ਅਸਲ ਅਪਰਾਧੀ ਕੌਣ?
ਡੋਨਲਡ ਟਰੰਪ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉੱਥੇ ਅਣਅਧਿਕਾਰਤ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਕੇ ਵਾਪਸ ਉਨ੍ਹਾਂ ਦੇ ਮੁਲਕਾਂ ਵਿੱਚ ਭੇਜਣ ਦੇ ਹੁਕਮ ਦੇਣ ਤੋਂ ਬਾਅਦ ਜਿੱਥੇ ਉਸ ਮੁਲਕ ਵਿੱਚ ਕਰੋੜਾਂ ਲੋਕਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ, ਉੱਥੇ ਕਈ ਹੋਰ ਦੇਸ਼ ਉਨ੍ਹਾਂ ਦੇ ਇਸ ਕਦਮ ਵੱਲ ਟਿਕਟਿਕੀ ਲਾ ਕੇ ਦੇਖ ਰਹੇ ਹਨ। ਮੈਕਸਿਕੋ ਅਤੇ ਕੋਲੰਬੀਆ ਜਿਹੇ ਕੁਝ ਮੁਲਕਾਂ ਵਿੱਚ ਅਮਰੀਕਾ ਵੱਲੋਂ ਭੇਜੇ ਜਾ ਰਹੇ ਉਨ੍ਹਾਂ ਦੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਲੈਣ ਵਿੱਚ ਕਾਫ਼ੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਉਨ੍ਹਾਂ ਦੇ ਪਰਵਾਸੀ ਵਾਪਸ ਨਾ ਲੈਣ ’ਤੇ 25 ਜਾਂ 50 ਫ਼ੀਸਦੀ ਤੱਕ ਟੈਰਿਫ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰਿਪੋਰਟਾਂ ਮੁਤਾਬਿਕ ਅਮਰੀਕਾ ਵੱਲੋਂ 18 ਹਜ਼ਾਰ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀਊ ਰਿਸਰਚ ਸੈਂਟਰ ਮੁਤਾਬਿਕ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੀ ਗਿਣਤੀ ਸੱਤ ਲੱਖ ਤੋਂ ਜ਼ਿਆਦਾ ਹੈ। ਅਮਰੀਕੀ ਸਰਕਾਰੀ ਅੰਕਡਿ਼ਆਂ ਮੁਤਾਬਿਕ ਸਾਲ 2023 ਵਿੱਚ 90 ਹਜ਼ਾਰ ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਵੀ ਕਰੀਬ ਇੱਕ ਹਜ਼ਾਰ ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਸੀ।
ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਪਰਵਾਸੀ ਕਾਮਿਆਂ ਨੂੰ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਨਾਲ ਅਪਰਾਧੀ, ਕਾਤਲ ਵਰਗੇ ਹਰ ਕਿਸਮ ਦੇ ਦੂਸ਼ਣ ਜੋੜ ਦਿੱਤੇ ਗਏ ਸਨ। ਜੇ ਟਰੰਪ ਦੇ ਬਿਆਨ ’ਤੇ ਯਕੀਨ ਕੀਤਾ ਜਾਵੇ ਤਾਂ ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਦੇ ਕਹਿਣ ਮੁਤਾਬਿਕ ‘ਸਾਡੀ ਪੁਜੀਸ਼ਨ ਇਹ ਹੈ ਕਿ ਅਸੀਂ ਗ਼ੈਰ-ਕਾਨੂੰਨੀ ਪਰਵਾਸ ਦੇ ਖ਼ਿਲਾਫ਼ ਹਾਂ।’ ਇਹ ਤੱਥ ਹਨ ਕਿ ਬਹੁਤ ਸਾਰੇ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ ਪਰ ਸਾਰਿਆਂ ਨੂੰ ਕਾਤਲ, ਹਤਿਆਰੇ ਜਾਂ ਅਪਰਾਧੀ ਕਹਿਣਾ ਕਿੰਨਾ ਕੁ ਸਹੀ ਹੈ? ਹੁਣ ਤੱਕ ਅਸੀਂ ਉਨ੍ਹਾਂ ਵੱਲੋਂ ਵਤਨ ਭੇਜੀ ਜਾਂਦੀ ਕਮਾਈ ਨੂੰ ਸਲਾਹੁੰਦੇ ਨਹੀਂ ਥੱਕਦੇ ਸੀ ਪਰ ਹੁਣ ਯਕਦਮ ਉਹ ਸਾਡੇ ਲਈ ਬਿਗਾਨੇ ਕਿਉਂ ਬਣ ਗਏ ਹਨ?
ਪੰਜਾਬ ਵਰਗੇ ਸੂਬੇ ਵਿੱਚ ਰੁਜ਼ਗਾਰ ਤੇ ਕਾਰੋਬਾਰ ਦੇ ਅਵਸਰਾਂ ਦੀ ਘਾਟ ਕਾਰਨ ਪਰਵਾਸ ਦੀ ਸਮਝ ਪੈਂਦੀ ਹੈ ਪਰ ਗੁਜਰਾਤ ਵਰਗੇ ਸੂਬੇ ਵਿੱਚ ਇਹ ‘ਸਟੇਟਸ ਸਿੰਬਲ’ ਕਿਉਂ ਬਣਿਆ ਹੋਇਆ ਹੈ। ਜੇ ਸਾਡੀਆਂ ਸਰਕਾਰਾਂ ਉਨ੍ਹਾਂ ਨੂੰ ਰੁਜ਼ਗਾਰ ਦੇ ਚੰਗੇ ਅਵਸਰ ਅਤੇ ਕੰਮ ਦਾ ਸੁਖਾਵਾਂ ਮਾਹੌਲ ਮੁਹੱਈਆ ਨਹੀਂ ਕਰਵਾ ਸਕੀਆਂ ਤਾਂ ਫਿਰ ਜੇ ਸਾਡੇ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਅਤੇ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਅਜਿਹੇ ਮੁਲਕਾਂ ਵੱਲ ਜਾਣ ਲਈ ਮਜਬੂਰ ਹੁੰਦੇ ਹਨ ਤਾਂ ਇਸ ਲਈ ਅਸਲ ਕਸੂਰਵਾਰ ਕੌਣ ਹੈ? ਭਾਰਤ ਇਸ ਸਬੰਧ ਵਿੱਚ ਅਮਰੀਕਾ ਲਈ ਕਾਨੂੰਨੀ ਪਰਵਾਸ ਦੇ ਮਾਰਗਾਂ ਦੀ ਰਾਖੀ ਕਰਨਾ ਚਾਹ ਰਿਹਾ ਹੈ ਪਰ ਟਰੰਪ ਦੀ ਪਰਵਾਸ ਵਿਰੋਧੀ ਮੁਹਿੰਮ ਇੱਕ ਪੜਾਅ ’ਤੇ ਸਾਰੇ ਪਰਵਾਸੀਆਂ ਨੂੰ ਕਲਾਵੇ ਵਿੱਚ ਲੈ ਸਕਦੀ ਹੈ। ਅਮਰੀਕੀ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਤਲਾਸ਼ ਵਿੱਚ ਕੱਲ੍ਹ ਨਿਊ ਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰੂਘਰਾਂ ਵਿੱਚ ਪਹੁੰਚਣ ਦੀਆਂ ਰਿਪੋਰਟਾਂ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂਕਿ ਗੁਰੂਘਰਾਂ ਨਾਲ ਜੁੜੇ ਕੁਝ ਅਹਿਲਕਾਰਾਂ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਅਤੇ ਆਖਿਆ ਹੈ ਕਿ ਸਬੰਧਿਤ ਅਧਿਕਾਰੀਆਂ ਨਾਲ ਉਨ੍ਹਾਂ ਦਾ ਕਰੀਬੀ ਤਾਲਮੇਲ ਬਣਿਆ ਹੋਇਆ ਹੈ।