For the best experience, open
https://m.punjabitribuneonline.com
on your mobile browser.
Advertisement

ਅਵਾਮ ਲਈ ਪਹਿਲਗਾਮ ਦੇ ਸਬਕ

04:05 AM May 04, 2025 IST
ਅਵਾਮ ਲਈ ਪਹਿਲਗਾਮ ਦੇ ਸਬਕ
Advertisement

ਰਾਮਚੰਦਰ ਗੁਹਾ

Advertisement

ਤ੍ਰਾਸਦੀ ’ਚੋਂ ਵੀ ਆਸ ਦੀ ਕਿਰਨ ਲੱਭਣੀ ਯਕੀਨਨ ਸਭ ਤੋਂ ਉੱਤਮ ਮਾਨਵੀ ਭਾਵਨਾ ਹੁੰਦੀ ਹੈ। ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਵਿੱਚ ਕੇਰਲਾ ਦਾ ਐੱਨ. ਰਾਮਚੰਦਰਨ ਵੀ ਸ਼ਾਮਿਲ ਸੀ। ਉਸ ਦੀ ਬੇਟੀ ਆਰਤੀ ਸਾਰਥ ਨੇ ਘਰ ਪਰਤ ਕੇ ਦੁੱਖ ਦੇ ਇਸ ਸਮੇਂ ਵਿੱਚ ਆਪਣੇ ਮਨ ਨੂੰ ਮਾਰਮਿਕ ਢੰਗ ਨਾਲ ਮਿਲੇ ਧਰਵਾਸ ਦੀ ਗੱਲ ਕੀਤੀ ਜੋ ਉਸ ਨੂੰ ਦੋ ਨੌਜਵਾਨਾਂ ਤੋਂ ਮਿਲਿਆ ਸੀ। ਇੱਕ ਹਿੰਦੀ ਅਖ਼ਬਾਰ ਨੇ ਆਰਤੀ ਸਾਰਥ ਦਾ ਇਹ ਕਥਨ ਛਾਪਿਆ ਹੈ: ‘‘ਮੁਸਾਫ਼ਿਰ ਅਤੇ ਇੱਕ ਹੋਰ ਮੁਕਾਮੀ ਡਰਾਈਵਰ ਸਮੀਰ ਉਦੋਂ ਮੇਰੇ ਨਾਲ ਸਨ ਜਦੋਂ ਸਵੇਰੇ ਤਿੰਨ ਵਜੇ ਤੱਕ ਮੈਂ ਮੁਰਦਾ ਘਰ ਦੇ ਬਾਹਰ ਖੜ੍ਹੀ ਸਾਂ। ਉਨ੍ਹਾਂ ਮੇਰੇ ਨਾਲ ਆਪਣੀ ਛੋਟੀ ਭੈਣ ਵਾਂਗ ਵਿਹਾਰ ਕੀਤਾ। ਕਸ਼ਮੀਰ ਨੇ ਹੁਣ ਮੈਨੂੰ ਦੋ ਭਰਾ ਦੇ ਦਿੱਤੇ ਹਨ।’’
ਜਿਵੇਂ ਕਿ ਕਈ ਹੋਰ ਅਖ਼ਬਾਰਾਂ ਦੀਆਂ ਰਿਪੋਰਟਾਂ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਉਸ ਵਹਿਸ਼ੀ ਘਟਨਾ, ਜਿਸ ਵਿੱਚ ਕਈ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਸਨ, ਤੋਂ ਬਾਅਦ ਮੁਸਾਫ਼ਿਰ ਤੇ ਸਮੀਰ ਕਸ਼ਮੀਰ ਦੀ ਸਮੂਹਿਕ ਪ੍ਰਤੀਕਿਰਿਆ ਦੇ ਲਖਾਇਕ ਬਣੇ ਸਨ। ਹਮਲੇ ਵਾਲੀ ਜਗ੍ਹਾ ’ਤੇ ਮੌਜੂਦ ਬਹੁਤ ਸਾਰੇ ਸੈਲਾਨੀਆਂ ਨੂੰ ਕਸ਼ਮੀਰੀ ਗਾਈਡਾਂ ਵੱਲੋਂ ਸਹੀ ਸਲਾਮਤ ਵਾਪਸ ਲਿਆਂਦਾ ਗਿਆ ਸੀ। ਇਨ੍ਹਾਂ ’ਚੋਂ ਘੱਟੋ-ਘੱਟ ਇੱਕ ਗਾਈਡ ਨੂੰ ਮੁਸਲਿਮ ਹੋਣ ਦੇ ਬਾਵਜੂਦ ਦਹਿਸ਼ਤਗਰਦਾਂ ਵੱਲੋਂ ਮਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਿਵੇਂ ਸੈਲਾਨੀਆਂ ਵਿੱਚ ਸਹਿਮ ਫੈਲ ਗਿਆ ਤਾਂ ਮੌਲਵੀਆਂ ਨੇ ਮਸਜਿਦਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਤਾਂ ਕਿ ਉੱਥੇ ਉਨ੍ਹਾਂ ਸੈਲਾਨੀਆਂ ਲਈ ਬਿਸਤਰੇ ਲਗਵਾਏ ਜਾ ਸਕਣ ਜਿਨ੍ਹਾਂ ਕੋਲ ਹੋਟਲਾਂ ਦੀ ਬੁਕਿੰਗ ਨਹੀਂ ਸੀ। ਟੈਕਸੀ ਚਾਲਕਾਂ ਨੇ ਸ੍ਰੀਨਗਰ ਹਵਾਈ ਅੱਡੇ ਵੱਲ ਜਾ ਰਹੇ ਸੈਲਾਨੀਆਂ ਤੋਂ ਕਿਰਾਇਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ।
ਇਸ ਹੱਤਿਆ ਕਾਂਡ ਤੋਂ ਇੱਕ ਦਿਨ ਬਾਅਦ ਕਸ਼ਮੀਰ ਵਿੱਚ ਮੁਕੰਮਲ ਹੜਤਾਲ ਰਹੀ। ਦੁਕਾਨਾਂ, ਹੋਟਲ, ਸਕੂਲ, ਕਾਲਜ ਹਿੰਸਾ ਦੇ ਪੀੜਤਾਂ ਨਾਲ ਹਮਦਰਦੀ ਵਜੋਂ ਸਭ ਬੰਦ ਰਹੇ। ਸਾਰੀਆਂ ਸਿਆਸੀ ਪਾਰਟੀਆਂ ਜੋ ਭਾਵੇਂ ਸੱਤਾ ਵਿੱਚ ਸਨ ਜਾਂ ਵਿਰੋਧੀ ਧਿਰ ਵਿੱਚ, ਉਨ੍ਹਾਂ ਦਹਿਸ਼ਤਗਰਦਾਂ ਅਤੇ ਸਰਹੱਦ ਪਾਰ ਬੈਠੇ ਉਨ੍ਹਾਂ ਦੇ ਆਕਿਆਂ ਦੇ ਇਸ ਕਾਰੇ ਦੀ ਨਿੰਦਾ ਕੀਤੀ। ਮੇਰੇ ਖਿਆਲ ਵਿੱਚ ਇਸ ਹਮਲੇ ਤੋਂ ਬਾਅਦ ਲੋਕਾਂ ਦੀ ਜੋ ਸਮੂਹਿਕ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ, ਉਹ ਕੁਝ ਉਹੋ ਜਿਹੀ ਸੀ ਜੋ ਆਜ਼ਾਦੀ ਅਤੇ ਵੰਡ ਤੋਂ ਫੌਰੀ ਬਾਅਦ ਪਾਕਿਸਤਾਨ ਵੱਲੋਂ ਕੀਤੇ ਗਏ ਪਹਿਲੇ ਹਮਲੇ ਵੇਲੇ ਹੋਈ ਸੀ। 1947 ਵਿੱਚ ਪੱਤਝੜ ਰੁੱਤ ਦੇ ਅਖ਼ੀਰ ਵਿੱਚ ਜਦੋਂ ਹੋਰਨੀਂ ਥਾਈਂ ਖ਼ਾਸਕਰ ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਹਰ ਥਾਂ ਵਹਿਸ਼ੀ ਕਤਲੇਆਮ ਚੱਲ ਰਿਹਾ ਸੀ ਤਾਂ ਕਸ਼ਮੀਰ ਫ਼ਿਰਕੂ ਸਦਭਾਵਨਾ ਦੀ ਜੰਨਤ ਬਣਿਆ ਹੋਇਆ ਸੀ ਜਿੱਥੇ ਮੁਸਲਮਾਨ, ਹਿੰਦੂ, ਸਿੱਖ ਸਭ ਇਕਜੁੱਟ ਹੋ ਕੇ ਹਮਲਾਵਰਾਂ ਖ਼ਿਲਾਫ਼ ਡਟ ਗਏ ਸਨ।
ਇੱਥੇ ਇੱਕ ਛੋਟਾ ਜਿਹਾ ਸਵਾਲ ਉੱਠਦਾ ਹੈ ਕਿ ਦਹਿਸ਼ਤਗਰਦਾਂ ਨੂੰ ਆਸ ਸੀ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਪੂਰੇ ਭਾਰਤ ਵਿੱਚ ਮੁਸਲਮਾਨਾਂ ਨਾਲ ਹਿੰਦੂ ਭਿੜ ਜਾਣਗੇ। ਉਨ੍ਹਾਂ ਦਾ ਮਨਸੂਬਾ ਸਫ਼ਲ ਨਹੀਂ ਹੋ ਸਕਿਆ, ਘੱਟੋ-ਘੱਟ ਕਸ਼ਮੀਰ ਵਿੱਚ ਤਾਂ ਇਹ ਨਾਕਾਮ ਹੋ ਗਿਆ। ਹੁਣ ਦੇਸ਼ ਦੇ ਹੋਰਨਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਹਿੰਦੇ ਸਾਡੇ ਬਾਕੀ ਸਾਰਿਆਂ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਵੀ ਉਨ੍ਹਾਂ ਵਰਗੀ ਇਕਜੁੱਟਤਾ ਜ਼ਾਹਿਰ ਕਰੀਏ। ਹੁਣ ਤੱਕ ਆਏ ਸੰਕੇਤਾਂ ਤੋਂ ਬਹੁਤਾ ਹੌਸਲਾ ਨਹੀਂ ਮਿਲਦਾ। ਰਾਜਸਥਾਨ ਵਿੱਚ ਭਾਜਪਾ ਦਾ ਇੱਕ ਵਿਧਾਇਕ ਜੁੰਮੇ ਦੀ ਨਮਾਜ਼ ਮੌਕੇ ਮਸੀਤ ਵਿੱਚ ਦਾਖ਼ਲ ਹੋ ਗਿਆ ਅਤੇ ਉਸ ਨੇ ‘ਜੈ ਸ੍ਰੀ ਰਾਮ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏ। ਅਸਾਮ ਵਿੱਚ ਭਾਜਪਾ ਦੇ ਮੁੱਖ ਮੰਤਰੀ ਨੇ ਉਨ੍ਹਾਂ ਸਿਆਸੀ ਵਿਰੋਧੀਆਂ ਦੀ ਗ੍ਰਿਫ਼ਤਾਰੀਆਂ ਕਰਵਾਈਆਂ ਜਿਨ੍ਹਾਂ ਨੂੰ ਉਨ੍ਹਾਂ ਦਾ ਪ੍ਰਸ਼ਾਸਨ ‘ਭਾਰਤ ਵਿਰੋਧੀ’ ਗਿਣਦਾ ਹੈ ਅਤੇ ਇਹੋ ਜਿਹੇ ਦੋਸ਼ ਸੋਸ਼ਲ ਮੀਡੀਆ ’ਤੇ ਵੀ ਲਾਏ ਗਏ। ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਇੱਕ ਵਿਧਾਇਕ ਜੋ ਕਿ ਮੁਸਲਮਾਨ ਹੈ, ਨੂੰ ਮੌਤ ਦੀਆਂ ਧਮਕੀਆਂ ਦਿੱਤੀਆਂ ਗਈਆਂ। ਗੁਜਰਾਤ ਵਿੱਚ ਪੁਲੀਸ ਨੇ ਕਈ ਲੋਕਾਂ ਨੂੰ ਘੁਸਪੈਠੀਏ ਦੱਸ ਕੇ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ’ਚੋਂ ਸੈਂਕੜੇ ਭਾਰਤੀ ਨਾਗਰਿਕ ਸਨ।
ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਸੱਜੇ-ਪੱਖੀ ਗੁੰਡਿਆਂ ਵੱਲੋਂ ਹੋਸਟਲਾਂ ’ਚੋਂ ਨਿਕਲਣ ਲਈ ਮਜਬੂਰ ਕੀਤਾ ਗਿਆ। ਮਸੂਰੀ ਵਿੱਚ ਕਸ਼ਮੀਰੀ ਸ਼ਾਲ ਵਿਕਰੇਤਾਵਾਂ ਨੂੰ ਆਪਣਾ ਕਾਰੋਬਾਰ ਬੰਦ ਕਰ ਕੇ ਵਾਪਸ ਜਾਣਾ ਪਿਆ। ਇਸ ਦੌਰਾਨ ਕਸ਼ਮੀਰ, ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਅਤੇ ਜਿੱਥੇ ਅਮਨ-ਕਾਨੂੰਨ ਦਾ ਪੂਰਾ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹੈ, ਵਿੱਚ ਵੀ ਬਹੁਤ ਸਾਰੇ ਕਸ਼ਮੀਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ’ਚੋਂ ਬਹੁਤ ਸਾਰੇ ਬਿਲਕੁਲ ਨਿਰਦੋਸ਼ ਹਨ ਤੇ ਉਨ੍ਹਾਂ ਦਾ ਦਹਿਸ਼ਤਗਰਦੀ ਨਾਲ ਕੋਈ ਸਬੰਧ ਵੀ ਨਹੀਂ ਹੈ।
ਕਤਲੇਆਮ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਪਹਿਲਾ ਜਨਤਕ ਭਾਸ਼ਣ ਬਿਹਾਰ ਵਿੱਚ ਕਰਦਿਆਂ ਦੇਖ ਕੇ ਨਿਰਾਸ਼ਾ ਹੋਈ, ਜਿੱਥੇ ਕੁਝ ਮਹੀਨੇ ਬਾਅਦ ਅਸੈਂਬਲੀ ਚੋਣਾਂ ਹੋਣ ਵਾਲੀਆਂ ਹਨ ਤੇ ਇਹ ਮਹਿਜ਼ ਇਤਫ਼ਾਕ ਦੀ ਗੱਲ ਨਹੀਂ ਜਾਪਦੀ। ਉਸ ਭਾਸ਼ਣ ਅਤੇ ਬਾਅਦ ਵਿੱਚ ‘ਮਨ ਕੀ ਬਾਤ’ ਦੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਭਾਵੇਂ ਜੋ ਵੀ ਭਾਸ਼ਾ ਬੋਲਦੇ ਹੋਣ, ਉਨ੍ਹਾਂ ਨੂੰ ਇਕਮੁੱਠ ਹੋ ਕੇ ਦਹਿਸ਼ਤਗਰਦੀ ਦੀ ਨਿੰਦਾ ਕਰਨੀ ਚਾਹੀਦੀ ਹੈ। ਇਸ ਦੀ ਬਜਾਏ ਵਧੇਰੇ ਚੰਗਾ ਹੁੰਦਾ ਜੇ ਧਰਮ ਦੇ ਬਹੁਲਵਾਦ ਨੂੰ ਪ੍ਰਵਾਨਿਆ ਅਤੇ ਸਲਾਹਿਆ ਜਾਂਦਾ ਜੋ ਸਾਡੇ ਦੇਸ਼ ਦੀ ਵਿਲੱਖਣ ਪਛਾਣ ਵੀ ਰਹੀ ਹੈ। ਖ਼ਾਸਕਰ ਉਸ ਮੌਕੇ ਜਦੋਂ ਕਸ਼ਮੀਰੀਆਂ ਨੇ ਇਕਜੁੱਟਤਾ ਦਾ ਆਚਰਣ ਦਿਖਾਇਆ ਹੈ, ਉਦੋਂ ਇਸ ਤੋਂ ਉੱਕਣਾ ਖ਼ਾਸ ਤੌਰ ’ਤੇ ਪ੍ਰੇਸ਼ਾਨੀ ਪੈਦਾ ਕਰਦਾ ਹੈ ਜਿਸ ਬਾਰੇ ਪ੍ਰਧਾਨ ਮੰਤਰੀ ਯਕੀਨਨ ਬੇਖ਼ਬਰ ਹਨ। ਆਖ਼ਰੀ ਗੱਲ ਇਹ ਕਿ ਦਹਿਸ਼ਤਗਰਦ ਹਮਲੇ ਬਾਰੇ ਚਰਚਾ ਕਰਨ ਲਈ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਸ੍ਰੀ ਮੋਦੀ ਦਾ ਨਾ ਜਾਣ ਦਾ ਫ਼ੈਸਲਾ ਲੋਕਰਾਜੀ ਵਿਧੀ ਪ੍ਰਤੀ ਸਤਿਕਾਰ ਨਹੀਂ ਦਰਸਾਉਂਦਾ ਹੈ।
ਸਰਹੱਦ ਪਾਰੋਂ ਪਹਿਲਾਂ ਹੋਏ ਅਤਿਵਾਦੀ ਹਮਲਿਆਂ ਵਾਂਗ, ਇਸ ਨੇ ਵੀ ਦੋ ਵੱਖੋ-ਵੱਖਰੀਆਂ ਪਰਖ਼ਾਂ ਸਾਡੇ ਸਾਹਮਣੇ ਰੱਖੀਆਂ ਹਨ: ਇੱਕ ਭਾਰਤ ਸਰਕਾਰ ਲਈ ਹੈ ਤੇ ਦੂਜੀ ਭਾਰਤੀ ਲੋਕਾਂ ਲਈ ਹੈ। ਨਵੀਂ ਦਿੱਲੀ ’ਚ ਬੈਠੇ ਅਖ਼ਬਾਰੀ ਕਾਲਮਨਵੀਸਾਂ ਤੇ ਟੀਵੀ ਐਂਕਰਾਂ ਤੋਂ ਉਲਟ, ਜੋ ਕਦੋਂ ਤੇ ਕਿਵੇਂ ਜੰਗ ਲੜਨੀ ਹੈ, ਦੱਸਣ ਲਈ ਤਿਆਰ ਬੈਠੇ ਹਨ, ਮੈਂ ਨਹੀਂ ਮੰਨਦਾ ਕਿ ਮੇਰੇ ਕੋਲ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਇ ਮੌਜੂਦ ਹੈ। ਭਾਰਤ ਸਰਕਾਰ ਨੂੰ ਕਿਵੇਂ ਜਵਾਬ ਦੇਣਾ ਚਾਹੀਦਾ ਹੈ, ਕੂਟਨੀਤਕ, ਆਰਥਿਕ ਤੇ ਫ਼ੌਜੀ ਕਾਰਵਾਈਆਂ ਦਾ ਕਿਸ ਤਰ੍ਹਾਂ ਦਾ ਬਿਲਕੁਲ ਢੁੱਕਵਾਂ ਮਿਸ਼ਰਣ ਮੌਜੂਦਾ ਸਥਿਤੀਆਂ ’ਚ ਅਪਨਾਉਣਾ ਚਾਹੀਦਾ ਹੈ, ਪਾਕਿਸਤਾਨ ਨੂੰ ਅਤਿਵਾਦ ਲਈ ਇਸ ਦੀ ਮੌਨ ਤੇ ਪ੍ਰਤੱਖ ਹਮਾਇਤ ਲਈ ਕਿਵੇਂ ‘ਸਬਕ’ ਸਿਖਾਇਆ ਜਾਣਾ ਚਾਹੀਦਾ ਹੈ ਆਦਿ, ਮੇਰੀ ਮੁਹਾਰਤ ਦੇ ਦਾਇਰੇ ਤੋਂ ਬਾਹਰ ਦੀਆਂ ਗੱਲਾਂ ਹਨ। ਹਾਲਾਂਕਿ, ਲੋਕਤੰਤਰ ਤੇ ਅਨੇਕਤਾ ਦੀਆਂ ਸੰਵਿਧਾਨਕ ਕਦਰਾਂ ਦੇ ਹਮਾਇਤੀ ਵਜੋਂ ਮੇਰੇ ਕੋਲ ਇਸ ਨੁਕਤੇ ’ਤੇ ਵਿਚਾਰ ਜ਼ਰੂਰ ਹਨ ਕਿ ਮੇਰੇ ਸਾਥੀ ਨਾਗਰਿਕਾਂ ਨੂੰ ਕਿਵੇਂ ਹੁੰਗਾਰਾ ਭਰਨਾ ਚਾਹੀਦਾ ਹੈ।
ਇਹ ਵਿਆਪਕ ਤੌਰ ’ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਵਿਚਾਰਾਂ ਨਾਲ ਇਤਫ਼ਾਕ ਰੱਖਦੇ ਹਨ। ਵੰਡ ਤੋਂ ਪੂਰੇ ਦੋ ਮਹੀਨੇ ਬਾਅਦ- 15 ਅਕਤੂਬਰ 1947 ਨੂੰ - ਨਹਿਰੂ ਨੇ ਰਾਜਾਂ ਦੇ ਮੁੱਖ ਮੰਤਰੀ ਨੂੰ ਇਹ ਲਿਖਿਆ: ‘ਸਾਡੇ ਕੋਲ ਐਨੀ ਵੱਡੀ ਗਿਣਤੀ ’ਚ ਮੁਸਲਿਮ ਘੱਟਗਿਣਤੀ ਹਨ ਕਿ ਜੇ ਉਹ ਚਾਹੁਣ ਵੀ, ਤਾਂ ਵੀ ਕਿਤੇ ਹੋਰ ਨਹੀਂ ਜਾ ਸਕਦੇ। ਉਨ੍ਹਾਂ ਨੂੰ ਭਾਰਤ ਵਿੱਚ ਹੀ ਰਹਿਣਾ ਪਏਗਾ...ਪਾਕਿਸਤਾਨ ਵੱਲੋਂ ਭਾਵੇਂ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਹੋਵੇ ਤੇ ਗ਼ੈਰ-ਮੁਸਲਮਾਨਾਂ ਦੀ ਉੱਥੇ ਚਾਹੇ ਜਿੱਦਾਂ ਦੀ ਵੀ ਤੌਹੀਨ ਹੋਵੇ ਜਾਂ ਡਰਾਇਆ ਜਾਵੇ, ਸਾਨੂੰ ਇਸ ਘੱਟਗਿਣਤੀ ਨਾਲ ਇੱਥੇ ਇੱਕ ਸਭਿਅਕ ਤਰੀਕੇ ਨਾਲ ਨਜਿੱਠਣਾ ਪਏਗਾ। ਸਾਨੂੰ ਇੱਕ ਜਮਹੂਰੀ ਮੁਲਕ ਵਿੱਚ ਉਨ੍ਹਾਂ ਨੂੰ ਸੁਰੱਖਿਆ ਤੇ ਨਾਗਰਿਕਾਂ ਵਾਲੇ ਸਾਰੇ ਹੱਕ ਦੇਣੇ ਪੈਣਗੇ।
ਭਾਰਤ ’ਚ ਇਨ੍ਹੀਂ ਦਿਨੀਂ ਨਹਿਰੂ ਨੂੰ ਕਾਫ਼ੀ ਗ਼ਲਤ ਸਮਝਿਆ ਜਾਂਦਾ ਹੈ ਤੇ ਇਲਜ਼ਾਮ ਵੀ ਲੱਗਦੇ ਹਨ। ਇਸ ਵਿੱਚੋਂ ਅਤੀਤ ਦੀ ਕੁਝ ਨਿੰਦਾ ਠੀਕ ਵੀ ਹੈ; ਜਿਵੇਂ ਕਿ ਪ੍ਰਧਾਨ ਮੰਤਰੀ ਵਜੋਂ, ਨਹਿਰੂ ਨੂੰ 1950ਵਿਆਂ ਦੇ ਅਖ਼ੀਰ ਤੱਕ ਅਰਥਚਾਰੇ ਤੋਂ ਸਰਕਾਰੀ ਕੰਟਰੋਲ ਚੁੱਕਣਾ ਸ਼ੁਰੂ ਕਰ ਦੇਣਾ ਚਾਹੀਦਾ ਸੀ (ਉਸ ਸਮੇਂ ਤੱਕ ਇਹ ਪ੍ਰਤੱਖ ਰੂਪ ’ਚ ਤਰੱਕੀ ਦੇ ਉਲਟ ਸਿੱਧ ਹੋ ਚੁੱਕਾ ਸੀ) ਤੇ ਉਨ੍ਹਾਂ ਨੂੰ ਐਨੀ ਨਾਦਾਨੀ ਨਾਲ ਚੀਨ ਬਾਰੇ ਭਰੋਸਾ ਨਹੀਂ ਸੀ ਕਰਨਾ ਚਾਹੀਦਾ। ਦੂਜੇ ਪਾਸੇ, ਸਾਨੂੰ ਭਾਰਤੀਆਂ ਨੂੰ ਹੁਣ ਧਾਰਮਿਕ ਤੇ ਭਾਸ਼ਾਈ ਬਹੁਲਵਾਦ ਬਾਰੇ ਨਹਿਰੂ ਦੇ ਮਜ਼ਬੂਤ, ਅਟੱਲ ਤਰਕ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ।
ਇਸ ਸਬੰਧ ’ਚ ਨਹਿਰੂ ਦੀ ਸਥਾਈ ਪ੍ਰਸੰਗਿਕਤਾ ਨੂੰ ਹਾਲ ਦੇ ਹਫ਼ਤਿਆਂ ’ਚ ਪਾਕਿਸਤਾਨੀ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਦਾ ਜ਼ਿਕਰ ਕਰ ਕੇ ਸਭ ਤੋਂ ਵਧੀਆ ਢੰਗ ਨਾਲ ਦਰਸਾਇਆ ਜਾ ਸਕਦਾ ਹੈ। ਦਹਿਸ਼ਤੀ ਭੜਕਾਹਟ ਤੋਂ ਕੁਝ ਦਿਨ ਪਹਿਲਾਂ, ਇਸ ਬੰਦੇ ਨੇ ਜ਼ੋਰ ਦਿੱਤਾ ਕਿ ਕਸ਼ਮੀਰ ਪਾਕਿਸਤਾਨ ਦੀ ‘ਸ਼ਾਹ ਰਗ’ ਹੈ। ਭਾਰਤੀ ਸੈਲਾਨੀਆਂ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਉਸ ਨੇ ਪਾਕਿਸਤਾਨੀ ਮਿਲਟਰੀ ਅਕਾਦਮੀ ਦੇ ਗ੍ਰੈਜੂਏਟ ਹੋ ਰਹੇ ਕੈਡੇਟਾਂ ਨੂੰ ਕਿਹਾ ਕਿ ‘ਦੋ ਕੌਮਾਂ ਦਾ ਸਿਧਾਂਤ ਇਸ ਬੁਨਿਆਦੀ ਵਿਸ਼ਵਾਸ ’ਤੇ ਅਧਾਰਿਤ ਸੀ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਕੌਮਾਂ ਹਨ, ਨਾ ਕਿ ਇੱਕ।’ ਉਸ ਨੇ ਅੱਗੇ ਕਿਹਾ: ‘ਮੁਸਲਮਾਨ ਜ਼ਿੰਦਗੀ ਦੇ ਸਾਰੇ ਪੱਖਾਂ- ਧਾਰਮਿਕ, ਰਿਵਾਜ਼ਾਂ, ਰਵਾਇਤਾਂ, ਸੋਚ ਤੇ ਖਾਹਿਸ਼ਾਂ ’ਚ ਹਿੰਦੂਆਂ ਤੋਂ ਬਿਲਕੁਲ ਵੱਖਰੇ ਹਨ।
ਹੁਣ ਤੱਕ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਹਿੰਦੂ ਕੱਟੜਪੰਥੀਆਂ ਦੇ ਵਿਚਾਰਧਾਰਕ ਜਿਵੇਂ ਕਿ ਵੀ.ਡੀ. ਸਾਵਰਕਰ ਵਰਗੇ ਬਿਲਕੁਲ ਇਸੇ ਤਰ੍ਹਾਂ ਦੀ ਸੋਚਣੀ ਰੱਖਦੇ ਸਨ। ਉਨ੍ਹਾਂ ‘ਦੋ ਕੌਮਾਂ ਦੇ ਸਿਧਾਂਤ’ ਦਾ ਆਪਣਾ ਵੱਖਰਾ ਸਰੂਪ ਘੜ ਲਿਆ। ਉਨ੍ਹਾਂ ਵੀ ਇਹੀ ਸੋਚਿਆ ਕਿ ਹਿੰਦੂ ਤੇ ਮੁਸਲਮਾਨ ਆਪਣੀ ਸੋਚਣੀ ਤੇ ਹੋਂਦ ਦੇ ਢੰਗ-ਤਰੀਕਿਆਂ ’ਚ ਵੱਖਰੇ ਤੇ ਨਿਆਰੇ ਹਨ। ਉਹ ਵੀ ਦਾਅਵਾ ਕਰਦੇ ਸਨ ਕਿ ਹਿੰਦੂ ਤੇ ਮੁਸਲਮਾਨ ਇੱਕੋ ਸਿਆਸੀ ਜਾਂ ਖੇਤਰੀ ਇਕਾਈ ਵਿੱਚ ਜੋੜੀਦਾਰ ਬਣ ਕੇ, ਸ਼ਾਂਤੀ ਤੇ ਸਮਾਨਤਾ ਨਾਲ ਇਕੱਠੇ ਨਹੀਂ ਰਹਿ ਸਕਦੇ। ਅੱਜ ਦੀ ਸਥਿਤੀ ’ਤੇ ਆਉਂਦੇ ਹਾਂ, ਜਦੋਂ ਬਹੁਤ ਸਾਰੇ ਮੁਸਲਮਾਨ ਅਸਲ ਵਿੱਚ ਵੰਡ ਤੋਂ ਬਾਅਦ ਦੇ ਭਾਰਤ ਵਿੱਚ ਰਹਿ ਰਹੇ ਹਨ, ਹਿੰਦੂਵਾਦ ਦੀ ਵਿਚਾਰਧਾਰਾ ਜ਼ੋਰ ਦਿੰਦੀ ਹੈ ਕਿ ਉਹ ਅਜਿਹਾ ਸਿਰਫ਼ ਆਪਣੇ ਆਪ ਨੂੰ ਆਰਥਿਕ, ਸਿਆਸੀ ਤੇ ਸਭਿਆਚਾਰਕ ਤੌਰ ’ਤੇ ਹਿੰਦੂਆਂ ਤੋਂ ਹੇਠਾਂ ਰੱਖ ਕੇ ਹੀ ਕਰ ਸਕਦੇ ਹਨ।
ਨੁਕਸਾਨਦੇਹ, ਧਰੁਵੀਕਰਨ ਵਾਲੀ ਸੋਚ ਦੇ ਉਲਟ ਜਵਾਹਰ ਲਾਲ ਨਹਿਰੂ ਦਿੜ੍ਹਤਾ ਨਾਲ ਖੜ੍ਹੇ। ਵੰਡ ਤੋਂ ਬਾਅਦ ਦੇ ਪਹਿਲੇ ਕੁਝ ਮਹੀਨਿਆਂ ਤੱਕ, ਜਦੋਂ ਪਾਕਿਸਤਾਨ ਆਪਣੇ ਗ਼ੈਰ-ਮੁਸਲਿਮ ਨਾਗਰਿਕਾਂ ਨੂੰ ਦਹਿਸ਼ਤ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦਾ ਅਪਮਾਨ ਕਰ ਰਿਹਾ ਸੀ ਤਾਂ ਨਹਿਰੂ ਨੇ ਜ਼ੋਰ ਦਿੱਤਾ ਕਿ ਭਾਰਤ ’ਚ ਉਨ੍ਹਾਂ ਦੀ ਸਰਕਾਰ ਮੁਸਲਿਮ ਘੱਟਗਿਣਤੀ ਨਾਲ ‘ਸਭਿਅਕ ਢੰਗ ਨਾਲ’ ਪੇਸ਼ ਆਵੇਗੀ ਤੇ ‘ਇੱਕ ਜਮਹੂਰੀ ਦੇਸ਼ ਵਿਚ ਉਨ੍ਹਾਂ ਨੂੰ ਸੁਰੱਖਿਆ ਤੇ ਨਾਗਰਿਕਾਂ ਦੇ ਸਾਰੇ ਹੱਕ ਦੇਵੇਗੀ।’ ਹੁਣ, ਜਦੋਂਕਿ ਪਾਕਿਸਤਾਨ ਦਾ ਥਾਪੜਾ ਹਾਸਿਲ ਅਤਿਵਾਦੀਆਂ ਨੇ ਐਨੇ ਸ਼ਰਮਨਾਕ ਢੰਗ ਨਾਲ ਕਸ਼ਮੀਰ ’ਚ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਹੈ, ਜੋ ਸੰਜੋਗ ਨਾਲ ਭਾਰਤੀ ਤੇ ਹਿੰਦੂ ਸਨ, ਅਸੀਂ ਜੋ ਇਸ ਗਣਰਾਜ ਦੇ ਭਵਿੱਖ ਦੀ ਚਿੰਤਾ ਕਰਦੇ ਹਾਂ, ਇਸ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਮਨਾਂ ’ਚ ਸੰਜੋ ਕੇ ਰੱਖਦੇ ਹਾਂ, ਉਨ੍ਹਾਂ ਭਾਰਤੀਆਂ ਨਾਲ ਇੱਜ਼ਤ ਤੇ ਸਤਿਕਾਰ ਨਾਲ ਪੇਸ਼ ਆਉਣ ਲਈ ਤੇ ਉਨ੍ਹਾਂ ਨੂੰ ਸੰਪੂਰਨ ਤੇ ਬਰਾਬਰ ਨਾਗਰਿਕ ਮੰਨਣ ਲਈ ਆਪਣੀਆਂ ਕੋਸ਼ਿਸ਼ਾਂ ਦੁੱਗਣੀਆਂ ਕਰ ਦੇਣੀਆਂ ਚਾਹੀਦੀਆਂ ਹਨ ਜੋ ਸੰਜੋਗਵਸ ਧਰਮ ਵੱਜੋਂ ਮੁਸਲਮਾਨ ਹਨ।
ਈ-ਮੇਲ: ramachandraguha@yahoo.in

Advertisement
Advertisement

Advertisement
Author Image

Ravneet Kaur

View all posts

Advertisement