ਅਸਾਮ: ਈਦ ਦੌਰਾਨ ਪਸ਼ੂਆਂ ਨੂੰ ਮਾਰਨ ਦੇ ਦੋਸ਼ ਹੇਠ 16 ਕਾਬੂ
ਗੁਹਾਟੀ, 8 ਜੂਨ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਈਦ ਮੌਕੇ ਸੂਬੇ ਵਿੱਚ ਪਸ਼ੂਆਂ ਨੂੰ ਗ਼ੈਰਕਾਨੂੰਨੀ ਤੌਰ ’ਤੇ ਮਾਰਨ ਦੇ ਦੋਸ਼ ਹੇਠ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਦੋ ਫਿਰਕਿਆਂ ਨਾਲ ਸਬੰਧਤ ਲੋਕਾਂ ਨੇ ਵੱਖੋ-ਵੱਖਰੀਆਂ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਅਤੇ ਉਨ੍ਹਾਂ ਦੀਆਂ ਪੁਲੀਸ ਨਾਲ ਝੜਪਾਂ ਹੋਈਆਂ। ਮੁੱਖ ਮੰਤਰੀ ਨੇ ਕਿਹਾ ਕਿ ਬਰਾਕ ਘਾਟੀ ਦੇ ਦੋ ਜ਼ਿਲ੍ਹਿਆਂ ਕਛਾਰ ਦੇ ਗੁਮਰਾ, ਸਿਲਚਰ ਤੇ ਲਖੀਪੁਰ ਅਤੇ ਕਰੀਮਗੰਜ ਵਿੱਚ ਬਦਰਪੁਰ ਤੇ ਬੰਗਾ ਵਿੱਚ ਪਸ਼ੂਆਂ ਨੂੰ ਮਾਰਨ ਵਾਲੀਆਂ ਪੰਜ ਗ਼ੈਰਕਾਨੂੰਨੀ ਥਾਵਾਂ ਮਿਲੀਆਂ ਹਨ। ਇਕ ਅਧਿਕਾਰੀ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹੋਜਾਈ ’ਚ ਸੜਕ ਜਾਮ ਕਰਕੇ ਦੋਸ਼ ਲਾਇਆ ਕਿ ਸ਼ਨਿਚਰਵਾਰ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਮਾਸ ਦੇ ਕੁਝ ਟੁੱਕੜੇ ਸੁੱਟੇ ਸਨ ਜਦਕਿ ਮੁਸਲਮਾਨਾਂ ਨੇ ਵੀ ਇਕ ਹੋਰ ਥਾਂ ’ਤੇ ਸੜਕ ਜਾਮ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਪੁਲੀਸ ਨੇ ਮਾਸ ਦੇ ਟੁੱਕੜੇ ਜਾਂਚ ਲਈ ਭੇਜ ਦਿੱਤੇ ਹਨ। ਸਰਮਾ ਨੇ ‘ਐਕਸ’ ’ਤੇ ਲਿਖਿਆ, ‘‘ਸਾਡਾ ਸੰਵਿਧਾਨ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ ਪਰ ਇਹ ਕਾਨੂੰਨ ਦੇ ਸ਼ਾਸਨ ਅਤੇ ਜਨਤਕ ਪ੍ਰਬੰਧ ਬਣਾਈ ਰੱਖਣ ਬਾਰੇ ਵੀ ਗੱਲ ਕਰਦਾ ਹੈ। ਈਦ-ਉਲ-ਜ਼ੁਹਾ ਮੌਕੇ ਅਸਾਮ ਵਿੱਚ ਕਈ ਥਾਵਾਂ ਤੋਂ ਪਸ਼ੂਆਂ ਨੂੰ ਗ਼ੈਰਕਾਨੂੰਨੀ ਤੌਰ ’ਤੇ ਮਾਰਨ ਅਤੇ ਉਨ੍ਹਾਂ ਦੇ ਅੰਗ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।’’ ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ’ਚ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਛਾਰ ਤੋਂ ਨੌਂ ਅਤੇ ਸ੍ਰੀਭੂਮੀ ਤੋਂ ਸੱਤ ਵਿਅਕਤੀ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ । -ਪੀਟੀਆਈ