ਅਲੀਕਾਂ ਤੋਂ ਬੱਪਾਂ ਪੁਲ ਤੱਕ ਨਵੀਂ ਬਣੀ ਸੜਕ ਟੁੱਟੀ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 1 ਫਰਵਰੀ
ਪਿੰਡ ਅਲੀਕਾਂ ਨੇੜੇ ਅਲੀਕਾਂ ਨਹਿਰ ਦੇ ਪੁਲ ਤੋਂ ਬੱਪਾਂ, ਕਿਰਾੜਕੋਟ ਪੁਲ ਤੱਕ ਨਵੀਂ ਬਣੀ ਸੜਕ ਟੁੱਟ ਜਾਣ ਕਾਰਨ ਲੋਕਾਂ ਨੂੰ ਭਾਰਤੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਦੀ ਨਿਰਮਾਣ ਕੰਮ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜੂਨ-ਜੁਲਾਈ 2024 ਵਿੱਚ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਵੱਲੋਂ ਅਲੀਕਾਂ ਨਹਿਰ ਦੇ ਪੁਲ ਤੋਂ ਬੱਪਾਂ, ਕਿਰਾੜਕੋਟ ਪੁਲ ਤੱਕ ਲਗਪਗ 5.15 ਕਿਲੋਮੀਟਰ ਲੰਬਾਈ ਦੀ ਸੜਕ ਬਣਾਈ ਗਈ ਸੀ। ਕਾਫ਼ੀ ਸਮੇਂ ਬਾਅਦ ਖਸਤਾ ਸੜਕ ਦੀ ਥਾਂ ’ਤੇ ਨਵੀਂ ਬਣੀ ਸੜਕ ਨੂੰ ਦੇਖ ਕੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਇਸ ਸੜਕ ਦੇ ਨਿਰਮਾਣ ਦਾ ਕਥਿਤ ਤੌਰ ’ਤੇ ਸਹੀ ਕੰਮ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਸੜਕ ਹੌਲੀ-ਹੌਲੀ ਖਰਾਬ ਹੋਣੀ ਸ਼ੁਰੂ ਹੋ ਗਈ। ਇਸ ਸੜਕ ਤੋਂ ਬਜਰੀ ਉਖੜਨ ਕਾਰਨ ਹੇਠਾਂ ਪਏ ਮੋਟੇ ਪੱਥਰ ਦਿਖਾਈ ਦੇਣ ਲੱਗ ਪਏ ਅਤੇ ਸੜਕ ’ਤੇ ਵੱਡੇ ਟੋਏ ਪੈ ਗਏ ਜਿਸ ਕਾਰਨ ਇੱਥੋਂ ਰੋਜ਼ਾਨਾ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਸੜਕ ਦਾ ਇੰਨੀ ਜਲਦੀ ਟੁੱਟਣਾ ਜਾਂਚ ਦਾ ਵਿਸ਼ਾ ਹੈ। ਅਜਿਹੀ ਸਥਿਤੀ ਵਿੱਚ ਖੇਤਰ ਦੇ ਲੋਕਾਂ ਨੇ ਸਬੰਧਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇੰਨੇ ਘੱਟ ਸਮੇਂ ਵਿੱਚ ਸੜਕ ਦੇ ਟੁੱਟਣ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।