ਅਲਾਂਤੇ ਮਾਲ ’ਚ ਬੰਬ ਦੀ ਅਫ਼ਵਾਹ ਨੇ ਪਾਈਆਂ ਭਾਜੜਾਂ

ਸੋਮਵਾਰ ਨੂੰ ਅਲਾਂਤੇ ਮਾਲ ਵਿੱਚ ਬੰਬ ਦੀ ਅਫ਼ਵਾਹ ਤੋਂ ਬਾਅਦ ਪੁਜ਼ੀਸ਼ਨਾਂ ਸੰਭਾਲਦੇ ਹੋਏ ਸੁਰੱਖਿਆ ਕਰਮੀ। -ਫੋਟੋ: ਨਿਤਿਨ ਮਿੱਤਲ

ਤਰਲੋਚਨ ਸਿੰਘ
ਚੰਡੀਗੜ੍ਹ, 12 ਅਗਸਤ
ਕਿਸੇ ਸ਼ਰਾਰਤੀ ਵੱਲੋਂ ਪੁਲੀਸ ਕੰਟਰੋਲ ਰੂਮ (ਪੀਸੀਆਰ) ਨੂੰ ਫੋਨ ਕਰਕੇ ਇਸ ਖਿੱਤੇ ਦੇ ਮਸ਼ਹੂਰ ਅਲਾਂਤੇ ਮਾਲ ਵਿਚ ਬੰਬ ਹੋਣ ਦੀ ਝੂਠੀ ਖਬਰ ਦੇ ਕੇ ਭਾਜੜਾਂ ਪਾ ਦਿੱਤੀਆਂ। ਬਾਅਦ ਦੁਪਹਿਰੇ ਇਕ ਵਜੇ ਦੇ ਕਰੀਬ ਪੀਸੀਆਰ ਨੂੰ ਅਜਿਹਾ ਫੋਨ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਅਤੇ ਚੰਡੀਗੜ੍ਹ ਪੁਲੀਸ ਦੇ ਹਰੇਕ ਵਿੰਗ ਨੇ ਮਾਲ ’ਤੇ ਪੁੱਜ ਕੇ ਪੁਜ਼ੀਸ਼ਨਾਂ ਲੈ ਲਈਆਂ।
ਕਿਸੇ ਸ਼ਰਾਰਤੀ ਨੇ ਇੰਟਰਨੈਟ ਕਾਲ ਰਾਹੀਂ ਪੀਸੀਆਰ (100) ’ਤੇ ਫੋਨ ਕੀਤਾ ਸੀ ਅਤੇ ਸੂਤਰਾਂ ਅਨੁਸਾਰ ਪੁਲੀਸ ਨੇ ਇਸ ਅਨਸਰ ਦੀ ਸ਼ਨਾਖਤ ਕਰ ਲਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਵੀ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਐਸਐਸਪੀ ਨੀਲਾਂਬਰੀ ਜਗਦਲੇ ਦੀ ਅਗਵਾਈ ਹੇਠ ਬਾਅਦ ਦੁਪਹਿਰ 1.15 ਚੱਲੇ ਅਪਰੇਸ਼ਨ ਦੌਰਾਨ ਸਭ ਤੋਂ ਪਹਿਲਾਂ ਸਮੂਹ ਲੋਕਾਂ, ਦੁਕਾਨਦਾਰਾਂ ਅਤੇ ਸਟਾਫ ਨੂੰ ਤੁਰੰਤ ਮਾਲ ਵਿਚੋਂ ਬਾਹਰ ਆਉਣ ਦੀ ਅਪੀਲ ਕੀਤੀ। ਪੁਲੀਸ ਲਈ ਮਾਲ ਖਾਲੀ ਕਰਵਾਉਣਾ ਬੜਾ ਨਾਜ਼ੁਕ ਮਾਮਲਾ ਸੀ, ਕਿਉਂਕਿ ਮਾਲ ਵਿਚ ਬੰਬ ਹੋਣ ਦੀ ਖਬਰ ਫੈਲਣ ਕਾਰਨ ਲੋਕਾਂ ਵਿਚਕਾਰ ਭਗਦੜ ਮਚਣ ਦਾ ਡਰ ਸੀ। ਜਿਸ ਕਾਰਨ ਇਸ ਮੌਕੇ ਮਾਲ ਦੇ ਸੁਰੱਖਿਆ ਸਟਾਫ ਦੀ ਵੀ ਮਦਦ ਲਈ ਗਈ। ਲੋਕਾਂ ਨੇ ਸੂਚਨਾ ਮਿਲਦਿਆਂ ਹੀ ਮਾਲ ਵਿਚੋਂ ਬਾਹਰ ਭੱਜਣਾ ਸ਼ੁਰੂ ਕਰ ਦਿੱਤਾ। ਬਿਜਲਈ ਪੌੜੀਆਂ ਅਤੇ ਲਿਫਟਾਂ ’ਤੇ ਭੀੜ ਲੱਗ ਗਈ। ਅੱਜ ਈਦ ਦੀ ਛੱੁਟੀ ਹੋਣ ਕਾਰਨ ਮਾਲ ਵਿਚ ਭਾਰੀ ਰੌਣਕਾਂ ਸਨ। ਮਾਲ ਖਾਲ੍ਹੀ ਹੋਣ ਤੋਂ ਬਾਅਦ ਬੰਬ ਨਸ਼ਟ ਕਰਨ ਵਾਲਾ ਦਸਤਾ, ਅਪਰੇਸ਼ਨ ਸੈਲ ਦੇ ਕਮਾਂਡੋਜ਼, ਅਪਰਾਧ ਸ਼ਾਖਾਂ ਦੇ ਜਵਾਨਾਂ ਥਾਣਾ ਪੁਲੀਸ ਆਦਿ ਦੀਆਂ ਟੀਮਾਂ ਨੇ ਮਾਲ ਦੀ ਹਰੇਕ ਮੰਜ਼ਿਲ ਵਿਚਲੇ ਸਟੋਰਾਂ, ਰੈਸਟੋਰੈਂਟਾਂ, ਦੁਕਾਨਾਂ ਆਦਿ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ। ਇਸ ਮੌਕੇ ਐਂਬੂਲੈਸਾਂ ਅਤੇ ਫਾਇਰ ਬ੍ਰੀਗੇਡ ਆਦਿ ਵਰਗੇ ਹੋਰ ਪ੍ਰਬੰਧ ਵੀ ਕੀਤੇ ਗਏ। ਪੁਲੀਸ ਨੇ ਸਾਢੇ ਤਿੰਨ ਵਜੇ ਤਕ ਬੇਸਮੈਂਟਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਲੋਕਾਂ ਨੂੰ ਵਾਹਨ ਲਿਜਾਉਣ ਇਜਾਜ਼ਤ ਦਿੱਤੀ। 20 ਏਕੜ ਰਕਬੇ ਵਿਚ ਫੈਲੇ ਮਾਲ ਦੀ ਤਲਾਸ਼ੀ ਲੈਣ ਲਈ ਪੁਲੀਸ ਨੂੰ ਤਕਰੀਬਨ ਸਾਢੇ ਪੰਜ ਘੰਟੇ ਲੱਗੇ। ਤਲਾਸ਼ੀ ਮੁਹਿੰਮ ਸ਼ਾਮ 5.40 ਵਜੇ ਖਤਮ ਹੋਣ ਤੋਂ ਬਾਅਦ ਮੁੜ ਮਾਲ ਚਾਲੂ ਹੋ ਸਕਿਆ। ਐਸਐਸਪੀ ਨੀਲਾਂਬਰੀ ਨੇ ਸ਼ਾਮ ਵੇਲੇ ਮਾਲ ਦੀ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਦੱਸਿਆ ਕਿ ਮਾਲ ਵਿਚ ਕੋਹੀ ਬੰਬ ਨਹੀਂ ਸੀ ਅਤੇ ਫੋਨ ਕਰਨ ਵਾਲੇ ਅਨਸਰ ਦੀ ਸ਼ਰਾਰਤ ਸੀ।

ਫੋ਼ਨ ਕਰਨ ਵਾਲਾ ਦਿੱਲੀ ਵਿੱਚ: ਐਸਐਸਪੀ

ਐਸਐਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸੂਹ ਲੱਗੀ ਹੈ ਕਿ ਝੂਠੀ ਕਾਲ ਕਰਕੇ ਪੁਲੀਸ ਨੂੰ ਭਾਜੜਾਂ ਪਾਉਣ ਵਾਲਾ ਦਿੱਲੀ ਵਿਚ ਹੈ। ਇਸ ਅਨਸਰ ਵੱਲੋਂ ਆਪਣੇ ਫੋਨ ਤੋਂ ਹੋਰ ਆਪਣੇ ਜਾਣਕਾਰਾਂ ਨੂੰ ਕਾਲਾਂ ਕੀਤੀਆਂ ਹਨ, ਉਨ੍ਹਾਂ ਨੂੰ ਲੱਭ ਲਿਆ ਗਿਆ ਹੈ। ਹੁਣ ਪੁਲੀਸ ਇਨ੍ਹਾਂ ਰਾਹੀਂ ਸ਼ਰਾਰਤੀ ਅਨਸਰ ਨੂੰ ਦਬੋਚਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਨਅਤੀ ਖੇਤਰ ਥਾਣੇ ਵਿਚ ਮੁਲਜ਼ਮ ਵਿਰੁੱਧ ਭਾਰਤੀ ਦੰਡਵਾਲੀ ਦੀਆਂ ਧਰਾਵਾਂ 182, 268, 505 ਅਤੇ 507 ਤਹਿਤ ਕੇਸ ਦਰਜ ਕਰ ਲਿਆ ਹੈ।