ ਮੋੜ ਕੇ
ਕੋਲ ਕੋਲ ਬਹਿਣਾ ਤੱਤੀ ਰੇਤ ’ਤੇ
ਟੁਰਨ ਦਾ ਪਹਿਲਾ ਤਜਰਬਾ ਨਹੀਂ
ਨਾ ਅਖੀਰਲਾ ਏ।

ਕੀ ਸੱਚਮੁੱਚ ਤੈਨੂੰ ਕੋਈ ਪਛਤਾਵਾ ਨਹੀਂ
ਉਸ ਔਰਤ ਨੂੰ ਸਮਝਾਣਾ ਔਖਾ ਏ ਜਿਹੜੀ ਕਈ ਵਾਰ
ਮੈਨੂੰ ਆਪਣੀ ਮੰਜੀ ਤੇ ਨਾ ਵੇਖ ਕੇ
ਸਭ ਤੋਂ ਪਹਿਲਾਂ ਮੈਨੂੰ ਤੇਰੇ ਦਿਲ ਵਿੱਚ ਲੱਭਦੀ ਏ।
ਹਨੇਰਾ ਪੈਰਾਂ ਤੀਕ ਆ ਗਿਆ ਏ।
ਤੇ ਚਾਨਣ ਪੈਰਾਂ ਹੇਠ।

ਤੂੰ ਆਪਣੇ ਸ਼ਹਿਰ ਦੀਆਂ ਸੜਕਾਂ ਤੇ
ਮੇਰੀ ਬਾਂਹ ਫੜ ਕੇ ਟੁਰਨਾ ਸੀ।
ਪਰ ਅੱਜ ਮੇਰੇ ਹੰਝੂਆਂ ਵਿੱਚ
ਤੇਰਾ ਖ਼ਿਆਲ ਵੀ ਮਰਦਾ ਪਿਆ
ਤੂੰ ਅਕਤੂਬਰ ਦੀ ਇੱਕ ਨਿੱਘੀ ਸ਼ਾਮ ਨੂੰ ਆਣਾ ਸੀ
ਤੇਰੀ ਥਾਵੇਂ ਸਾਹ ਮੁੜਦੇ ਪਏ ਨੇ
ਕੀ ਮੇਰੀ ਹਯਾਤੀ ਦਾ ਇਹ ਆਖਰੀ ਅਕਤੂਬਰ ਸੀ
ਸਰਹੱਦਾਂ ਤੇ ਲੱਗੀਆਂ
ਤੇਜ਼ ਸਰਚ ਲਾਈਟਾਂ ਨੇ ਸੰਦੇਸਾ ਘੱਲਿਆ ਏ।
ਇੱਕ ਸਰਚ ਟਾਵਰ ਘਰ ਵਿੱਚ ਹੁੰਦਾ ਏ।
* * *
ਕਿਹੜਾ ਦਰ ਖੜਕਾਵਾਂ, ਕਿਹੜੇ ਪੱਤਣ ਮੱਲਾਂ,
ਬੂਹੇ-ਬੂਹੇ,
ਰਾਤ ਦੇ ਠਰਦੇ ਹੋਠਾਂ ਉੱਤੇ,
ਤੱਤੀਆਂ ਗੱਲਾਂ।
* * *
ਰਾਤ ਦੇ ਕਾਲੇ ਭੋਛਨ ਉੱਤੇ,
ਚਿੱਟੇ ਢੀਂਹ ਦਾ ਰੱਤੜਾ ਫੁੱਲ
ਇਹ ਫੁਲਕਾਰੀ ਦੋ ਜੁੱਸਿਆਂ ਦੀ ਸਾਂਝ ਦਾ ਮੁੱਲ।

Advertisement
Author Image

Advertisement