ਅਰਬਾਂ ਦੀ ਜਾਇਦਾਦ ਵੇਚ ਕੇ ਵੀ ਮੁਹਾਲੀ ਵਿਕਾਸ ਪੱਖੋਂ ਫਾਡੀ: ਬੇਦੀ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 9 ਜੂਨ
ਗਮਾਡਾ ਵੱਲੋਂ ਮੁਹਾਲੀ ਦੀ ਜਾਇਦਾਦ ਵੇਚ ਕੇ ਇਕੱਠੇ ਕੀਤੇ ਅਰਬਾਂ ਰੁਪਏ ਪੰਜਾਬ ਸਰਕਾਰ ਨੂੰ ਦੇਣ ’ਤੇ ਸਵਾਲ ਚੁੱਕਦਿਆਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੂਚਨਾ ਦੇ ਅਧਿਕਾਰ 2005 ਤਹਿਤ ਗਮਾਡਾ ਤੋਂ ਜਾਣਕਾਰੀ ਮੰਗੀ ਹੈ। ਉਨ੍ਹਾਂ ਪੁੱਛਿਆ ਕਿ ਮੁਹਾਲੀ ਦੀ ਜਾਇਦਾਦ ਵੇਚ ਕੇ ਇਕੱਠੇ ਕੀਤੇ ਕਰੋੜਾਂ ਰੁਪਏ ’ਚੋਂ ਮੁਹਾਲੀ ਦੇ ਵਿਕਾਸ ’ਤੇ ਕਿੰਨਾ ਪੈਸਾ ਖ਼ਰਚਿਆਂ ਗਿਆ ਹੈ ਜਾਂ ਕਿੰਨਾ ਪੈਸਾ ਨਗਰ ਨਿਗਮ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਸਾਲਾਂ ’ਚ ਗਮਾਡਾ ਨੇ ਮੁਹਾਲੀ ਦੀ ਅਰਬਾਂ ਰੁਪਏ ਦੀ ਜਾਇਦਾਦ ਵੇਚੀ ਹੈ ਪਰ ਸ਼ਹਿਰ ਦੇ ਵਿਕਾਸ ਲਈ ਮੁਹਾਲੀ ਨਗਰ ਨਿਗਮ ਨੂੰ ਨਾਂਹ ਦੇ ਬਰਾਬਰ ਹੀ ਪੈਸੇ ਦਿੱਤੇ ਗਏ ਹਨ। ਗਮਾਡਾ ਵੱਲੋਂ ਖ਼ੁਦ ਸ਼ਹਿਰ ਲਈ ਵਿਕਾਸ ਪ੍ਰਾਜੈਕਟਾਂ ਉੱਤੇ ਲੋੜੀਂਦੇ ਫ਼ੰਡ ਖ਼ਰਚ ਨਹੀਂ ਕੀਤੇ ਹਨ। ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ। ਡਿਪਟੀ ਮੇਅਰ ਨੇ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਪਿਛਲੇ ਪੰਜ ਸਾਲਾਂ (2020-21 ਤੋਂ 2024-25) ਵਿੱਚ ਮੁਹਾਲੀ ਵਿੱਚ ਜਿੰਨੀ ਜਾਇਦਾਦ ਵੇਚੀ ਗਈ ਹੈ, ਇਸ ਦਾ ਕੁੱਲ ਕੀਮਤ ਦਾ ਪੂਰਾ ਵੇਰਵਾ ਮੰਗਿਆ ਗਿਆ ਹੈ।