ਅਰਜਨ ਐਵਾਰਡੀ ਜਰਮਨਜੀਤ ਸਿੰਘ ਦਾ ਸਨਮਾਨ
ਜਗਤਾਰ ਸਿੰਘ
ਜੈਂਤੀਪੁਰ 2 ਮਾਰਚ
ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਭਾਰਤੀ ਹਾਕੀ ਟੀਮ ਦੇ ਅਰਜਨ ਐਵਾਰਡ ਜੇਤੂ ਖਿਡਾਰੀ ਜਰਮਨਪ੍ਰੀਤ ਸਿੰਘ ਬੱਲ ਦਾ ਸ਼ਾਨਦਾਰ ਸਵਾਗਤ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ ਨੇ ਦੱਸਿਆ ਕਿ ਖਾਲਸਾ ਅਕੈਡਮੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਰਜਨਾ ਐਵਾਰਡ ਜੇਤੂ ਜਰਮਨਪ੍ਰੀਤ ਸਿੰਘ ਬੱਲ ਨੇ ਆਪਣੀ ਮੁੱਢਲੀ ਪੜ੍ਹਾਈ ਅਤੇ ਹਾਕੀ ਖੇਡ ਦੀ ਸ਼ੁਰੂਆਤ ਇਸ ਅਕੈਡਮੀ ਤੋਂ ਹੀ ਕੀਤੀ ਸੀ ਅਤੇ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਮਾਤਾ ਪਿਤਾ, ਅਧਿਆਪਕਾਂ, ਵਿਦਿਅਕ ਅਦਾਰਿਆਂ, ਪੰਜਾਬ ਅਤੇ ਦੇਸ਼ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਉਸ ਤੋਂ ਪ੍ਰੇਰਨਾ ਲੈ ਰਹੇ ਹਨ। ਇਸ ਮੌਕੇ ਅਰਜਨਾ ਐਵਾਰਡੀ ਜਰਮਨਪ੍ਰੀਤ ਸਿੰਘ ਬੱਲ ਨੂੰ ਸਨਮਾਨਿਤ ਕਰਨ ਦੀ ਰਸਮ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਖਾਲਸਾ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ,ਕੋਚ ਬਲਜਿੰਦਰ ਸਿੰਘ, ਗੁਰਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ।