ਅਮਿਤੋਜ ਮਾਨ ਤੇ ਲੱਖਾ ਸਿਧਾਣਾ ਵੱਲੋਂ ਪੰਜਾਬ ਨੂੰ ਬਚਾਉਣ ਦਾ ਸੱਦਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 13 ਅਪਰੈਲ
ਵਿਸਾਖੀ ਮੌਕੇ ਵਹਿਣ ਟੀਮ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਅਮਿਤੋਜ ਮਾਨ ਤੇ ਲੱਖਾ ਸਿਧਾਣਾ ਨੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦਾ ਸੱਦਾ ਦਿੰਦੇ ਹੋਏ ਪੰਜ ਮਤੇ ਪਾਸ ਕੀਤੇ। ਜਿਸ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਐੱਸਐੱਚਓ ਤੇ ਐੱਸਐੱਸਪੀ ਦੀ ਜ਼ਿੰਮੇਵਾਰੀ ਤੈਅ ਕਰਨ, ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਨੂੰ ਸ਼ਖਤ ਸਜ਼ਾਵਾਂ ਦੇਣ, ਪੰਜਾਬ ਦੀ ਨੌਕਰੀਆਂ ’ਚ ਪੰਜਾਬੀਆਂ ਨੂੰ ਪਹਿਲ ਦੇਣ, ਰੇਤਾ ਮੁਫਤ ਕਰਨ ’ਤੇ ਆਪਣੇ-ਆਪ ਤੋਂ ਬਦਲਾਅ ਸ਼ੁਰੂ ਕਰਨ ਸਬੰਧੀ ਮਤਿਆਂ ਨੂੰ ਪੰਡਾਲ ’ਚ ਹਾਜ਼ਰ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਪਾਸ ਕਰਵਾਇਆ ਗਿਆ।
ਸਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਜਿੱਥੇ ਪੰਜਾਬ ਦੀਆਂ ਨੌਕਰੀਆਂ ’ਚ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਦਾ ਮੁੱਦਾ ਉਠਾਇਆ, ਉੱਥੇ ਹੀ ਉਨ੍ਹਾਂ ਪੰਜਾਬ ਦੇ ਸਕੂਲਾਂ ਤੇ ਵੱਖ-ਵੱਖ ਅਦਾਰਿਆਂ ’ਚ ਪੰਜਾਬੀ ਦੇ ਮੰਦੜੇ ਹਾਲ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਤਾਮਲ ਤੋਂ ਬਗੈਰ ਕਿਸੇ ਵੀ ਹੋਰ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦੇ ਤੋਂ ਨਾਂਹ ਕਰ ਦਿੱਤੀ ਹੈ ਪਰ ਜਦੋਂ ਅਸੀਂ ਪੰਜਾਬ ਅੰਦਰ ਪਿਛਲੇ ਸਮੇਂ ਸਾਈਨ ਬੋਰਡਾਂ ’ਤੇ ਪੰਜਾਬੀ ਨੂੰ ਪ੍ਰਮੁੱਖਤਾ ਦੇਣ ਸਬੰਧੀ ਕਾਲਖ ਮਲੀ ਤਾਂ ਸਾਡੇ ’ਤੇ ਪਰਚੇ ਕੀਤੇ ਗਏ। ਉਨ੍ਹਾਂ ਕਿਹਾ ਕਿ ਅਸੀਂ ਹੋਰ ਭਾਸ਼ਾ ਦੇ ਵਿਰੋਧੀ ਨਹੀਂ ਹਾਂ। ਪਰ ਜੋ ਕੌਮ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀ ਉਸਦਾ ਤਬਾਹ ਹੋਣਾ ਲਗਭੱਗ ਤੈਅ ਹੈ। ਅੱਜ ਕੱਲ੍ਹ ਪੰਜਾਬ ਦੇ ਸਕੂਲਾਂ ’ਚ ਇਹੀ ਹਾਲ ਹੈ ਕਿ ਪੰਜਾਬੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੀ ਨੌਕਰੀਆਂ ਬਾਹਰਲਿਆਂ ਨੂੰ ਦੇਣ ਸਬੰਧੀ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਲੰਧਰ ’ਚ 230 ਸਹਾਇਕ ਲਾਈਨਮੈਨ ਰੱਖੇ ਗਏ ਜਿਸ ’ਚੋਂ 180 ਹਰਿਆਣਾ ਤੇ ਕੇਵਲ 50 ਬੰਦੇ ਪੰਜਾਬ ਦੇ ਸਨ। ਜੋ ਕਿ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਹਿਮਾਚਲ ਤੇ ਰਾਜਸਥਾਨ ਦੀ ਤਰਜ਼ ’ਤੇ ਪੰਜਾਬ ਅੰਦਰ ਕਾਨੂੰਨ ਬਣਾਉਣ ਦੀ ਮੰਗ ਕੀਤੀ ਕਿ ਸ਼ਰਤਾਂ ਤਹਿਤ ਹੀ ਬਾਹਰਲੇ ਸੂਬੇ ਦੇ ਲੋਕਾਂ ਨੂੰ ਪੰਜਾਬ ਅੰਦਰ ਜ਼ਮੀਨ ਖਰੀਦਣ ਤੇ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਜਾਵੇ।
ਉਨ੍ਹਾਂ ਦੂਸ਼ਿਤ ਹੁੰਦੇ ਪਾਣੀਆਂ ਸਬੰਧੀ ਕਿਹਾ ਕਿ ਲੋਕ ਸਭਾ ਤੇ ਰਾਜ ਸਭਾ ’ਚ ਰਿਪੋਰਟਾਂ ਪੇਸ਼ ਹੋ ਚੁੱਕੀਆਂ ਹਨ ਕਿ ਪੰਜਾਬ ਦੀ ਧਰਤੀ ਹੇਠਲਾ ਤੇ ਦਰਿਆਵਾਂ ਦਾ ਪੀਣ ਯੋਗ ਨਹੀਂ ਤੇ ਨਾ ਹੀ ਫਸਲਾਂ ਨੂੰ ਲਾਉਣ ਜੋਗਾ ਹੈ ਪਰ ਫਿਰ ਵੀ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਪਾਣੀ ਸਮੇਤ ਹੋਰਨਾਂ ਮੁੱਦਿਆਂ ਲਈ ਸੰਘਰਸ਼ ਸ਼ੁਰੂ ਕੀਤਾ ਹੈ ਤੇ ਅੱਜ ਵਹਿਣ ਕਾਨਫਰੰਸ ਰਾਹੀਂ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ।ਹੁਣ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦਾ ਸੰਘਰਸ਼ ਪੰਜਾਬ ਦੇ ਹਰ ਪਿੰਡ ਤੱਕ ਪਹੁੰਚ ਕਰੇਗਾ।
ਅਮਿਤੋਜ ਸਿੰਘ ਮਾਨ ਨੇ ਮਤੇ ਪੇਸ਼ ਕਰਦਿਆਂ ਕਿਹਾ ਕਿ ਨਸ਼ੇ ਦੇ ਖ਼ਾਤਮੇ ਲਈ ਹਰ ਥਾਣੇ ਦੇ ਐੱਸਐੱਚਓ ਨੂੰ ਜ਼ਿੰਮੇਵਾਰੀ ਦੇਣ ਤੋਂ ਇਲਾਵਾ ਜਵਾਬਦੇਹੀ ਵੀ ਯਕੀਨੀ ਬਣਾਈ ਜਾਵੇ।