ਅਲਾਇੰਸ ਇੰਟਰਨੈਸ਼ਨਲ ਸਕੂਲ ’ਚ ਇਨਾਮ ਵੰਡ ਸਮਾਗਮ
ਸ਼ਗਨ ਕਟਾਰੀਆ
ਜੈਤੋ, 4 ਫਰਵਰੀ
ਇਥੇ ਅਲਾਇੰਸ ਇੰਟਰਨੈਸ਼ਨਲ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਵਿਸ਼ਾਲ ਅਤੇ ਖੂਬਸੂਰਤ ਸਮਾਗਮ ਦੌਰਾਨ ਬੱਚਿਆਂ ਨੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਰੋਹ ਵਿੱਚ ਟਰੱਕ ਅਪਰੇਟਰਜ਼ ਯੂਨੀਅਨ ਜੈਤੋ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸਿਮਰਨ ਮਲਹੋਤਰਾ ਬਤੌਰ ਮੁੱਖ ਮਹਿਮਾਨ ਸ਼ਰੀਕ ਹੋਏ।
ਸਮਾਰੋਹ ਦਾ ਆਗ਼ਾਜ਼ ਪ੍ਰਿੰਸੀਪਲ ਮੈਡਮ ਗੁਰਸੇਵਕ ਮਾਨ ਦੇ ਸਵਾਗਤੀ ਸ਼ਬਦਾਂ ਅਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਇਆ। ਇਸ ਦੌਰਾਨ ਇੱਕ ਤੋਂ ਇੱਕ ਖੂਬਸੂਰਤ ਸਟੇਜੀ ਪੇਸ਼ਕਾਰੀਆਂ ਦਾ ਹੜ੍ਹ ਆ ਗਿਆ। ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਤੋਂ ਇਲਾਵਾ ਪੰਜਾਬ ਦੇ ਗਿੱਧੇ ਅਤੇ ਭੰਗੜੇ ਦੀਆਂ ਪਈਆਂ ਧੂੰਮਾਂ ਨੇ ਸਮੁੱਚੇ ਹਾਲ ਨੂੰ ਨਸ਼ਿਆ ਦਿੱਤਾ।
ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ, ਪ੍ਰਧਾਨ ਅਸ਼ੋਕ ਕੁਮਾਰ ਗਰਗ, ਘਨ੍ਹੱਈਆ ਕੁਮਾਰ ਗਰਗ, ਪ੍ਰਬੰਧਕੀ ਨਿਰਦੇਸ਼ਕ ਜਗਮੇਲ ਸਿੰਘ, ਨਿਰਦੇਸ਼ਕ ਸਕੱਤਰ ਗੌਰਵ ਗਰਗ ਅਤੇ ਅਕਾਦਮਿਕ ਨਿਰਦੇਸ਼ਕ ਦਿੱਪੀ ਗਰਗ ਨੇ ਸੰਸਥਾ ਵੱਲੋਂ ਪੁੱਟੀਆਂ ਪੁਲਾਂਘਾਂ ਦੀ ਚਰਚਾ ਕਰਦਿਆਂ, ਭਵਿੱਖੀ ਯੋਜਨਾਵਾਂ ਦਾ ਜ਼ਿਕਰ ਕੀਤਾ। ਇਸ ਦੌਰਾਨ ਹੋਣਹਾਰ ਵਿਦਿਆਰਥੀਆਂ ਤੋਂ ਇਲਾਵਾ ਸੁੰਦਰ ਲਿਖਾਈ, ਮਹੱਵਪੂਰਨ ਸਰਗਰਮੀਆਂ, ਬੱਚਿਆਂ ਪ੍ਰਤੀ ਵੱਧ ਰੁਚੀ ਰੱਖਣ ਵਾਲੇ ਮਾਪਿਆਂ ਅਤੇ ਸੌ ਫੀਸਦੀ ਹਾਜ਼ਰੀ ਵਾਲੇ ਬੱਚਿਆਂ ਦਾ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ। ਬੱਚਿਆਂ ਦੇ ਮਾਪਿਆਂ ਨੂੰ ਇਹ ਜਾਨਦਾਰ ਸਟੇਜੀ ਵੰਨਗੀਆਂ ਮੰਤਰ ਮੁਗਧ ਕਰਨ ਵਿੱਚ ਸਫ਼ਲ ਰਹੀਆਂ। ਇਸ ਮੌਕੇ ਸ਼ਿਵਾਲਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਸ਼ਿਵਾਲਕ ਕਿਡਜ਼ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਵੀ ਮੌਜੂਦ ਸਨ।