ਡਾ. ਸੁਖਦੇਵ ਸਿੰਘਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ ਨੂੰ ਮਾਰ ਮੁਕਾਉਣ ਅਤੇ ਸੈਂਕੜੇ ਹੀ ਬੱਚਿਆਂ, ਔਰਤਾਂ ਤੇ ਬੰਦਿਆਂ ਨੂੰ ਵੱਢਣ ਦੀਆਂ ਖਬਰਾਂ ਨੇ ਹਰੇਕ ਸੰਵੇਦਨਸ਼ੀਲ ਬੰਦੇ ਨੂੰ ਪ੍ਰੇਸ਼ਾਨ ਕੀਤਾ ਹੈ ਅਤੇ ਸਮਾਜ ਤੇ ਸਰਕਾਰਾਂ ਦੇ ਇਸ ਪੱਖ ਤੋਂ ਅਵੇਸਲੇਪਣ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਲੁਧਿਆਣਾ ਨੇੜੇ ਪਿੰਡ ਹਸਨਪੁਰ ਤੇ ਮੋਹੀ ਵਿੱਚ ਅਤੇ ਸ਼ਹਿਰ ਦੇ ਤਾਜਪੁਰ ਰੋਡ ਉਪਰ ਤਿੰਨ ਮਾਸੂਮ ਬੱਚਿਆਂ ਨੂੰ ਕੁੱਤਿਆਂ ਨੇ ਮਾਰ ਮੁਕਾਇਆ। ਕੁਝ ਸਮਾਂ ਪਹਿਲਾਂ ਧੂਰੀ ਕੋਲ ਸਕੂਲ ਤੋਂ ਸਕੂਟਰ ’ਤੇ ਵਾਪਸ ਆਉਂਦੇ ਨੌਜੁਆਨ ਅਧਿਆਪਕ ਨੂੰ ਹੱਡਾ ਰੋੜੀ ਕੋਲੋਂ ਲੰਘਣ ਵੇਲੇ 10-12 ਖੂੰਖਾਰ ਕੁੱਤਿਆਂ ਨੇ ਮਾਰ ਮੁਕਾਇਆ ਸੀ।ਬਹੁਤਾ ਦੂਰ ਨਾ ਜਾਈਏ ਤਾਂ ਪਿਛਲੇ ਇੱਕ ਡੇਢ ਦਹਾਕੇ ਵਿੱਚ ਹੀ ਮੋਟੇ ਤੌਰ ’ਤੇ 300-400 ਜਣਿਆਂ ਨੂੰ ਅਵਾਰਾ ਕੁੱਤਿਆਂ ਨੇ ਮਾਰ ਮੁਕਾਇਆ ਜਿਨ੍ਹਾਂ ਵਿੱਚੋਂ ਵਧੇਰੇ ਬੱਚੇ ਸਨ। ਦੇਸ਼ ਵਿੱਚ ਹਰ ਰੋਜ਼ 20 ਹਜ਼ਾਰ ਕੇਸ ਕੁੱਤਿਆਂ ਦੇ ਵੱਢਣ ਦੇ ਵਾਪਰਦੇ ਹਨ। ਇਹ ਤੱਥ ਵੀ ਸਾਹਮਣੇ ਆ ਰਿਹਾ ਹੈ ਕਿ ਹੋਰ ਵਾਤਾਵਰਨਕ ਕਾਰਨਾਂ ਤੋਂ ਬਿਨਾਂ ਅਵਾਰਾ ਕੁੱਤਿਆਂ ਦੇ ਖ਼ੌਫ ਕਰ ਕੇ ਸਾਇਬੇਰੀਆ ਅਤੇ ਅਜਿਹੇ ਹੋਰ ਇਲਾਕਿਆਂ ਦੇ ਪਰਵਾਸੀ ਪੰਛੀ ਜਿਵੇਂ ਕੂੰਜਾਂ ਆਦਿ ਜੋ ਚੀਨ, ਨੇਪਾਲ ਹੁੰਦੇ ਉੱਤਰ ਭਾਰਤ ਆਉਂਦੇ ਸਨ, ਨੇ ਆਪਣੇ ਰਸਤੇ ਬਦਲ ਕੇ ਪਾਕਿਸਤਾਨ ਜਾਂ ਹੋਰ ਮੁਲਕਾਂ ਥਾਣੀਂ ਪਰਵਾਸ ਕਰਨਾ ਸ਼ੁਰੂ ਕਰ ਦਿਤਾ ਹੈ ਕਿੳਂਕਿ ਪਰਵਾਸੀ ਪੰਛੀਆਂ ਦੇ ਉਤਰਨ ’ਤੇ ਇਹ ਜਾਨਵਰ ਵੱਢ ਖਾਣ ਲਈ ਝਪਟਣ ਲੱਗ ਪੈਂਦੇ ਹਨ। ਹੁਣ ਤਾਂ ਇੱਲਾਂ ਵਰਗੇ ਪੰਛੀ ਵੀ ਅਲੋਪ ਹੋ ਗਏ ਅਤੇ ਕਈ ਹੋਰ ਜਨੌਰਾਂ ਤੇ ਕੁਦਰਤੀ ਜੀਵ ਪ੍ਰਜਾਤੀਆਂ ਵੀ ਹੋਰ ਕਾਰਨਾਂ ਦੇ ਨਾਲ-ਨਾਲ ਇਨ੍ਹਾਂ ਖੂੰਖਾਰ ਜਾਨਵਰਾਂ ਸਦਕਾ ਖਤਰੇ ਵਿੱਚ ਹਨ।ਇਸ ਤੋਂ ਬਿਨਾਂ ਕਈ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿੱਚ ਕੁੱਤਿਆਂ ਦੇ ਦੂਜੇ ਦੇ ਘਰਾਂ ਅੱਗੇ, ਪਾਰਕਾਂ ਜਾਂ ਹੋਰ ਪਬਲਿਕ ਥਾਵਾਂ ’ਤੇ ਮਲ ਤਿਆਗ ਕਰਨ ’ਤੇ ਮਾਲਕਾਂ ਤੇ ਲੋਕਾਂ ਦੇ ਇਤਰਾਜ਼ ਕਾਰਨ ਲੜਾਈ ਝਗੜੇ ਆਮ ਸੁਣਨ ਨੂੰ ਮਿਲਦੇ ਹਨ। ਕਈ ਥਾਈਂ ਤਾਂ ਕਤਲ ਵੀ ਹੋ ਚੁੱਕੇ ਹਨ। ਲੋਕ ਆਪਣੇ ਬੱਚਿਆਂ ਨੂੰ ਗਲੀਆਂ ਵਿੱਚ ਖੇਡਣ ਤੋਂ ਵਰਜਣ ਲੱਗ ਪਏ ਹਨ। ਕੁੱਤਿਆਂ ਦੇ ਮਾਰਖੋਰੇ ਹੋਣ ਅਤੇ ਲੋਕਾਂ ਵਿੱਚ ਝਗੜੇ ਕਰ ਕੇ ਸਮਾਜ ਵਿੱਚ ਡਰ ਅਤੇ ਅਸੁਰੱਖਿਆ ਦਾ ਵਾਤਾਵਰਮ ਬਣ ਰਿਹਾ ਹੈ। ਕੁੱਤਿਆਂ ਦਾ ਇੰਨਾ ਭਿਅੰਕਰ ਰੂਪ ਕਿਉਂ ਬਣ ਗਿਆ ਹੈ? ਕੀ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਸਨ? ਮੁੱਦਾ ਗੰਭੀਰ ਚਰਚਾ ਮੰਗਦਾ ਹੈ।ਮਨੁੱਖੀ ਜੀਵਨ ਦੇ ਉਦਗਮ ਤੇ ਵਿਕਾਸ ਦੇ ਇਤਹਾਸ ਵਿੱਚ ਕੁੱਤਾ, ਮਾਨਵੀ ਬਣਤਰਾਂ ਦਾ ਅਨਿੱਖੜਵਾਂ ਅੰਗ ਰਿਹਾ ਹੈ ਭਾਵੇਂ ਉਹ ਕਬਾਇਲੀ ਹੋਣ, ਖੇਤੀ ਸਮਾਜ ਜਾਂ ਅਜੋਕਾ ਆਧੁਨਿਕ ਸਮਾਂ। ਪੁਰਾਣੇ ਵੇਲਿਆਂ ਵਿੱਚ ਖੇਤੀ ਪ੍ਰਧਾਨਤਾ ਹੋਣ ਸਦਕਾ ਸਮਾਜ ਜਾਂ ਕਬੀਲਿਆਂ ਵਿੱਚ ਆਪਣੀ ਸੁਰੱਖਿਆ, ਪਸ਼ੂਆਂ ਤੇ ਵੱਗ ਚਰਾਣ ਵੇਲੇ ਇਹ ਜਾਨਵਰ ਬਹੁਤ ਸਹਾਈ ਹੁੰਦੇ ਸਨ ਤੇ ਇਨ੍ਹਾਂ ਜਾਨਵਰਾਂ ਨੂੰ ਲੋਕ ਪਿਆਰ ਨਾਲ ਪਾਲਦੇ ਸਨ। ਕਬਾਇਲੀ ਤਾਂ ਸੂਹੀਆ ਅਤੇ ਤੇਜ਼ ਦੌੜਾਕ ਕੁੱਤਿਆਂ ਦੀ ਮਦਦ ਨਾਲ ਸ਼ਿਕਾਰ ਕਰਦੇ ਸਨ। ਰਾਤ ਵੇਲੇ ਕੁੱਤਿਆਂ ਦੇ ਭੌਂਕਣ ਤੋਂ ਲੋਕ ਕਿਆਸ ਕਰ ਲੈਂਦੇ ਸਨ ਕਿ ਕੋਈ ਚੋਰੀ ਜਾਂ ਅਣਹੋਣੀ ਹੋਣ ਵਾਲੀ ਹੈ। ਅਜੋਕੇ ਸਮੇਂ ਵੱਖ-ਵੱਖ ਦੇਸ਼ਾਂ ਦੀਆਂ ਫੌਜਾਂ ਆਪਣੇ ਖੁਫ਼ੀਆ ਮੰਤਵਾਂ ਲਈ ਕੁੱਤੇ ਰੱਖਦੀਆਂ ਹਨ; ਕਈ ਬਹਾਦਰ ਕੁੱਤਿਆਂ ਨੂੰ ਮਰਨ ਉਪਰੰਤ ਸ਼ਾਬਾਸ਼ੀ ਸਰਟੀਫਿਕੇਟ ਦਿੱਤੇ ਜਾਂਦੇ ਹਨ। ਸੰਸਾਰ ਦੀਆਂ ਸਾਹਿਤਕ ਲਿਖਤਾਂ ਵਿਸ਼ੇਸ਼ ਕਰ ਕੇ ਕਹਾਣੀਆਂ ਨਾਵਲਾਂ ਵਿੱਚ ਕੁੱਤਿਆਂ ਦੀ ਵਫਾਦਾਰੀ ਤੇ ਬਹਾਦਰੀ ਦੇ ਕਿੱਸੇ ਬਹੁਤ ਸ਼ਿੱਦਤ ਨਾਲ ਬਿਆਨ ਕੀਤੇ ਹਨ। ਲਿਓ ਤਾਲਸਤਾਏ ਤੋਂ ਲੈ ਕੇ ਅਜੋਕੇ ਯੁੱਗ ਦੀਆਂ ਕਈ ਕਹਾਣੀਆਂ ਕੁੱਤਿਆਂ ਦੀ ਵਫਾਦਾਰੀ ਬਾਰੇ ਮਿਲਦੀਆਂ ਹਨ। ਸਿਰਮੌਰ ਸੂਫ਼ੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਆਪਣੇ ਸਾਈਂ ਨੂੰ ਮਨਾੳਣ ਦੀ ਤਸ਼ਬੀਹ ਦਿੰਦਿਆਂ ਲਿਖਦਾ ਹੈ: ਬੁੱਲ੍ਹਿਆ ਦਿਨੇ ਜਾਗਣ ਆਦਮੀ ਤੇ ਰਾਤੀਂ ਜਾਗਣ ਕੁੱਤੇ, ਤੈਥੋਂ ਉਤੇ।... ਉਠ ਬੁੱਲ੍ਹਿਆ ਚੱਲ ਯਾਰ ਮਨਾ ਲੈ, ਨਹੀਂ ਤਾਂ ਬਾਜ਼ੀ ਲੈ’ਗੇ ਕੁਤੇ। ਕਈ ਥਾਈਂ ਕੁੱਤਿਆਂ ਵਲੋਂ ਜ਼ਹਰੀਲੇ ਸੱਪਾਂ ਜਾਂ ਹੋਰ ਜਾਨਵਰਾਂ ਨਾਲ ਲੜ ਕੇ ਆਪਣੇ ਮਾਲਕਾਂ ਦੀਆਂ ਜਾਨਾਂ ਬਚਾਉਣ ਦੇ ਕਿੱਸੇ ਪੜ੍ਹਨ ਨੂੰ ਮਿਲਦੇ ਹਨ। ਮਿਥਿਹਾਸ ਵਿੱਚ ਯੁਧਿਸ਼ਟਰ ਵਲੋਂ ਆਪਣੇ ਕੁੱਤੇ ਨੂੰ ਨਾਲ ਲੈ ਕੇ ਸਵਰਗ ਤੱਕ ਵੀ ਹਵਾਲੇ ਹਨ। ਇਸ ਤੋਂ ਉਲਟ ਕਈ ਅਖਾਣ ਮਾੜੇ ਕੰਮਾਂ ਦੀ ਤਸ਼ਬੀਹ ਦੇਣ ਲਈ ਵੀ ਮਿਲਦੇ ਹਨ। ‘ਕੁੱਤੇ ਵਾਂਗ ਭੌਂਕਣ’ ਨੂੰ ਮਾੜੀ ਜ਼ੁਬਾਨ ਮੰਨਿਆ ਗਿਆ ਹੈ।ਅਜੋਕੇ ਤਕਨੀਕੀ, ਉਦਯੋਗਕ ਅਤੇ ਸ਼ਹਿਰ ਪੱਖੀ ਜੀਵਨ ਜਾਚ ਵਿੱਚ ਕੁੱਤਿਆਂ ਦੀ ਸੰਭਾਲ ਵਿੱਚ ਤੀਬਰ ਤਬਦੀਲੀ ਆਈ ਹੈ। ਕੁਝ ਕੁ ਸੁਰਖਿਆ ਹਿੱਤ ਰੱਖਦੇ ਹਨ ਜਦਕਿ ਬਹੁਤੇ ਹੁਣ ਸ਼ੌਕ ਪਾਲਦੇ ਹਨ। ਪੇਂਡੂ ਇਲਾਕਿਆਂ ਵਿੱਚ ਹੁਣ ਪਹਿਲਾਂ ਵਾਲੀ ਲੋੜ ਨਹੀਂ ਰਹੀ ਪਰ ਕੁੱਤਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਸ਼ਹਿਰ ਕੀ ਪਿੰਡ, ਹੁਣ ਤਾਂ ਕਈ ਥਾਈ ਕੁੱਤਿਆਂ ਦੇ ਝੁੰਡ ਨਜ਼ਰ ਆਉਂਦੇ ਹਨ। 2019 ਦੇ ਸਰਵੇਖਣ ਮੁਤਾਬਿਕ, ਦੇਸ਼ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਡੇਢ ਕਰੋੜ ਦੇ ਕਰੀਬ ਹੈ। 2024-25 ਵਿੱਚ ਪਸ਼ੂ-ਧਨ ਗਣਨਾ ਅਨੁਸਾਰ, ਪੰਜਾਬ ਵਿੱਚ ਕੁੱਤਿਆਂ ਦੀ ਗਿਣਤੀ 3.85 ਲੱਖ ਹੈ; ਹੈਰਾਨੀ ਹੈ ਕਿ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਤੇ ਬਾਕੀ ਲਗਭਗ ਸਾਰੇ ਪਸ਼ੂਆਂ ਦੀ ਗਿਣਤੀ ਘਟੀ ਹੈ।ਅਵਾਰਾ ਕੁੱਤਿਆਂ ਦੀ ਸੰਖਿਆ ਵਧਣ ਪੱਖੋਂ ਭਾਰਤ ਸੰਸਾਰ ਵਿੱਚ ਪਹਿਲੇ ਨੰਬਰ ’ਤੇ ਹੈ। ਇਸੇ ਕਰ ਕੇ ਹੀ ਬੱਚਿਆਂ, ਬਜ਼ੁਰਗਾਂ ਤੇ ਲੋਕਾਂ ਨੂੰ ਵੱਢਣ ਅਤੇ ਮਾਰਨ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਅਵਾਰਾ ਕੁੱਤਿਆਂ ਦੇ ਮਾਰਖੋਰੇ ਹੋਣ ਦੇ ਕਈ ਕਾਰਨ ਉੱਭਰ ਕੇ ਸਾਹਮਣੇ ਆਏ ਹਨ। ਸ਼ਹਿਰੀਕਰਨ, ਕਿੱਤਾਮੁਖੀ ਪਰਿਵਰਤਨ, ਤਕਨਾਲੋਜੀ ਦੀ ਮਨੁੱਖੀ ਜੀਵਨ ਵਿੱਚ ਆਮਦ ਪ੍ਰਮੁੱਖ ਹਨ। ਪੌਣੀ ਸਦੀ ਪਹਿਲਾਂ ਤੱਕ ਖੇਤੀ ਸਾਦਾ ਅਤੇ ਪੇਂਡੂ ਜੀਵਨ ਖੁੱਲ੍ਹਾ ਸੀ, ਕੁੱਤਿਆਂ ਦੀ ਗਿਣਤੀ ਵੀ ਘੱਟ ਸੀ ਜਿਸ ਸਦਕਾ ਕੁੱਤੇ ਵੀ ਕੁਦਰਤੀ ਮਾਹੌਲ ਵਿੱਚ ਵਿਚਰਦੇ ਸਨ, ਬਹੁਤੀ ਸਮੱਸਿਆ ਨਹੀਂ ਸੀ। ਖੇਤੀਬਾੜੀ ਵਿੱਚ ਮਸ਼ੀਨੀਕਰਨ ਕਰ ਕੇ ਬਹੁਤ ਤਬਦੀਲੀ ਆਈ ਹੈ। ਮਰਲਾ-ਮਰਲਾ ਜ਼ਮੀਨ ਫਸਲਾਂ ਥੱਲੇ ਆ ਗਈ ਹੈ। ਰਹਿੰਦੀ ਕਸਰ ਉਦਯੋਗਾਂ, ਵੱਡੀਆਂ ਸੜਕਾਂ ਦੇ ਨਿਰਮਾਣ ਜਾਂ ਹੋਰ ਮੰਤਵਾਂ ਲਈ ਕੰਪਨੀਆਂ ਵਲੋਂ ਹਜ਼ਾਰਾਂ ਏਕੜ ਜ਼ਮੀਨ ਹਾਸਲ ਕਰਨ ਨੇ ਕੱਢ ਦੇਣੀ ਹੈ। ਥਾਂ-ਥਾਂ ਉਸਰ ਰਹੀਆਂ ਮਾਰਕੀਟਾਂ, ਕਲੋਨੀਆਂ ਤੇ ਬਿਲਡਿੰਗਾਂ ਦੇਖਣ ਤੋਂ ਲਗਦਾ ਹੈ ਕਿ ਪੰਜਾਬ ਦੀ ਖੇਤੀ ਪ੍ਰਧਾਨਤਾ ਵਾਲਾ ਗਹਿਣਾ ਵੀ ਉਤਰਨ ਵਾਲਾ ਹੈ। ਵੱਗ ਤਾਂ ਕੀ, ਲੋਕਾਂ ਨੇ ਪਸ਼ੂ ਰੱਖਣੇ ਬੰਦ ਕਰ ਕੇ ਡੇਅਰੀਆਂ ਵੱਲ ਮੂੰਹ ਕੀਤਾ ਹੈ।ਸ਼ਹਿਰੀਕਰਨ ਕਰ ਕੇ ਵਸੋਂ ਸੰਘਣੀ ਹੋ ਗਈ ਹੈ ਅਤੇ ਖੁੱਲ੍ਹਾਂ ਦੀ ਘਾਟ ਵਧ ਗਈ ਹੈ। ਬਹੁਤੇ ਕੁੱਤੇ ਤਾਂ ਕੂੜੇ ਦੇ ਢੇਰਾਂ ਵਿੱਚੋਂ ਗੰਦਮੰਦ ਖਾਂਦੇ ਝੁੰਡਾਂ ਵਿੱਚ ਬਦਲ ਜਾਂਦੇ ਹਨ ਅਤੇ ਕੋਲੋਂ ਲੰਘਣ ਵਾਲਿਆਂ ਨੂੰ ਵੱਢਣ ਨੂੰ ਪੈਂਦੇ ਹਨ। ਅਜਿਹੇ ਕੁੱਤੇ ਹਲਕਾਅ, ਮਾਨਸਿਕ ਬੇਚੈਨੀ, ਖਾਜ ਆਦਿ ਲਾਗ ਦੀਆਂ ਬਿਮਾਰੀਆਂ ਦੇ ਕਾਰਨ ਬਣਦੇ ਹਨ। ਹੱਡਾਰੋੜੀਆਂ ਵਿੱਚ ਮਰੇ ਪਸ਼ੂਆਂ ਦਾ ਮਾਸ ਖਾਂਦੇ ਇਹ ਕੁੱਤੇ ਸਭ ਤੋਂ ਵੱਧ ਜਾਨਲੇਵਾ ਸਾਬਤ ਹੁੰਦੇ ਹਨ। ਸ਼ਹਿਰਾਂ ਵਿੱਚ ਕਈ ਹੋਰ ਅਵਾਰਾ ਪਸ਼ੂ ਜਾਨੀ ਨੁਕਸਾਨ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸਰਕਾਰ ਜਾਂ ਸਮਾਜ ਵਲੋਂ ਇਨ੍ਹਾਂ ਦੇ ਕੰਟਰੋਲ ਦੀਆਂ ਸੁਯੋਗ ਨੀਤੀਆਂ ਦੀ ਘਾਟ ਕਰ ਕੇ ਕੁੱਤਿਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਮਾਜ ਵਿੱਚ ਇਖਲਾਕੀ ਕਦਰਾਂ-ਕੀਮਤਾਂ ਦੇ ਨਿਘਾਰ ਅਤੇ ਵਧ ਰਹੀ ਅਸੰਵੇਦਨਸ਼ੀਲਤਾ ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਲੋਕ ਕੁੱਤੇ ਤਾਂ ਪਾਲਦੇ ਹਨ ਪਰ ਸਮਾਜਿਕ ਵਰਤਾਰਾ ਗੈਰ-ਮਨੁੱਖੀ ਹੋ ਰਿਹਾ ਹੈ। ਜਨਤਕ ਥਾਵਾਂ ’ਤੇ ਕੁੱਤਿਆਂ/ਕਤੂਰਿਆਂ ਨੂੰ ਘੁਮਾਉਣ ਦਾ ਸ਼ੌਕ ਤਾਂ ਹੈ ਪਰ ਉਨ੍ਹਾਂ ਦਾ ਮਲ ਚੁੱਕਣ ਦੀ ਆਦਤ ਨਹੀਂ।ਜ਼ਾਹਿਰ ਹੈ ਕਿ ਅਵਾਰਾ ਕੁੱਤਿਆਂ ਦਾ ਮਸਲਾ ਪਹਿਲ ਦੇ ਆਧਾਰ ’ਤੇ ਨਜਿੱਠਣ ਦੀ ਲੋੜ ਹੈ। ਸਾਡੀ ਸਮਾਜਿਕ ਵਿਵਸਥਾ, ਸੱਭਿਆਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀਆਂ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ ਜਿਸ ਸਦਕਾ ਕੁੱਤਿਆਂ ਕਰ ਕੇ ਵਾਪਰ ਰਹੇ ਹਾਦਸਿਆਂ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਵਿੱਚ ਸਰਕਾਰਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜ ਨੂੰ ਮਿਲ ਕੇ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ। ਸਭ ਤੋਂ ਵੱਧ ਜ਼ਰੂਰੀ ਹੈ, ਇਨ੍ਹਾਂ ਦੀ ਸੰਖਿਆ ’ਤੇ ਕੰਟਰੋਲ ਕੀਤਾ ਜਾਵੇ; ਨਸਬੰਦੀ ਦੀ ਪ੍ਰਕਿਰਿਆ ਜਾਰੀ ਰਹਿਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ 2001 ਵਿੱਚ ਹਦਾਇਤ ਜਾਰੀ ਕੀਤੀ ਸੀ ਕਿ ਇਹ ਕੰਮ ਸਥਾਨਕ ਸਰਕਾਰਾਂ ਦਾ ਹੈ। 1980 ਤੋਂ ਪਹਿਲਾਂ ਨਗਰ ਪੰਚਾਇਤਾਂ, ਨਿਗਮਾਂ ਦੇ ਕਰਮਚਾਰੀ ਅਵਾਰਾ ਕੁੱਤਿਆਂ ਨੂੰ ਫੜ ਕੇ ਦੂਰ ਲੈ ਜਾਂਦੇ, ਖੱਸੀ ਕਰਦੇ ਜਾਂ ਦਵਾਈ ਪਿਆ ਦਿੰਦੇ ਸਨ। ਹੁਣ ਇਹ ਪ੍ਰਕਿਰਿਆ ਲਗਭਗ ਬੰਦ ਹੈ। ਭਾਰਤੀ ਪਸ਼ੂ ਭਲਾਈ ਬੋਰਡ 1960 ਵਿੱਚ ਹੋਂਦ ਵਿੱਚ ਆਇਆ ਜਿਸ ਅਨੁਸਾਰ ਅਵਾਰਾ ਪਸ਼ੂਆਂ ਲਈ ਢੁਕਵੇਂ ਵਾੜੇ ਬਣਾਉਣ, ਜਾਨਵਰ ਜਨਮ ਕੰਟਰੋਲ ਪ੍ਰਣਾਲੀ ਲਾਗੂ ਕਰਨ, ਢੁਕਵੇਂ ਐਂਬੂਲੈਂਸ ਆਦਿ ਦੇ ਪ੍ਰਬੰਧ ਦੀ ਜ਼ਰੂਰਤ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਸੰਜੀਦਗੀ ਨਾਲ ਲਵੇਗੀ।*ਸਾਬਕਾ ਪ੍ਰੋਫੈਸਰ, ਸਮਾਜ ਵਿਗਿਆਨ, ਪੀਏਯੂ, ਲੁਧਿਆਣਾ।ਸੰਪਰਕ: 94177-15730