ਅਰਥਚਾਰੇ ਦੇ ਮਾਮਲੇ ’ਚ ਜਪਾਨ ਤੋਂ ਹਾਲੇ ਵੀ ਬਹੁਤ ਪਿੱਛੇ ਹੈ ਭਾਰਤ: ਸਮਦਜਾ
ਨਵੀਂ ਦਿੱਲੀ, 8 ਜੂਨ
ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਦੇ ਸਾਬਕਾ ਐੱਮਡੀ ਕਲੌਡ ਸਮਦਜਾ ਨੇ ਕਿਹਾ ਹੈ ਕਿ ਭਾਰਤ ਭਾਵੇਂ ਜਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਬਣਨ ਲਈ ਤਿਆਰ ਹੈ ਪਰ ਉਸ ਨੂੰ ਬੇਫਿਕਰ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ’ਚ ਦੇਸ਼ ਜਪਾਨ ਤੋਂ ਬਹੁਤ ਪਿੱਛੇ ਹੈ। ਅਪਰੈਲ 2025 ਦੇ ਆਈਐੱਮਐੱਫ ਅੰਕੜਿਆਂ ਮੁਤਾਬਕ ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ 2,878.4 ਡਾਲਰ ਹੈ ਜੋ ਜਪਾਨ ਦੀ ਪ੍ਰਤੀ ਵਿਅਕਤੀ ਜੀਡੀਪੀ 33,955.7 ਡਾਲਰ ਦਾ ਤਕਰੀਬਨ 8.5 ਫ਼ੀਸਦ ਹੈ। ਇਸ ਦਾ ਮਤਲਬ ਹੈ ਕਿ ਜਪਾਨ ਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਦੇ ਮੁਕਾਬਲੇ ’ਚ ਕਰੀਬ 11.8 ਗੁਣਾ ਵੱਧ ਹੈ। ਸਮਦਜਾ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਰਥਚਾਰੇ ਦਾ ਆਕਾਰ ਇਕ ਵਧੀਆ ਸੰਕੇਤ ਹੈ ਪਰ ਪ੍ਰਤੀ ਵਿਅਕਤੀ ਜੀਡੀਪੀ ਅਹਿਮ ਹੈ। ਇਸ ਮਾਮਲੇ ’ਚ ਭਾਰਤ, ਜਪਾਨ ਨਾਲੋਂ ਬਹੁਤ ਹੇਠਾਂ ਹੈ। ਇਸ ਲਈ ਭਾਰਤ ਨੇ ਆਲਮੀ ਆਰਥਿਕ ਤਵਾਜ਼ਨ ’ਚ ਚੌਥਾ ਸਥਾਨ ਹਾਸਲ ਕੀਤਾ ਹੈ ਜਾਂ ਨਹੀਂ, ਇਹ ਮਾਇਨੇ ਨਹੀਂ ਰਖਦਾ ਹੈ ਪਰ ਇਹ ਪ੍ਰਗਤੀ ਦਾ ਇਕ ਵਧੀਆ ਸੰਕੇਤ ਹੈ, ਉਂਝ ਇਹ ਕਿਸੇ ਵੀ ਤਰ੍ਹਾਂ ਨਾਲ ਬੇਫਿਕਰੀ ਦਾ ਕੋਈ ਕਾਰਨ ਨਹੀਂ ਹੈ।’’ ਇਸ ਦੇ ਉਲਟ ਸਮਦਜਾ ਨੇ ਦਲੀਲ ਦਿੱਤੀ ਕਿ ਭਾਰਤ ਨੂੰ ਹੁਣ ਸੁਧਾਰਾਂ ’ਚ ਹੋਰ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਨਾਗਰਿਕਾਂ ਦਾ ਜੀਵਨ ਪੱਧਰ ਉਪਰ ਚੁੱਕਣ ’ਚ ਇਕਸਾਰ ਵਿਕਾਸ ਹੋਵੇ ਤੇ ਇਹ ਸਿਰਫ਼ ਸ਼ਹਿਰੀ ਜਾਂ ਪਿੰਡਾਂ ’ਚ ਉਭਰਦੇ ਮੱਧ ਵਰਗ ਤੱਕ ਸੀਮਤ ਨਾ ਰਹੇ। -ਪੀਟੀਆਈ