For the best experience, open
https://m.punjabitribuneonline.com
on your mobile browser.
Advertisement

ਅਸਾਡਾ ਇੰਦਰ, ਤੇਰਾ ਖੁਆਜਾ

04:09 AM Apr 13, 2025 IST
ਅਸਾਡਾ ਇੰਦਰ  ਤੇਰਾ ਖੁਆਜਾ
ਚਿੱਤਰ: ਸੰਦੀਪ ਜੋਸ਼ੀ
Advertisement

ਚਰਨਜੀਤ ਭੁੱਲਰ

Advertisement

ਸਿਆਣਪ ਕਿਤੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਵਿਧਾਨ ਸਭਾ ’ਚ ਗਿਆਨ ਦੀ ਗੰਗਾ ਵਗਾ ਦਿੱਤੀ। ਜੇ ਕੋਈ ਵਗਦੀ ਗੰਗਾ ’ਚ ਹੱਥ ਨਾ ਧੋਵੇ, ਫਿਰ ਗੋਇਲ ਵਿਚਾਰਾ ਕੀ ਕਰੇ? ਮੰਤਰੀ ਜਨ ਇੰਜ ਫ਼ਰਮਾਏ, ‘‘ਮੈਂ ਤੀਹ ਸਾਲਾਂ ਤੋਂ ਅੱਧੀ ਬਾਲਟੀ ਪਾਣੀ ਨਾਲ ਨਹਾਉਂਦਾ, ਹਫ਼ਤੇ ’ਚੋਂ ਇੱਕ ਦਿਨ ਸਾਬਣ ਲਾਈਦੀ ਐ, ਓਦਣ ਪੌਣੀ ਬਾਲਟੀ ਨਾਲ ਨਹਾਉਂਦਾ।’’ ‘‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’’, ਪਾਤਰ ਨੂੰ ਧਿਆ ਕੇ ਗੋਇਲ ਸਾਹਿਬ ‘ਬਾਲਟੀ ਨੁਸਖਾ’ ਰੱਖ ਤੁਰਦੇ ਬਣੇ। ਨਾਲੇ ਪਾਣੀ ਦੀ ਬੱਚਤ, ਨਾਲੇ ਸਾਬਣ ਦੀ।
ਲੇਖਕ ਗੁਲਜ਼ਾਰ ਸੰਧੂ ਆਖਦੇ ਨੇ, ‘‘ਸਾਡੀ ਬੇਬੇ ਇੱਕ ਗੜਵੀ ਪਾਣੀ ਨਾਲ ਨਹਾ ਲੈਂਦੀ ਸੀ।’’ ਅਸੀਂ ਆਪਣਾ ਖ਼ਾਸਾ ਹੀ ਭੁੱਲ ਬੈਠੇ ਹਾਂ। ਪਿਛਾਂਹ ਚੱਲਦੇ ਹਾਂ ਜਦੋਂ ਗੂੰਜ ਪੈਂਦੀ ਹੁੰਦੀ ਸੀ: ਸ਼ਰਬਤ ਵਰਗਾ ਪਾਣੀ, ਸੰਤਾਂ ਦੀ ਖੂਹੀ ਦਾ। ਪਾਣੀ ਘੱਟ ਡੂੰਘੇ ਸਨ, ਸੋਚ ਡੂੰਘੀ ਸੀ। ਗੁਰਦਾਸ ਮਾਨ ਨੇ ਸੱਚ ਗਾਇਆ, ‘ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ’। ਛੱਪੜਾਂ ’ਚ ਨਾਲੇ ਮਸਤੀ, ਨਾਲੋ ਨਾਲ ਨਹਾਉਣ ਹੋ ਜਾਂਦਾ। ਜਿਨ੍ਹਾਂ ਨੂੰ ਮੂੰਹ-ਹੱਥ ਧੋਣ ਦਾ ਵੈਲ ਸੀ ਉਹ ਆਖਦੇ, ‘‘ਨ੍ਹਾਵੇ ਨਰਕ ਨੂੰ ਜਾਵੇ।’’ ਗ਼ਰੀਬ ਬੰਦੇ ਆਖਦੇ, ‘‘ਮੂੰਹ ਧੋਵੇ, ਰੋਜੀ ਖੋਵੇ।’’
ਸੁਸਤ ਪ੍ਰਸ਼ਾਦ ਦੋਵੇਂ ਪੈਰ ਤੇ ਦੋਵੇਂ ਹੱਥ ਧੋ ਕੇ, ਮੂੰਹ ’ਤੇ ਛਿੱਟੇ ਮਾਰ ਆਖਦੇ ਨੇ, ‘‘ਪੰਜ ਇਸ਼ਨਾਨਾਂ ਕਿਹੜਾ ਸੌਖੈ।’’ ਪੰਜ ਇਸ਼ਨਾਨਾਂ-ਮਹਾਂ ਗਿਆਨਾ, ਨਿੱਤ ਨ੍ਹਾਵੇ ਦਲਿੱਦਰੀ। ਇਕੇਰਾਂ ਮੀਂਹ ਪੁਆਉਣ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੇ ਔਰਤਾਂ ਨੂੰ ਨਾਲ ਲੈ ਕੇ ਗੁੱਡੀ ਫੂਕੀ ਸੀ। ਇੰਦਰ ਦੇਵਤਾ ਮਿਹਰਬਾਨ ਹੋਇਆ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਬਰਿੰਦਰ ਗੋਇਲ ਨੇ ਲਹਿਰੇਗਾਗੇ ਤੋਂ ਬੀਬੀ ਦੀ ਝੋਲੀ ਆਪਣੇ ਕਰ ਕਮਲਾਂ ਨਾਲ ‘ਹਾਰ’ ਪਾਈ। ਛੁਪੇ ਰੁਸਤਮ ਨਹੀਂ, ਗੋਇਲ ਸਾਹਬ ਬੱਚਤਖੋਰੇ ਜ਼ਰੂਰ ਨਿਕਲੇ ਜਿਨ੍ਹਾਂ ਦੀ ਘਾਲਣਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਹੁਣ ‘ਤੁਪਕਾ ਨਹਾਈ ਯੋਜਨਾ’ ਸ਼ੁਰੂ ਕਰਨੀ ਚਾਹੀਦੀ ਹੈ।
ਪਾਣੀ ਖਾਰੇ ਤੇ ਕਾਲੇ ਹੋਏ ਨੇ। ਕਦੇ ਇਹ ਪਾਣੀ ਨਹਿਰੀ ਹੁੰਦੇ ਸਨ। ਸਤਿੰਦਰ ਸਰਤਾਜ ਵੀ ਇਹੋ ਆਖਦੈ, ‘ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ...।’ ਹਮਾਮ ’ਚ ਸਭ ਨੰਗ ਧੜੰਗੇ ਨੇ, ਜਿਹੜੇ ਅਕਲ ਦੇ ਵੈਰੀ ਨੇ ਉਹ ਸਰੀਰ ਦੇ ਵੀ ਨੇ। ਮਲ ਮਲ ਕੇ ਨਹਾਉਂਦੇ ਨੇ, ਹੜ੍ਹ ਵਾਂਗ ਪਾਣੀ ਵਹਾਉਂਦੇ ਨੇ। ‘ਪਾਣੀ ਭਗਤ’ ਨਾ ਬਣੇ ਤਾਂ ਲਹਿਰਾਗਾਗਾ ਵਾਲਾ ਬਰਿੰਦਰ ਚੇਤੇ ਆਇਆ ਕਰੂ। ਸਰਕਾਰ ਜੀ! ਲੱਗਦੇ ਹੱਥ ਇੱਕ ‘ਗੜਵੀ ਗਾਰੰਟੀ’ ਵੀ ਸ਼ੁਰੂ ਕਰੋ। ਗੜਵੀ ਪਾਣੀ ਨਾਲ ਨਹਾਓ, ਸਰਕਾਰੀ ਘਰੋਂ ਮੁਫ਼ਤ ’ਚ ਗੜਵੀ ਪਾਓ।
ਜੇ ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਂਦੀ ਐ ਤਾਂ ਸਿਆਣਾ ਬੰਦਾ ਗੜਵੀ ਪਾਣੀ ਦੀ ਗਿੱਟਿਆਂ ਤੱਕ ਤਾਂ ਪਹੁੰਚਾ ਹੀ ਸਕਦੈ। ਕਿਤੇ ਗੜਵੀ ਯੁੱਗ ਆ ਗਿਆ ਤਾਂ ਯੁਗਾਂਤਰਾਂ ਤੱਕ ਸਰਕਾਰ ਦੀ ਬੱਲੇ ਬੱਲੇ ਹੋਊ। ਅਮਿਤਾਭ ਬਚਨ ਇੱਕ ਮਸ਼ਹੂਰੀ ’ਚ ਆਖਦੈ, ‘‘ਇਨਸਾਨ ਪਾਣੀ ਬਨਾ ਤੋ ਨਹੀਂ ਸਕਤਾ, ਬਚਾ ਸਕਤਾ ਹੈ।’’ ਅਕਲਾਂ ਬਾਝੋਂ ਖੂਹ ਖ਼ਾਲੀ। ਬਰਿੰਦਰ ਗੋਇਲ ਨੇ ਸਦਨ ’ਚ ਅਕਲਾਂ ਦੇ ਖੁੱਲ੍ਹੇ ਗੱਫੇ ਵਰਤਾਏ। ਜੇ ਕਿਸੇ ਨੇ ਹੱਥ ਪਿੱਛੇ ਖਿੱਚ ਲਏ ਤਾਂ ਗੋਇਲ ਦਾ ਕੀ ਕਸੂਰ? ਗੱਲ ਹੈ ਤਾਂ ਸੋਲ੍ਹਾਂ ਆਨੇ ਸੱਚ ਪਰ ਕੋਈ ਕਦਰ ਵੀ ਤਾਂ ਕਰੇ।
ਆਹ ਗਾਣਾ ਠੀਕ ਢੁਕਦੈ, ‘ਬੇਕਦਰੇ ਲੋਕਾਂ ਵਿੱਚ ਕਦਰ ਗੁਆ ਲੇਂਗਾ’। ਵਿਸ਼ਵੀ ਪੁਰਖੇ ਦੱਸਦੇ ਹਨ ਕਿ ਵਿਗਿਆਨੀ ਆਇੰਸਟਾਈਨ ਕਈ-ਕਈ ਦਿਨ ਨਹਾਉਂਦਾ ਨਹੀਂ ਸੀ, ‘ਮੋਨਾਲਿਜ਼ਾ’ ਤਸਵੀਰ ਦਾ ਰਚੇਤਾ ਲਿਓਨਾਰਡੋ ਦਿ ਵਿੰਚੀ ਤਾਂ ਅਕਸਰ ਨਹਾਉਣਾ ਭੁੱਲ ਜਾਂਦਾ ਸੀ। ਬਰਨਾਰਡ ਸ਼ਾਅ ਆਖਦਾ ਹੁੰਦਾ ਸੀ ਕਿ ਯਾਦ ਨਹੀਂ ਆਖ਼ਰੀ ਵਾਰ ਕਦੋਂ ਨ੍ਹਾਇਆ ਸੀ। ਜਦੋਂ ਠੰਢ ਸਿਖ਼ਰਾਂ ’ਤੇ ਹੁੰਦੀ ਹੈ, ਵੈਸੇ ਉਦੋਂ ਅਸਾਡੇ ਬਹੁਤੇ ਪੰਜਾਬੀ ਵੀ ‘ਬਰਨਾਰਡ ਸ਼ਾਅ’ ਹੀ ਬਣੇ ਹੁੰਦੇ ਨੇ। ‘ਜੱਟ ਐਂਡ ਜੂਲੀਅਟ’ ’ਚ ਦਿਲਜੀਤ ਦੁਸਾਂਝ ਆਖਦੈ, ‘‘ਬਈ! ਗੋਰੇ ਬਰਫ਼ ਪੈਣ ਕਰਕੇ ਨ੍ਹੀਂ ਨਹਾਉਂਦੇ, ਇੱਧਰ ਸਾਡੇ ਬਰਫ਼ ਵੀ ਨ੍ਹੀਂ ਪੈਂਦੀ ਅਸੀਂ ਫੇਰ ਵੀ ਨ੍ਹੀਂ ਨਹਾਉਂਦੇ।’ ਗਿਆਨੀ ਲੋਕ ਨਸੀਹਤਾਂ ਦੇ ਰਹੇ ਨੇ ‘ਠੰਡੇ ਠੰਡੇ ਪਾਨੀ ਸੇ ਨਹਾਨਾ ਚਾਹੀਏ...।’
ਭਾਰਤੀ ਸੰਸਕ੍ਰਿਤੀ ’ਚ ਇਸ਼ਨਾਨ ਨੂੰ ‘ਪਵਿੱਤਰ ਕਾਰਜ’ ਸਮਝਿਆ ਜਾਂਦਾ ਹੈ। ਬੁੱਲੇ ਸ਼ਾਹ ਦੀ ਮਸੀਤ ਵੱਖਰੀ ਹੈ, ’‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ...।’’ ਅਧਿਆਤਮ ’ਚ ਕਿਹਾ ਜਾਂਦਾ ਹੈ ਕਿ ਇਸ਼ਨਾਨ ਨਾਲ ਸਰੀਰ ਦੀ ਮੈਲ ਹੀ ਨਹੀਂ, ਮਨ ਦੀ ਮੈਲ ਵੀ ਧੋਤੀ ਜਾਂਦੀ ਹੈ, ਤਾਂ ਹੀ ਲੋਕ ਕੁੰਭ ਨਹਾਉਣ ਜਾਂਦੇ ਨੇ। ਸਿਆਸਤ ’ਚ ਮਾਇਆ ਦੀ ਨਦੀ ’ਚ ਚੁੱਭੀਆਂ ਲਾਉਣ ਦਾ ਰੋਗ ਪੁਰਾਣਾ ਹੈ। ਟਾਵੇਂ ਵਿਰਲੇ ਹੁੰਦੇ ਨੇ, ਜਿਹੜੇ ਮਾਇਆ ਦੇ ਸਮੁੰਦਰ ਕਿਨਾਰੇ ਤੋਂ ਫੋਕੀਆਂ ਲਹਿਰਾਂ ਦੇਖ ਪਰਤ ਆਉਂਦੇ ਨੇ। ਸਿਆਸੀ ਪੱਤਣਾਂ ਦੇ ਤਾਰੂ ਜਦ ਮਾਇਆ ਦੀ ਨਦੀ ਦੇ ਚਿੱਕੜ ’ਚ ਫਸ ਜਾਂਦੇ ਨੇ ਤਾਂ ਵਿਜੀਲੈਂਸ ਨੂੰ ਉਨ੍ਹਾਂ ਦੇ ਹੱਥ ਧੁਆਉਣੇ ਪੈਂਦੇ ਨੇ।
ਵਿਜੀਲੈਂਸ ਦੇ ਗਲਾਸ ਦਾ ਪਾਣੀ ਰੰਗ ਬਦਲਦੈ। ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ..।’ ਸਦਨ ’ਚ ਮੰਤਰੀ ਗੋਇਲ ‘ਬਾਲਟੀ ਗੁਰ’ ਤਾਂ ਦੱਸ ਗਏ ਪਰ ਇਹ ਨ੍ਹੀਂ ਦੱਸ ਕੇ ਗਏ ਕਿ ਸਿਆਸੀ ਛੱਪੜ ’ਚੋਂ ਸੁੱਟੇ ਜਾਂਦੇ ਚਿੱਕੜ ਨੂੰ ਅੱਧੀ ਬਾਲਟੀ ਨਾਲ ਕਿਵੇਂ ਧੋਈਏ। ਜਿਸ ਹਮਾਮ ’ਚ ਨੇਤਾ ਨਹਾਉਂਦੇ ਨੇ, ਉਸ ਪਾਣੀ ਦਾ ਰੰਗ ਦੇਖ ਆਪਮੁਹਾਰੇ ਮੂੰਹੋਂ ਨਿਕਲਦੈ, ‘‘ਪਾਣੀ ਦਾ ਰੰਗ ਵੇਖ ਕੇ, ਅੱਖੀਆਂ ’ਚੋਂ ਹੰਝੂ ਰੁੜ੍ਹ ਗਏ।’’ ਜੇ ਹਾਲੇ ਵੀ ਨਾ ਸਮਝੇ ਤਾਂ ਕੁਦਰਤ ਸਮਝਾ ਦੇਵੇਗੀ। ਭਵਿੱਖ ਦੇ ਲੋਕ ਸਾਹਿਤ ਦਾ ਇਹ ਨਵਾਂ ਰੰਗ ਹੋਵੇਗਾ, ‘‘ਮਾਹੀ ਮੇਰੇ ਦੀ ਇਹੋ ਨਿਸ਼ਾਨੀ, ਮੋਢੇ ਪਰਨਾ ਲੱਭੇ ਪਾਣੀ।’’ ਨੇਤਾ ਲੋਕ ਅਕਸਰ ਹਰਿਆਣਾ ਵੱਲ ਮੂੰਹ ਕਰ ਆਖਦੇ ਨੇ, ‘‘ਇੱਕ ਬੂੰਦ ਪਾਣੀ ਨਹੀਂ ਜਾਣ ਦਿਆਂਗੇ।’’ ਵੈਸੇ ਡੁੱਬ ਮਰਨ ਲਈ ਚੂਲੀ ਭਰ ਪਾਣੀ ਹੀ ਕਾਫ਼ੀ ਹੁੰਦਾ ਹੈ। ਦੱਰਾ ਖ਼ੈਬਰ ਤੋਂ ਮਾਊਂਟ ਐਵਰੈਸਟ ਤੱਕ ਜਿੰਨੇ ਵੀ ਨੇਤਾ ਨੇ, ਸਭ ਦੀ ਰਾਸ਼ੀ ਇੱਕੋ ਹੈ।
ਜਿਸ ਦਿਨ ਬਰਿੰਦਰ ਗੋਇਲ ਹੋਰਾਂ ਨੇ ‘ਬਾਲਟੀ ਮੰਤਰ’ ਦੱਸਿਆ, ਉਸ ਦਿਨ ਅਸਾਂ ਨੂੰ ਛੱਜੂ ਰਾਮ ਆਖਣ ਲੱਗਿਆ ਕਿ ਮੰਤਰੀ ਨੂੰ ਪੁੱਛ ਕੇ ਦੱਸਣਾ ਕਿ ਉਨ੍ਹਾਂ ’ਚ ਬਾਲਟੀ ’ਚੋਂ ਚਮਚੇ ਭਰ ਭਰ ਕੇ ਡੋਲ੍ਹਣ ਦੀ ਹਿੰਮਤ ਕਿੱਥੋਂ ਆਉਂਦੀ ਹੈ? ਬਚਪਨ ’ਚ ਚਮਚਾਗਿਰੀ ਦੀਆਂ ਦੋ ਬੂੰਦਾਂ ਛਕੀਆਂ ਹੁੰਦੀਆਂ ਤਾਂ ਸੰਘਰਸ਼ੀ ਲੋਕ ਵੀ ਨਹਾਉਣਾ ਨਾ ਭੁੱਲਦੇ। ਤਾਹੀਓਂ ਪੁਲੀਸ ਨੂੰ ਹੁਣ ਬੁਛਾੜਾਂ ਮਾਰ ਕੇ ‘ਸਮੂਹਿਕ ਇਸ਼ਨਾਨ’ ਕਰਾਉਣਾ ਪੈਂਦੈ। ਫਿਰ ਇਕੱਲੇ ਬੈਰੀਕੇਡ ਨਹੀਂ ਭਿੱਜਦੇ, ਹੱਕ ਵੀ ਜਲ ਪ੍ਰਵਾਹ ਹੋ ਜਾਂਦੇ ਨੇ। ਕੱਪੜੇ ਨਿਚੋੜ ਕੇ ਮੁੜ ਸੰਘਰਸ਼ੀ ਸੱਜਣ ਨਿੱਤ ਨਵੇਂ ਇਸ਼ਨਾਨ ਲਈ ਨਿਕਲ ਪੈਂਦੇ ਨੇ। ਲਤਾ ਦੇ ਬੋਲ ਹਿੰਮਤ ਦਿੰਦੇ ਨੇ, ‘‘ਜ਼ਿੰਦਗੀ ਹਰ ਕਦਮ ਇਕ ਨਈ ਜੰਗ ਹੈ...।’’
ਲੰਮੀਆਂ ਸੋਚਾਂ ਵਾਲੇ ਆਖਦੇ ਨੇ ਕਿ ਅਗਲੀ ਜੰਗ ਪਾਣੀ ਨੂੰ ਲੈ ਕੇ ਹੋਵੇਗੀ। ਕੈਂਸਰ ਕਾਹਦਾ ਆਇਆ, ਗਿਆਨੀ ਦੇ ਡਿਪੂ ’ਤੇ ਚਿੱਟੀਆਂ ਚੁੰਨੀਆਂ ਦੀ ਵਿਕਰੀ ਹੀ ਵਧ ਗਈ। ਰੱਬ ਖ਼ੈਰ ਕਰੇ! ਯਾਦ ਆਇਆ, ਰੱਬ ਕਿਉਂ ਮਿਹਰਬਾਨ ਹੋਊ। ਮੰਤਰੀ ਗੋਇਲ ਤਾਂ ਇੰਦਰ ਦੇਵਤਾ ਦਾ ਕਾਰੋਬਾਰ ਠੱਪ ਕਰਨ ਨੂੰ ਫਿਰਦੇ ਨੇ। ਭਲਿਆ ਲੋਕਾ, ਜੇ ਸਭ ਮੰਤਰੀ ਸੰਤਰੀ ਅੱਧੀ ਬਾਲਟੀ ਨਾਲ ਪਿੰਡਾ ਧੋਣ ਲੱਗ ਗਏ ਤਾਂ ਇੰਦਰ ਦੇਵਤਾ ਦੇ ਹਾੜੇ ਕੱਢਣ ਦੀ ਲੋੜ ਹੀ ਨਹੀਂ ਪੈਣੀ। ਹੈ ਨਾ ਰੱਬ ਦੇ ਕੰਮ ’ਚ ਸਿੱਧੀ ਦਖਲ-ਅੰਦਾਜ਼ੀ। ਪਾਣੀਓ-ਪਾਣੀ ਹੋਣ ਦੀ ਥਾਂ ਹੁਣ ਬੱਚਤੋ-ਬੱਚਤੀ ਹੋਣ ਦਾ ਸਮਾਂ ਹੈ।
ਅਖੀਰ ’ਚ ਦੋ ਭੰਡਾਂ ਦਾ ਮਜਮਾ ਦੇਖਦੇ ਹਾਂ। ‘‘ਓ ਨਿਆਰੇ, ਅਸਾਂ ਦਾ ਜਦ ਵਿਆਹ ਹੋਇਆ ਤਾਂ ਵਟਣਾ ਮਲਣ ਸਾਡੀਆਂ ਚਾਚੀਆਂ ਆਈਆਂ, ਤਾਈਆਂ ਆਈਆਂ, ਆਂਢ ਗੁਆਂਢੋਂ ਵੀ ਆਈਆਂ।’’ ਨਿਆਰਾ ਪੁੱਛਣ ਲੱਗਾ, ‘‘ਹਲਾ ਵੀ ਫੇਰ?’’ ਪਿਆਰਾ ਬੋਲਿਆ, ‘‘ਦੱਬ ਦੱਬ ਵਟਣਾ ਮਲੀ ਗਈਆਂ... ਮਲੀ ਗਈਆਂ... ਮਲੀ ਗਈਆਂ।’’ ‘‘ਓ ਫੇਰ ਕੀ ਹੋਇਆ?’’ ‘‘ਹੋਣਾ ਕੀ ਸੀ, ਥੱਲਿਓ ਬਨੈਣ ਨਿਕਲ ਆਈ।’’
ਸੰਪਰਕ: 94170-11171

Advertisement
Advertisement

Advertisement
Author Image

Ravneet Kaur

View all posts

Advertisement