ਅਰਥ ਬਦਲਦੇ ਸ਼ਬਦ...
ਯਸ਼ਪਾਲ ਮਾਨਵੀ
ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ਜਦੋਂ ਜੁਆਨ ਉਮਰ ਸੀ, ਸਾਡੇ ਲਈ ਸਾਈਕਲ ਦਾ ਮਹੱਤਵ ਇੰਨਾ ਸੀ ਜਿੰਨਾ ਅੱਜ ਦੇ ਜੁਆਨ ਲਈ ਕਾਰ ਦਾ ਹੈ। ਪੈਦਲ ਚੱਲਣ ਵਾਲੇ ਦੇ ਮੁਕਾਬਲੇ ਇਹ ਹਵਾਈ ਜਹਾਜ਼ ਤੋਂ ਘੱਟ ਨਹੀਂ ਸੀ। ਉਨ੍ਹਾਂ ਸਮਿਆਂ ਵਿੱਚ ਸਾਈਕਲ ਦਾਜ ਦਾ ਸ਼ਿੰਗਾਰ ਵੀ ਸੀ। ਨਵੀਂ ਪੀੜ੍ਹੀ ਤਾਂ ਸੁਣ ਕੇ ਸ਼ਾਇਦ ਦੰਗ ਹੀ ਹੋ ਜਾਵੇ ਜਾਂ ਸ਼ਾਇਦ ਝੂਠ ਹੀ ਮੰਨੇ ਕਿ ਸਾਈਕਲ ਨੂੰ ਵੀ ਤਿੰਨ ਰੁਪਏ ਦਾ ਲਾਇਸੈਂਸ ਲੱਗਦਾ ਸੀ। ਪਿੱਤਲ ਦਾ ਗਲੀ ਵਾਲਾ ਛੱਲਾ ਹੈਂਡਲ ਦੇ ਉਪਰ ਵਿਚਕਾਰਲੇ ਮੁੱਖ ਪੇਚ ਵਿੱਚ ਕੱਸ ਦਿੰਦੇ ਸਨ। ਲਾਇਸੈਂਸ ਲਾਉਣ ਵਾਲੇ ਸਾਹਮਣੇ ਦੇਖ ਕੇ ਪਾਸੇ ਦੀ ਲੰਘਣਾ ਪੈਂਦਾ ਸੀ। ਕਾਫ਼ੀ ਸਮਾਂ ਪਹਿਲਾਂ ਤੋਂ ਰੇਡੀਓ ਟੈਲੀਵਿਜ਼ਨ ਦੇ ਲਾਇਸੈਂਸ ਵੀ ਗ਼ਾਇਬ ਹੋ ਗਏ ਹਨ। ਮੇਰੇ ਵੱਡੀ ਉਮਰ ਦੇ ਇੱਕ ਮਿੱਤਰ ਨੇ ਦੱਸਿਆ ਸੀ ਕਿ ਜਦੋਂ ਉਹਦੇ ਪਿੰਡ ਸਾਈਕਲ ਆਇਆ ਤਾਂ ਉਸ ਨੂੰ ਕੰਧ ਵਿੱਚ ਲੱਗੇ ਲੱਕੜ ਦੀ ਮਜ਼ਬੂਤ ਕਿੱਲੀ ਉੱਤੇ ਟੰਗ ਦਿੱਤਾ ਜਾਂਦਾ ਸੀ ਤਾਂ ਜੋ ਹਵਾ ਖ਼ਤਮ ਹੋਣ ਪਿੱਛੋਂ ਟਾਇਰ ਵਿੱਚ ਤਰੇੜਾਂ ਨਾ ਪੈ ਜਾਣ। ਹਵਾ ਨਿਕਲਣ ਦੀ ਸਮੱਸਿਆ ਦੇ ਹੱਲ ਲਈ ਰੁਜ਼ਗਾਰ ਅਧੀਨ ਲੋਕ ਹਵਾ ਭਰਨ ਵਾਲਾ ਛੋਟਾ ਪੰਪ ਵੀ ਝੋਲੇ ਵਿੱਚ ਹੈਂਡਲ ਉੱਤੇ ਟੰਗੀ ਰੱਖਦੇ ਸਨ। ਢੋਆ ਢੁਆਈ ਅਤੇ ਦੂਹਰੀ ਸਵਾਰੀ ਵੀ ਚੱਲਦੀ ਸੀ। ਹਿੰਮਤੀ ਬੰਦਾ ਤਾਂ ਇੱਕ ਹੋਰ ਬੰਦਾ ਡੰਡੇ ਉੱਤੇ ਵੀ ਬਿਠਾ ਲੈਂਦਾ ਸੀ।
ਕਾਲਜ ਜਾਣ ਆਉਣ ਅਤੇ ਨੌਕਰੀ ਦੌਰਾਨ ਖ਼ੂਬ ਸਾਈਕਲ ਚਲਾਇਆ। 1978 ਵਿੱਚ ਜਦੋਂ ਸਕੂਟਰਾਂ ਦਾ ਦੌਰ ਸ਼ੁਰੂ ਹੋਇਆ ਤਾਂ ਸਾਈਕਲ ਉੱਤੇ ਸਫ਼ਰ ਦੀ ਥਾਂ ਸਕੂਟਰ ਨੇ ਮੱਲ ਲਈ। ਸਾਈਕਲ ਇਕੱਲੇ ਲਈ ਥੋੜ੍ਹੀ ਦੂਰੀ ਦਾ ਸਾਧਨ ਬਣ ਕੇ ਰਹਿ ਗਿਆ। ਸਮੇਂ ਦਾ ਮਹੱਤਵ ਵਧਣ ਨਾਲ ਤੇਜ਼ ਚਾਲ ਜ਼ਰੂਰੀ ਬਣ ਜਾਂਦੀ ਹੈ। ਦਸੰਬਰ 2024 ਤੱਕ ਸਾਈਕਲ ਸੈਰ ਲਈ ਵੀ ਵਰਤਿਆ।
ਗੱਲ 2005 ਦੀ ਹੈ। ਕਲੋਨੀ ਦੇ ਬਜ਼ੁਰਗ ਨੇ ਮੈਨੂੰ ਸਾਈਕਲ ਚਲਾਉਣ ਤੋਂ ਨਾ ਹਟਣ ਲਈ ਜਦੋਂ ਨਿਹੋਰਾ ਮਾਰਿਆ ਤਾਂ ਮੈਂ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਲਈ ਕਿਹਾ ਸੀ ਤਾਂ ਜੋ ਸਾਈਕਲ ਚਲਾਉਂਦਾ ਰਹਾਂ। ਮੈਂ ਸਾਈਕਲ ਨੂੰ ਆਪਣਾ ਮਿੱਤਰ ਮੰਨਿਆ ਪਰ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਦੀ ਭੀੜ ਵਿੱਚ ਸਾਈਕਲ ਹੁਣ ਗ਼ਰੀਬ ਦਾ ਸਾਧਨ ਬਣ ਗਿਆ ਹੈ। ਫਿਰ ਵੀ ਮੈਂ ਹੁਣ ਤੱਕ ਪੰਜ ਸੱਤ ਕਿਲੋਮੀਟਰ ਸਾਈਕਲ ਚਲਾਉਂਦਾ ਰਿਹਾ ਹਾਂ। ਸਾਈਕਲ ਚਲਾਉਣ ਦੀ ਕਸਰਤ ਕਾਰਨ ਸਰੀਰ ਹੌਲਾ ਵੀ ਮਹਿਸੂਸ ਕਰਦਾ ਹੈ।
ਬਿਨਾਂ ਸ਼ੱਕ, ਸਾਈਕਲ ਵਾਤਾਵਰਨ ਦਾ ਮਿੱਤਰ ਹੈ। ਨਾ ਧੂੰਆਂ ਨਾ ਪੈਟਰੋਲ ਦਾ ਪੰਗਾ। ਥਾਂ ਥੋੜ੍ਹੀ ਮੰਗਦਾ ਹੈ। ਜਿੱਥੇ ਮਰਜ਼ੀ ਖੜ੍ਹਾ ਲਵੋ। ਮੈਂ ਸਾਈਕਲ ਨਾਲ ਪਾਰਕ ਦੇ ਬਾਹਰ ਚਾਰੇ ਪਾਸੇ ਬਣੀ ਸੜਕ ਉੱਤੇ ਗੇੜੇ ਲਗਾ ਕੇ ਕਸਰਤ ਦਾ ਕੰਮ ਸਾਰਦਾ ਸੀ ਪਰ ਹਰ ਵੇਲੇ ਸਾਵਧਾਨ ਜਿਹਾ ਰਹਿਣਾ ਪੈਂਦਾ ਹੈ। ਕਈ ਵਾਰੀ ਕਿਸੇ ਨਾਲ ਟੱਕਰ ਦਾ ਵੀ ਡਰ ਜਿਹਾ ਅਨੁਭਵ ਹੋਣ ਲੱਗਦਾ ਸੀ। ਅੱਜ ਭਰੀ ਸੜਕ ਵਿੱਚ ਸਾਈਕਲ ਚਲਾਉਣਾ ਸੁਰੱਖਿਅਤ ਜ਼ੋਨ ਵਿੱਚੋਂ ਬਾਹਰ ਹੋ ਗਿਆ ਹੈ। ਅਤਿ ਦੀ ਗਰਮੀ, ਹੁੰਮਸ, ਬਰਸਾਤ, ਮੀਂਹ ਹਨੇਰੀ ਅਤੇ ਸਰਦੀ ਵਿੱਚ ਸਾਈਕਲ ਚਲਾਉਣਾ ਦਿੱਕਤ ਦਾ ਘਰ ਹੈ। ਸਿੱਟੇ ਵਜੋਂ ਲੋੜ ਜਿੰਨੀ ਕਸਰਤ ਜਾਂ ਦੂਜੇ ਵਿਗਿਆਨਕ ਸ਼ਬਦਾਂ ਵਿੱਚ ਲੋੜ ਜਿੰਨੀਆਂ ਕੈਲੋਰੀਆਂ ਸਰੀਰ ਨਹੀਂ ਜਲਾਉਂਦਾ ਜਿੰਨੀਆਂ ਜਲਾਉਣੀਆਂ ਚਾਹੀਦੀਆਂ ਹਨ। ਵਾਧੂ ਖੰਡ ਸਰੀਰ ਵਿੱਚ ਟਰਾਈਗਲਿਸਰਾਈਡਜ਼ ਦਾ ਰੂਪ ਧਾਰ ਲੈਂਦੀ ਹੈ ਅਤੇ ਖੂਨ ਦੀਆਂ ਨਾਲੀਆਂ ਵਿੱਚ ਟਰਾਈਗਲਿਸਰਾਈਡਜ਼ ਜੰਮਣ ਦਾ ਖ਼ਤਰਾ ਵਧ ਜਾਂਦਾ ਹੈ। ਟੈਸਟ ਤੋਂ ਬਾਅਦ ਜਦੋਂ ਇਹ ਮਾਤਰਾ ਵੱਧ ਨਿਕਲੀ ਤਾਂ ਕਸਰਤ ਦਾ ਨਿਯਮਤ ਢੰਗ ਲੱਭਣਾ ਜ਼ਰੂਰੀ ਸੀ। ਜੀਭ ਦਾ ਸੁਆਦ ਇਹ ਨਹੀਂ ਦੇਖਦਾ ਕਿ ਕਿੰਨਾ ਖਾਣਾ ਲੋੜੀਂਦਾ ਹੈ, ਇਸ ਕਰ ਕੇ ਸਰੀਰ ਆਪਣੇ ਹੀ ਇੱਕ ਅੰਗ ਦੀ ਗੁਲਾਮੀ ਦਾ ਸ਼ਿਕਾਰ ਬਣ ਕੇ ਰੋਗੀ ਹੋ ਜਾਂਦਾ ਹੈ।
ਇਸ ਦਾ ਹੱਲ ਨਿਕਲਿਆ ਸਟੇਸ਼ਨਰੀ ਜਿਮ ਵਾਲਾ ਸਾਈਕਲ ਜਿਹੜਾ ਸਪੀਡ, ਤੈਅ ਕੀਤੀ ਦੂਰੀ, ਖਰਚ ਹੋਈਆਂ ਕੈਲੋਰੀਆਂ, ਧੜਕਣ ਦੀ ਗਤੀ, ਭਾਵ ਨਬਜ਼ ਵੀ ਦੱਸਦਾ ਹੈ। ਹੁਣ ਮੀਂਹ ਜਾਵੋ ਹਨੇਰੀ ਜਾਵੋ, ਨਿਯਮਤ ਕਸਰਤ ਕਰਨ ਦੀ ਦਿੱਕਤ ਹੀ ਗ਼ਾਇਬ ਹੋ ਗਈ ਹੈ ਹਾਲਾਂਕਿ 2005 ਵਿੱਚ ਮੈਂ ਕਿਹਾ ਸੀ ਕਿ ਲੋਕ ਜਿਮ ਵਿੱਚ ਲੁਕ ਕੇ ਸਾਈਕਲ ਚਲਾਉਂਦੇ ਹਨ ਅਤੇ ਮੈਂ ਖੁੱਲ੍ਹੇ ਆਮ ਚਲਾਉਂਦਾ ਹਾਂ ਪਰ ਅੱਜ ਲੱਗਦਾ ਹੈ ਕਿ ਜਿਮ ਵਾਲਾ ਸਾਈਕਲ ਕਸਰਤ ਲਈ ਜ਼ਿਆਦਾ ਲਾਹੇਵੰਦ ਹੈ। ਅੱਖਾਂ ਮੀਚ ਕੇ ਵੀ ਚਲਾ ਸਕਦੇ ਹੋ। ਸਾਹਮਣੇ ਮੋਬਾਈਲ ਉੱਤੇ ਮਨ ਪਸੰਦ ਸੰਗੀਤ ਨਾਲ ਵੀ ਕਸਰਤ ਸੰਭਵ ਹੈ। ਥਾਂ ਵੀ ਜ਼ਿਆਦਾ ਨਹੀਂ ਘੇਰਦਾ। ਮਹਿੰਗਾ ਵੀ ਜ਼ਿਆਦਾ ਨਹੀਂ। ਸਹਿਜੇ ਕਸਰਤ ਸੰਭਵ ਹੈ। ਸਾਹਮਣੇ ਤੋਂ ਨਾ ਟੱਕਰ ਅਤੇ ਨਾ ਹੀ ਠੱਬਲ-ਠੋਲੇ ਦਾ ਡਰ। ਅੱਜ ਕੱਲ੍ਹ ਤਾਂ ਕਲੋਨੀ ਦੀਆਂ ਅੰਦਰਲੀਆਂ ਸੜਕਾਂ ਉੱਤੇ ਲੋਕਾਂ ਨੇ ਸਪੀਡ ਬ੍ਰੇਕਰ ਹੀ ਬਹੁਤ ਲਗਵਾ ਦਿੱਤੇ ਹਨ ਜਿਹੜੇ ਕਾਰ ਸਕੂਟਰ ਵਿੱਚ ਬੈਠੇ ਬੰਦੇ ਨੂੰ ਡਾਢਾ ਝਟਕਾ ਮਾਰਦੇ ਹਨ; ਸਾਈਕਲ ਵਿਚਾਰਾ ਕਿਸ ਬਾਗ਼ ਦੀ ਮੂਲੀ ਹੈ!
ਜਿਹੜੇ ਸ਼ਬਦ ਮਾਣ ਵਿੱਚ ਸੱਚੇ ਲੱਗਦੇ ਸਨ, ਅੱਜ ਉਨ੍ਹਾਂ ਦੀ ਸੱਚਾਈ ਦੇ ਅਰਥ ਬਦਲ ਗਏ ਹਨ ਤੇ ਮੈਂ ਆਪਣਾ ਵਿਚਾਰ ਬਦਲ ਲਿਆ ਹੈ। ਸਾਈਕਲ ਸਹਿਜੇ ਤਾਂ ਇੱਧਰ ਉੱਧਰ ਜਾਣ ਲਈ ਚਲਾਵਾਂਗਾ ਪਰ ਸੈਰ ਦੇ ਮੰਤਵ ਨਾਲ ਵਰਤੋਂ ਬੰਦ ਕਰ ਦਿੱਤੀ ਹੈ।
ਸੰਪਰਕ: 94635-86655