ਅਰੋੜਾ ਨੂੰ ਵਿਧਾਇਕ ਬਣਾਓ, ਕੈਬਨਿਟ ਮੰਤਰੀ ਅਸੀਂ ਬਣਾਵਾਂਗੇ: ਕੇਜਰੀਵਾਲ
ਗਗਨਦੀਪ ਅਰੋੜਾ
ਲੁਧਿਆਣਾ, 10 ਜੂਨ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੰਗਲਵਾਰ ਨੂੰ ਜ਼ਿਮਨੀ ਚੋਣ ਲਈ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਵਾਰਡ ਨੰਬਰ 59 ਅਤੇ 65 ਵਿੱਚ ਲੋਕ ਸਭਾਵਾਂ ਕੀਤੀਆਂ। ਇਸ ਦੌਰਾਨ ਕੇਜਰੀਵਾਲ ਨੇ ਵਿਧਾਇਕ ਚੁਣੇ ਜਾਣ ’ਤੇ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਨਿਯੁਕਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਅਰੋੜਾ ਆਪਣੀ ਸ਼ਕਤੀ ਅਤੇ ਸਰੋਤਾਂ ਨਾਲ ਲੁਧਿਆਣਾ ਪੱਛਮੀ ਨੂੰ ਬਦਲ ਦੇਣਗੇ।
ਮਰਹੂਮ ਗੁਰਪ੍ਰੀਤ ਗੋਗੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਦੇ ਵਿਧਾਇਕ ਦੇ ਬੇਵਕਤੀ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ, ਜਿਨ੍ਹਾਂ ਦੀ ਇਸ ਸਾਲ ਦੇ ਸ਼ੁਰੂ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਚੁਣਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਆਦਮੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਰਿਵਾਰਕ ਪਰੰਪਰਾ ਕਾਰਨ ਕਾਂਗਰਸੀ ਉਮੀਦਵਾਰ ਨੂੰ ਵੋਟ ਦੇਵੇਗਾ। ਉਨ੍ਹਾਂ ਉਸ ਨੂੰ ਪੁੱਛਿਆ ਕਿ ਜੇਕਰ ਤੁਹਾਡੀ ਸੜਕ ਖ਼ਰਾਬ ਹੈ, ਪਾਣੀ ਦੀ ਸਪਲਾਈ ਨਹੀਂ ਹੈ, ਜਾਂ ਤੁਹਾਨੂੰ ਕੋਈ ਪ੍ਰਸ਼ਾਸਕੀ ਸਮੱਸਿਆ ਹੈ, ਤਾਂ ਇਸ ਨੂੰ ਕੌਣ ਹੱਲ ਕਰੇਗਾ? ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਕੋਲ ਮਦਦ ਕਰਨ ਲਈ ਕੋਈ ਸ਼ਕਤੀ ਜਾਂ ਸਰੋਤ ਨਹੀਂ ਹਨ। ਸਿਰਫ਼ ਸੱਤਾਧਾਰੀ ਪਾਰਟੀ ਹੀ ਵਿਕਾਸ ਕਰ ਸਕਦੀ ਹੈ।
ਕੇਜਰੀਵਾਲ ਨੇ ’ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਜਨਤਕ ਸੇਵਾ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ ਅਤੇ ਹਲਕੇ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਤੁਰੰਤ ਕਾਰਵਾਈ ’ਤੇ ਚਾਨਣਾ ਪਾਇਆ। ਕੇਜਰੀਵਾਲ ਨੇ ਕਿਹਾ ਕਿ ਮਾਰਚ ਵਿੱਚ ਉਨ੍ਹਾਂ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦਾ ਦੌਰਾ ਕੀਤਾ, ਜਿੱਥੇ ਨਿਵਾਸੀਆਂ ਨੇ ਜਾਇਦਾਦ ਰਜਿਸਟਰੀ ਦੇ ਮੁੱਦਿਆਂ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਜੋ 70 ਸਾਲਾਂ ਤੋਂ ਵੱਧ ਸਮੇਂ ਤੋਂ ਅਣਸੁਲਝਿਆਂ ਸਨ। ਦੋ ਮਹੀਨਿਆਂ ਦੇ ਅੰਦਰ, ਸੰਜੀਵ ਅਰੋੜਾ ਨੇ ਵਿਧਾਇਕ ਬਣਨ ਤੋਂ ਪਹਿਲਾਂ ਹੀ, ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਨੂੰ ਹੱਲ ਕਰ ਲਿਆ।
ਅਰੋੜਾ ਦੇ ਪਰਉਪਕਾਰੀ ਯਤਨਾਂ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਸਾਂਝੀ ਕਰਦੇ ਹੋਏ ਕੇਜਰੀਵਾਲ ਨੇ ਦੱਸਿਆ ਕਿ ਕਿਵੇਂ ਅਰੋੜਾ ਨੇ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਬੱਚੇ ਲਈ ਜੀਵਨ ਬਚਾਉਣ ਵਾਲਾ ਟੀਕਾ ਖਰੀਦਣ ਲਈ 12 ਕਰੋੜ ਰੁਪਏ ਇਕੱਠੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸੰਜੀਵ ਅਰੋੜਾ ਕਿਸੇ ਅਜਨਬੀ ਦੀ ਜਾਨ ਬਚਾਉਣ ਲਈ ਪੂਰੀ ਦੁਨੀਆ ਨੂੰ ਇੱਕਜੁੱਟ ਕਰ ਸਕਦੇ ਹਨ, ਤਾਂ ਕਲਪਨਾ ਕਰੋ ਕਿ ਉਹ ਲੁਧਿਆਣਾ ਪੱਛਮ ਲਈ ਕੀ ਕਰ ਸਕਦੇ ਹਨ।
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ 19 ਜੂਨ ਨੂੰ ਫੈਸਲਾਕੁੰਨ ਵੋਟ ਪਾਉਣ ਦੀ ਅਪੀਲ ਕੀਤੀ। ਮਾਨ ਨੇ ਅੱਗੇ ਕਿਹਾ ਕਿ ਰੈਲੀ ਵਿੱਚ ਔਰਤਾਂ ਦੀ ਵੱਡੀ ਗਿਣਤੀ ’ਆਪ’ ਨੂੰ ਮਿਲੇ ਵਿਆਪਕ ਸਮਰਥਨ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਹ ਭਾਗੀਦਾਰੀ ਦਰਸਾਉਂਦੀ ਹੈ ਕਿ ਪਰਿਵਾਰਾਂ ਨੇ ਪਹਿਲਾਂ ਹੀ ’ਆਪ’ ਦਾ ਸਮਰਥਨ ਕਰਨ ਦਾ ਫੈਸਲਾ ਕਰ ਲਿਆ ਹੈ, ਜਦੋਂ ਕਿ ਵਿਰੋਧੀ ਧਿਰ ਹੰਕਾਰ ਅਤੇ ਨਿੰਦਾ ਵਿੱਚ ਉਲਝੀ ਹੋਈ ਹੈ।
ਇਸ ਦੌਰਾਨ ‘ਆਪ’ ਉਮੀਦਵਾਰ ਸੰਸਦ ਮੈਂਬਰ ਸੰਜੀਵ ਅਰੋੜਾ, ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ, ‘ਆਪ’ ਵਿਧਾਇਕ ਅਤੇ ਹੋਰ ਆਗੂ ਵੀ ਹਾਜ਼ਰ ਸਨ।