ਪੱਤਰ ਪ੍ਰੇਰਕਮਾਲੇਰਕੋਟਲਾ, 7 ਜੂਨਇੱਥੋਂ ਨੇੜਲੇ ਪਿੰਡ ਭੂਦਨ ’ਚ ਇੱਕ ਛੋਟੀ ਜਿਹੀ ਕਰਿਆਣਾ ਦੁਕਾਨ ਚਲਾ ਕੇ ਗੁਜ਼ਾਰਾ ਕਰਦੇ ਜਸਵੀਰ ਸਿੰਘ ਦਾ ਹੋਣਹਾਰ ਪੁੱਤਰ ਅਰਸ਼ਪ੍ਰੀਤ ਸਿੰਘ ਰਾਸ਼ਟਰੀ ਪੱਧਰ ਦੇ ਇਮਤਿਹਾਨ ਜੇਈਈ ਐਡਵਾਂਸ ਵਿੱਚੋਂ 5355 ਵਾਂ ਰੈਂਕ ਹਾਸਲ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਉਨ੍ਹਾਂ 32 ਵਿਦਿਆਰਥੀਆਂ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਇਹ ਵਕਾਰੀ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਅਰਸ਼ਪ੍ਰੀਤ ਸਿੰਘ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਦਾ ਮਾਣਮੱਤਾ ਵਿਦਿਆਰਥੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ ਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਨਜੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ ਸਣੇ ਵੱਖ ਵੱਖ ਸ਼ਖ਼ਸੀਅਤਾਂ ਨੇ ਵੱਖ ਵੱਖ ਸਮਾਗਮਾਂ ’ਚ ਅਰਸ਼ਪ੍ਰੀਤ ਸਿੰਘ ਦਾ ਸਨਮਾਨ ਕਰਕੇ ਉਸ ਦੇ ਸੁਨਹਿਰੇ ਭਵਿੱਖ ਲਈ ਮੁਬਾਰਕਵਾਦ ਦਿੱਤੀ।ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਦੇ ਪ੍ਰਿੰਸੀਪਲ ਰਜਿੰਦਰ ਕੁਮਾਰ ਨੇ ਦੱਸਿਆ ਕਿ ਐੱਸਸੀ ਭਾਈਚਾਰੇ ਨਾਲ ਸਬੰਧਤ ਅਰਸ਼ਪ੍ਰੀਤ ਸਿੰਘ ਦਾ ਪਿਤਾ ਪਿੰਡ ਭੂਦਨ ’ਚ ਇੱਕ ਛੋਟੀ ਜਿਹੀ ਦੁਕਾਨ ਕਰਦਾ ਹੈ ਜਿਸ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਵੀ ਘੱਟ ਹੈ। ਉਨ੍ਹਾਂ ਦੱਸਿਆ ਕਿ ਸਕੂਲ ਅਧਿਆਪਕਾਂ ਅਮ੍ਰਿਤਪਾਲ ਸਿੰਘ ਅਤੇ ਨਵਨੀਤ ਕੌਰ ਦੀ ਅਗਵਾਈ ਹੇਠ ਅਰਸ਼ਪ੍ਰੀਤ ਸਿੰਘ ਨੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਹੱਈਆ ਕਰਵਾਈਆਂ ਲਿਖਤੀ ਨੋਟਸ, ਪੇਸ ਐਪ, ਸਾਥੀ ਐਪ ਅਤੇ ਆਧੁਨਿਕ ਲੈਬਜ਼ ਆਦਿ ਸਹੂਲਤਾਂ ਦੀ ਤਨਦੇਹੀ ਨਾਲ ਵਰਤੋਂ ਕਰਕੇ ਮਿੱਥੇ ਨਿਸ਼ਾਨੇ ਨੂੰ ਸਰ ਕੀਤਾ ਹੈ। ਅਰਸ਼ਪ੍ਰੀਤ ਸਿੰਘ ਦੀ ਪ੍ਰਾਪਤੀ ਨੂੰ ਹੋਰ ਵਿਦਿਆਰਥੀਆਂ ਲਈ ਪ੍ਰੇਰਨਾਸ਼ਰੋਤ ਦੱਸਦਿਆਂ ਪ੍ਰਿੰਸੀਪਲ ਰਜਿੰਦਰ ਕੁਮਾਰ ਨੇ ਦੱਸਿਆ ਕਿ ਭਵਿੱਖ ਵਿਚ ਵੀ ਮੁਕਾਬਲੇ ਦੇ ਇਮਤਿਹਾਨਾਂ ’ਚ ਦਿਲਚਸਪੀ ਰੱਖਦੇ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਕੂਲ ਵੱਲੋਂ ਹਰ ਸੰਭਵ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ।