ਅਸਲਾ ਬਰਾਮਦਗੀ ਦੌਰਾਨ ਪੁਲੀਸ ’ਤੇ ਗੋਲੀ ਚਲਾਈ
ਟ੍ਰਿਬਿਊਨ ਨਿਉਜ ਸਰਵਿਸ
ਅੰਮ੍ਰਿਤਸਰ, 10 ਜੂਨ
ਇਥੋਂ ਦੇ ਪਿੰਡ ਭਕਨਾ ਨੇੜੇ ਅਸਲਾ ਬਰਾਮਦਗੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਨੀਅਤ ਨਾਲ ਪੁਲੀਸ ’ਤੇ ਗੋਲੀ ਚਲਾ ਦਿੱਤੀ ਅਤੇ ਉਹ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਮੁਲਜ਼ਮ ਦੀ ਪਛਾਣ ਤਰਸੇਮ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ, ਜਿਸ ਕੋਲੋਂ ਪੁਲੀਸ ਨੇ ਪਿਸਤੌਲ ਬਰਾਮਦ ਕੀਤਾ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਪੁਲੀਸ ਦੇ ਸੀਆਈਏ ਸਟਾਫ ਵੱਲੋਂ ਤਰਸੇਮ ਸਿੰਘ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸ ਨੂੰ ਅੱਜ ਅਸਲਾ ਬਰਾਮਦਗੀ ਲਈ ਪਿੰਡ ਭਕਨਾ ਨੇੜੇ ਗੰਦੇ ਨਾਲੇ ਕੋਲ ਲਿਜਾਇਆ ਗਿਆ ਤਾਂ ਉੱਥੇ ਉਸ ਨੇ ਭੱਜਣ ਦੀ ਨੀਅਤ ਨਾਲ ਲੁਕਾ ਕੇ ਰੱਖੇ ਅਸਲੇ ਨਾਲ ਪੁਲੀਸ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਰੇ 9 ਐੱਮਐੱਮ ਦਾ ਪਿਸਤੌਲ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਕੱਲ੍ਹ ਤਰਸੇਮ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ , ਜਿਨ੍ਹਾਂ ਵਿੱਚ ਅਮਰਪ੍ਰੀਤ ਸਿੰਘ ਅਤੇ ਰਾਜਬੀਰ ਸ਼ਾਮਲ ਸਨ। ਪੁਲੀਸ ਨੇ ਇਨ੍ਹਾਂ ਦੇ ਕੋਲੋਂ 9 ਐੱਮਐੱਮ ਅਤੇ ਪੁਆਇੰਟ 30 ਬੋਰ ਦਾ ਪਿਸਤੌਲ, ਦੋ ਕਾਰਤੂਸ, 7 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਕਾਰ ਬਰਾਮਦ ਕੀਤੀ ਸੀ। ਇਸ ਸਬੰਧ ਵਿੱਚ ਥਾਣਾ ਘਰਿੰਡਾ ’ਚ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਤਿੰਨ ਪਿਸਤੌਲ ਬਰਾਮਦ ਕੀਤੇ ਜਾ ਚੁੱਕੇ ਹਨ।