ਅਮਰੀਕੀ ਯੂਨੀਵਰਸਿਟੀ ਦਾ ਮੇਰੇ ’ਤੇ ਕਰਜ਼
ਰਾਮਚੰਦਰ ਗੁਹਾ
1970ਵਿਆਂ ਦੇ ਦਹਾਕੇ ਵਿੱਚ ਮੈਂ ਭਾਰਤ ਵਿੱਚ ਵੱਡਾ ਹੋ ਰਿਹਾ ਸੀ ਤਾਂ ਮੇਰੇ ਮਨ ਵਿੱਚ ਅਮਰੀਕਾ ਬਾਰੇ ਅਜੀਬ ਤਰ੍ਹਾਂ ਦੇ ਖ਼ਿਆਲ ਚੱਲ ਰਹੇ ਸਨ। ਮੈਂ ਉਨ੍ਹਾਂ ਦੇ ਕੁਝ ਲੇਖਕਾਂ (ਮੈਨੂੰ ਅਰਨੈਸਟ ਹੈਮਿੰਗਵੇ ਖ਼ਾਸ ਤੌਰ ’ਤੇ ਪਸੰਦ ਸੀ) ਅਤੇ ਬੌਬ ਡਾਇਲਨ ਤੇ ਮਿਸੀਸਿਪੀ ਜੌਨ੍ਹ ਹਰਟ ਦੇ ਸੰਗੀਤ ਨੂੰ ਸਲਾਹੁੰਦਾ ਸਾਂ। ਉਦੋਂ ਮੈਂ ਇੰਨਾ ਕੁ ਵੱਡਾ ਹੋ ਗਿਆ ਸਾਂ ਕਿ ਯਾਦ ਰੱਖ ਸਕਦਾ ਸੀ ਤੇ ਕਦੇ ਵੀ ਭੁੱਲ ਨਹੀਂ ਸਕਦਾ ਸੀ ਕਿ ਕਿਵੇਂ ਰਿਚਰਡ ਨਿਕਸਨ ਅਤੇ ਹੈਨਰੀ ਕਿਸਿੰਜਰ ਨੇ 1971 ਦੀ ਜੰਗ ਵਿੱਚ ਸ਼ਿੱਦਤ ਨਾਲ ਪਾਕਿਸਤਾਨ ਦੀ ਹਮਾਇਤ ਕੀਤੀ ਸੀ।
1980 ਵਿੱਚ ਮੈਂ ਕਲਕੱਤੇ ਚਲਿਆ ਗਿਆ ਸੀ ਅਤੇ ਮੇਰਾ ਵਿਰੋਧ ਨਿਰੀ ਦੁਸ਼ਮਣੀ ਵਿੱਚ ਬਦਲ ਗਿਆ ਸੀ। ਆਪਣੇ ਮਾਰਕਸਵਾਦੀ ਅਧਿਆਪਕਾਂ ਦੇ ਪ੍ਰਭਾਵ ਸਦਕਾ ਮੈਂ ਪੂਰੀ ਤਰ੍ਹਾਂ ਅਮਰੀਕਾ ਵਿਰੋਧੀ ਬਣ ਗਿਆ ਸੀ। ਮੈਂ ਨਿੱਜੀ ਅਤੇ ਜਨਤਕ ਤੌਰ ’ਤੇ ਉਨ੍ਹਾਂ (ਅਮਰੀਕੀਆਂ) ਦੀ ਫੂਹੜਤਾ, ਉਨ੍ਹਾਂ ਦੇ ਨਿਰੇ ਤਜਾਰਤਪੁਣੇ, ਲਾਤੀਨੀ ਅਮਰੀਕਾ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਉਨ੍ਹਾਂ ਦੇ ਸਾਮਰਾਜਵਾਦੀ ਦੁਸਾਹਸ ਪ੍ਰਤੀ ਤ੍ਰਿਸਕਾਰ ਦਿਖਾਉਂਦਾ ਸੀ। ਜੇ ਮੇਰੇ ਵੱਸ ਹੁੰਦਾ ਤਾਂ ਮੈਂ ਕਦੇ ਵੀ ਅਮਰੀਕਾ ਨਹੀਂ ਸੀ ਜਾਣਾ। ਬਹਰਹਾਲ, ਮੇਰੀ ਪਤਨੀ ਸੁਜਾਤਾ ਜੋ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦੀ ਗਰੈਜੂਏਟ ਸੀ, ਨੂੰ ਯੇਲ ਯੂਨੀਵਰਸਿਟੀ ਤੋਂ ਮਾਸਟਰਜ਼ ਲਈ ਸਕਾਲਰਸ਼ਿਪ ਮਿਲ ਗਈ। ਯੇਲ ਗ੍ਰਾਫਿਕ ਡਿਜ਼ਾਈਨ ਵਿਭਾਗ ਦੁਨੀਆ ਵਿੱਚ ਬਿਹਤਰੀਨ ਮੰਨਿਆ ਜਾਂਦਾ ਸੀ। ਲਿਹਾਜ਼ਾ, ਮੈਂ ਉਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦਾ ਸੀ ਪਰ ਮੈਨੂੰ ਉਸ ਕੋਲ ਜਾਣ ਦਾ ਕੋਈ ਢੰਗ ਲੱਭਣਾ ਪੈਣਾ ਸੀ। ਮੇਰੀ ਖੁਸ਼ਨਸੀਬੀ ਸੀ ਕਿ ਮੈਂ ਇਤਿਹਾਸਕਾਰ ਉਮਾ ਦਾਸਗੁਪਤਾ ਨੂੰ ਜਾਣਦਾ ਸਾਂ, ਜੋ ਭਾਰਤ ਲਈ ਯੂਨਾਈਟਡ ਸਟੇਟਸ ਐਜੂਕੇਸ਼ਨਲ ਫਾਊਂਡੇਸ਼ਨ ਵਿੱਚ ਇੱਕ ਸੀਨੀਅਰ ਅਹੁਦੇ ’ਤੇ ਤਾਇਨਾਤ ਸਨ। ਉਮਾ ਦੀਦੀ ਦੀ ਸਲਾਹ ਅਤੇ ਮਦਦ ਨਾਲ ਮੈਂ ਯੇਲ ਸਕੂਲ ਆਫ ਫਾਰੈਸਟਰੀ ਐਂਡ ਐਨਵਾਇਰਮੈਂਟ ਸਟੱਡੀਜ਼ ਵਿੱਚ ਲੈਕਚਰਰਸ਼ਿਪ ਲਈ ਅਰਜ਼ੀ ਭੇਜ ਦਿੱਤੀ। ਮੈਨੂੰ ਹੈਰਾਨੀ ਹੋਈ ਕਿ ਇਹ ਪ੍ਰਵਾਨ ਹੋ ਗਈ।
ਸੁਜਾਤਾ ਅਗਸਤ 1985 ਵਿੱਚ ਯੇਲ ਚਲੀ ਗਈ। ਉਸੇ ਸਾਲ ਨਵੰਬਰ ਵਿੱਚ ਅਮਰੀਕਾ ਦਾ ਇਹ ਪੱਕਾ ਵਿਰੋਧੀ ਹੋ ਚੀ ਮਿਨ੍ਹ ਸਰਾਨੀ ਵਿੱਚ ਅਮਰੀਕੀ ਕੌਂਸਲਖਾਨੇ ਦੇ ਬਾਹਰ ਖਲੋਤਾ ਸੀ। ਕਾਊਂਟਰ ਸਵੇਰੇ 8.30 ਵਜੇ ਖੁੱਲ੍ਹਣਾ ਸੀ ਤੇ ਮੈਂ ਸੱਤ ਵਜੇ ਹੀ ਉੱਥੇ ਪਹੁੰਚ ਗਿਆ। ਕੁਝ ਤਾਂ ਘਬਰਾਹਟ ਹੋ ਰਹੀ ਸੀ ਅਤੇ ਕੁਝ ਇਸ ਕਰ ਕੇ ਵੀ ਕਿ ਜਦੋਂ ਮੈਂ ਮਦਰਾਸ ਵਿੱਚ ਸੁਜਾਤਾ ਦੀ ਇੰਟਰਵਿਊ ਲਈ ਉਸ ਨਾਲ ਗਿਆ ਸਾਂ ਤਾਂ ਅਮਰੀਕੀ ਕੌਂਸਲਖਾਨੇ ਦੇ ਬਾਹਰ ਲੰਮੀ ਕਤਾਰ ਲੱਗੀ ਹੋਈ ਸੀ ਜੋ ਮਾਊਂਟ ਰੋਡ ਦੁਆਲੇ ਘੁੰਮਦੀ ਹੋਈ ਥਾਊਂਜ਼ੈਂਡ ਲਾਈਟਸ ਮੌਸਕ ਤੱਕ ਫੈਲੀ ਹੋਈ ਸੀ। ਪਰ ਇੱਥੇ ਮੇਰੇ ਅੱਗੇ ਕਤਾਰ ਵਿੱਚ ਸਿਰਫ਼ ਇੱਕ ਬੰਦਾ ਸੀ। ਯਕਦਮ ਖ਼ਿਆਲ ਆਇਆ ਕਿ ਤਾਮਿਲ ਬਿਲਕੁਲ ਵੀ ਅਮਰੀਕਾ ਵਿਰੋਧੀ ਨਹੀਂ ਹਨ ਅਤੇ ਉਹ ਬੰਗਾਲੀਆਂ ਦੇ ਮੁਕਾਬਲੇ ਕਿਤੇ ਵੱਧ ਇੰਜਨੀਅਰ ਪੈਦਾ ਕਰਦੇ ਹਨ। ਇਸ ਦੇ ਨਾਲ ਹੀ ਮੈਂ ਬਹਾਰ ਰੁੱਤ ਦੇ ਸੈਸ਼ਨ ਤੋਂ ਪੜ੍ਹਾਉਣਾ ਸ਼ੁਰੂ ਕਰਨਾ ਸੀ ਜਦੋਂ ਪੱਤਝੜ ਦੇ ਮੁਕਾਬਲੇ ਪੱਛਮ ਦਾ ਰੁਖ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਕਾਫ਼ੀ ਘੱਟ ਹੁੰਦੀ ਹੈ।
ਮੈਂ 2 ਜਨਵਰੀ, 1986 ਨੂੰ ਯੇਲ ਪਹੁੰਚ ਗਿਆ ਅਤੇ ਅਗਲੇ ਡੇਢ ਸਾਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਅਤੇ ਉਨ੍ਹਾਂ ਤੋਂ ਸਿੱਖ ਕੇ ਵੀ ਆਪਣੇ ਮਨ ਦਾ ਦਾਇਰਾ ਵਸੀਹ ਕੀਤਾ ਸੀ। ਕਿਉਂ ਜੋ ਮੈਂ ਪਹਿਲਾਂ ਹੀ ਪੀਐੱਚਡੀ ਕਰ ਚੁੱਕਿਆ ਸਾਂ, ਇਸ ਲਈ ਮੈਂ ਆਪਣੇ ਆਧਾਰ ਨੂੰ ਲੈ ਕੇ ਨਿਸ਼ਚਿੰਤ ਸਾਂ। ਅਮਰੀਕਾ ਵਿੱਚ ਪੜ੍ਹ ਰਹੇ ਨੌਜਵਾਨ ਭਾਰਤੀ ਇਤਿਹਾਸਕਾਰਾਂ ਨੂੰ ਮਿਲ ਕੇ ਮੈਨੂੰ ਤੁਰੰਤ ਝਟਕਾ ਲੱਗਿਆ ਕਿ ਉਨ੍ਹਾਂ ਦਾ ਕੰਮ ਕਿਵੇਂ ਫੈਸ਼ਨ ਸੰਚਾਲਿਤ ਸੀ। ਐਡਵਰਡ ਸਈਦ ਦੇ ਓਰੀਐਂਟਲਿਜ਼ਮ, ਉੱਤਰ ਬਸਤੀਵਾਦ ਅਤੇ ਸੱਭਿਆਚਾਰਕ ਅਧਿਐਨ ਦਾ ਜਨੂੰਨ ਚੱਲ ਰਿਹਾ ਸੀ। ਦੋ ਵਿਸ਼ਿਆਂ ਜਿਨ੍ਹਾਂ ਨੂੰ ਮੈਂ ਖ਼ੂਬ ਜਾਣਦਾ ਸਾਂ, ਇਤਿਹਾਸ ਅਤੇ ਸਮਾਜਿਕ ਮਾਨਵਵਿਗਿਆਨ ਦੀ ਬੱਝਵੀਂ ਵਿਹਾਰਕ ਖੋਜ ਨੂੰ ਹੁਣ ਹੱਲਾਸ਼ੇਰੀ ਨਹੀਂ ਦਿੱਤੀ ਜਾ ਰਹੀ ਸੀ। ਇਸ ਦੀ ਬਜਾਏ ਕਈ ਕਈ ਮਹੀਨੇ ਫੀਲਡ ਜਾਂ ਪੁਰਾਲੇਖਘਰਾਂ ਵਿੱਚ ਬਿਤਾਏ ਜਾਂਦੇ ਸਨ, ਐਡਵਰਡ ਸਈਦ ਦੇ ਮੁਰੀਦ ਸਭ ਤੋਂ ਨੇੜਲੀਆਂ ਲਾਇਬ੍ਰੇਰੀਆਂ ’ਚੋਂ ਮਰ ਚੁੱਕੇ ਗੋਰਿਆਂ ਦੇ ਖਰੜੇ ਲੱਭ ਕੇ ‘ਰੈਡੀਕਲ ਪਾਲਿਟਿਕਸ’ ਦੇ ਨੁਸਖਿਆਂ ਦੇ ਉਲਟ ਜ਼ਾਵੀਏ ਤੋਂ ਇਨ੍ਹਾਂ ਦੀ ਨਿਰਖ ਪਰਖ ਕਰਨ ਨੂੰ ਤਰਜੀਹ ਦਿੰਦੇ ਸਨ।
ਮੇਰੀ ਪੀੜ੍ਹੀ ਦੇ ਭਾਰਤੀ, ਜੋ ਪੜ੍ਹਨ ਜਾਂ ਪੜ੍ਹਾਉਣ ਲਈ ਅਮਰੀਕਾ ਆਉਂਦੇ ਸਨ, ਉਹ ਆਮ ਤੌਰ ’ਤੇ ਆਪਣੀ ਨਿੱਜੀ ਤਰੱਕੀ ਲਈ ਅਜਿਹਾ ਕਰਦੇ ਸਨ। ਅਜਿਹਾ ਨਹੀਂ ਸੀ ਕਿ ਉਨ੍ਹਾਂ ਦੀ ਮੌਕਾਪ੍ਰਸਤੀ ਤੋਂ ਮੈਂ ਦੂਰ ਰਹਿੰਦਾ ਸੀ; ਸਗੋਂ ਬਹੁਤਾ ਕਰ ਕੇ ਉਨ੍ਹਾਂ ਦੇ ਬੌਧਿਕ ਸਰੋਕਾਰਾਂ ਨਾਲ ਮੇਰੀ ਸਾਂਝ ਨਹੀਂ ਸੀ ਪੈਂਦੀ। ਜਿਨ੍ਹਾਂ ਵਿਦਵਾਨਾਂ ਦੇ ਕੰਮ ਨੇ ਮੈਨੂੰ ਧੂਹ ਪਾਈ ਸੀ ਉਨ੍ਹਾਂ ਦੀ ਮੇਰੇ ਵਿਸ਼ਿਆਂ ‘ਵਾਤਾਵਰਨ ਅਤੇ ਸਮਾਜ ’ਤੇ ਪ੍ਰਭਾਵ’ ਨਾਲ ਸਾਂਝ ਸੀ ਭਾਵੇਂ ਉਨ੍ਹਾਂ ਦੇ ਸੱਭਿਆਚਾਰ ਅਤੇ ਸੰਦਰਭ ਵੱਖਰੇ ਸਨ। ਯੇਲ ਵਿੱਚ ਵੀ ਮੇਰੀ ਵਾਤਾਵਰਨ ਸਮਾਜ ਸ਼ਾਸਤਰੀ ਵਿਲੀਅਮ ਬਰਚ, ਵਾਤਾਵਰਨ ਇਤਿਹਾਸਕਾਰ ਵਿਲੀਅਮ ਕ੍ਰੋਨੋਨ ਅਤੇ ਵਾਤਾਵਰਨ ਮਾਨਵ ਵਿਗਿਆਨੀ ਟਿਮੋਥੀ ਵੀਸਕਿਲ ਨਾਲ ਲੰਮੀ ਗੱਲਬਾਤ ਹੁੰਦੀ ਰਹਿੰਦੀ ਸੀ। ਯੇਲ ਦੇ ਇੱਕ ਸੀਨੀਅਰ ਵਿਦਵਾਨ, ਜਿਨ੍ਹਾਂ ਨਾਲ ਮੇਰੀ ਅਕਸਰ ਗੱਲ ਹੁੰਦੀ ਸੀ, ਜੇਮਸ ਸਕੌਟ ਸਨ ਜਿਨ੍ਹਾਂ ਨੇ ਹਾਲ ਹੀ ਵਿੱਚ ਮੇਰੀ ਜਾਚੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ’ਚੋਂ ਇੱਕ ਬਿਹਤਰੀਨ ਕਿਤਾਬ ਪ੍ਰਕਾਸ਼ਿਤ ਕੀਤੀ ਹੈ, ‘ਵੈਪਨਜ਼ ਆਫ ਵੀਕ: ਐਵਰੀਡੇਅ ਫੌਰਮਜ਼ ਆਫ ਪੈਜੈਂਟ ਰਿਜ਼ਿਸਟੈਂਸ (ਕਮਜ਼ੋਰਾਂ ਦੇ ਹਥਿਆਰ: ਕਿਸਾਨ ਘੋਲ ਦੇ ਰੋਜ਼ਮੱਰ੍ਹਾ ਰੂਪ)। ਯੇਲ ਤੋਂ ਬਾਹਰ ਮੈਂ, ਰੁਟਗਰਜ਼ ਵਿੱਚ ਤੁਲਨਾਵਾਦੀ ਮਾਈਕਲ ਐਡਸ, ਬਰਕਲੇ ਵਿੱਚ ਸਮਾਜ ਸ਼ਾਸਤਰੀ ਲੂਈਜ਼ ਫੋਰਟਮੈਨ ਅਤੇ ਅਮਰੀਕੀ ਵਾਤਾਵਰਨ ਇਤਿਹਾਸ ਦੇ ਉਸਤਾਦ ਡੋਨਲਡ ਵੌਰੈਸਟਰ, ਜੋ ਕਿ ਉਦੋਂ ਬ੍ਰਾਂਡੀਜ਼ ਵਿਖੇ ਪੜ੍ਹਾਉਂਦੇ ਸਨ, ਨਾਲ ਰਾਬਤਾ ਬਣਾਇਆ ਸੀ।
ਇਨ੍ਹਾਂ ਬੁੱਧੀਜੀਵੀਆਂ ਨੇ ਅਫ਼ਰੀਕਾ, ਦੱਖਣ-ਪੂਰਬ ਏਸ਼ੀਆ ਤੇ ਉੱਤਰੀ ਅਮਰੀਕਾ ’ਤੇ ਕੰਮ ਕੀਤਾ ਸੀ, ਮੇਰੇ ਵੱਲੋਂ ਵਰਤੀਆਂ ਜਾਂਦੀਆਂ ਤਕਨੀਕਾਂ ਤੇ ਵਿਸ਼ਿਆਂ ਤੋਂ ਅਲੱਗ ਢੰਗ ਵਰਤ ਕੇ। ਕਲਕੱਤਾ ਜਾਂ ਦਿੱਲੀ ਦੇ ਸਥਾਪਿਤ ਸਿੱਖਿਆ ਸ਼ਾਸਤਰੀਆਂ ਤੋਂ ਉਲਟ, ਇਹ ਅਮਰੀਕੀ ਪ੍ਰੋਫੈਸਰ ਕ੍ਰਮ ਦੇ ਬੰਧਨ ਤੋਂ ਮੁਕਤ ਸਨ। ਭਾਵੇਂ ਉਹ ਮੇਰੇ ਤੋਂ ਕਾਫ਼ੀ ਵੱਡੇ ਸਨ, ਪਰ ਉਹ ਖ਼ੁਸ਼ ਹੁੰਦੇ ਸਨ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਵਾਂ ਤੋਂ ਬੁਲਾਇਆ ਜਾਂਦਾ ਤੇ ਖ਼ੁਸ਼ੀ-ਖ਼ੁਸ਼ੀ ਆਪਣੇ ਵਿਚਾਰਾਂ ਦੇ ਗੰਭੀਰ ਮੁਲਾਂਕਣ ਦੀ ਇਜਾਜ਼ਤ ਦਿੰਦੇ ਸਨ। ਇਨ੍ਹਾਂ ਵਿਦਵਾਨਾਂ ਨੂੰ ਮਿਲ ਤੇ ਇਨ੍ਹਾਂ ਦੇ ਕਾਰਜ ਨੂੰ ਪੜ੍ਹ ਕੇ, ਮੇਰੇ ਬੌਧਿਕ ਦਾਇਰੇ ਦਾ ਵਿਸਤਾਰ ਹੋਇਆ ਤੇ ਇਸ ਨੇ ਮੇਰੀਆਂ ਬੌਧਿਕ ਖ਼ਾਹਿਸ਼ਾਂ ਨੂੰ ਵੀ ਖੰਭ ਲਾਏ। ਉਨ੍ਹਾਂ ਵਾਂਗੂ, ਮੈਂ ਵੀ ਆਪਣੀ ਪੀਐੱਚਡੀ ਕਿਤਾਬ ਵਜੋਂ ਪ੍ਰਕਾਸ਼ਿਤ ਕਰਨੀ ਚਾਹੁੰਦਾ ਸੀ; ਤੇ ਉਸ ਤੋਂ ਬਾਅਦ ਹੋਰ ਕਿਤਾਬਾਂ ਉੱਤੇ ਕੰਮ ਕਰਨ ਦੀ ਚਾਹ ਸੀ। ਬਹੁਤ ਸਾਰੇ ਭਾਰਤੀਆਂ ਨੂੰ ਮੈਂ ਜਾਣਦਾ ਹਾਂ ਕਿ ਜਿਨ੍ਹਾਂ ਪਹਿਲੀ ਕਿਤਾਬ ਹੀ ਚੰਗੀ ਲਿਖੀ ਤੇ ਉਸ ਦੀ ਸ਼ੋਭਾ ਨਾਲ ਲੱਗ ਕੇ ਹੀ ਬੈਠੇ ਰਹੇ। ਦੂਜੇ ਪਾਸੇ, ਅਡਾਸ, ਸਕੌਟ ਤੇ ਵੌਰੈਸਟਰ, ਸਾਰਿਆਂ ਦੀ ਇੱਕ ਪ੍ਰਭਾਵਸ਼ਾਲੀ ਸੁਰ ਸੀ, ਜਿਸ ਦਾ ਇਸ ਦੀ ਗਹਿਰਾਈ ਤੇ ਵੰਨ-ਸਵੰਨਤਾ ਕਰ ਕੇ ਨੋਟਿਸ ਲਿਆ ਜਾਂਦਾ ਸੀ। ਇਹੀ ਇੱਕ ਨਮੂਨਾ ਸੀ ਜਿਸ ਨੂੰ ਮੈਂ ਦੇਸ਼ ਪਰਤ ਕੇ ਅਪਨਾਉਣਾ ਚਾਹੁੰਦਾ ਸੀ।
ਇੱਕ ਹੋਰ ਕਾਰਨ ਕਰ ਕੇ ਮੈਂ ਤੇ ਸੁਜਾਤਾ ਨੇ ਯੇਲ ’ਚ ਬਹੁਤ ਆਨੰਦ ਮਾਣਿਆ ਕਿ ਅਸੀਂ ਜਾਣਦੇ ਸੀ ਕਿ ਜਦੋਂ ਉਹ ਗ੍ਰੈਜੂਏਟ ਹੋ ਗਈ ਤਾਂ ਅਸੀਂ ਆਪਣੀ ਜਨਮਭੂਮੀ ਨੂੰ ਪਰਤਾਂਗੇ। ਯੇਲ ’ਚ ਬਾਕੀ ਭਾਰਤੀ ਰੁਕਣ ਲਈ ਬਹੁਤ ਕਾਹਲੇ ਸਨ- ਜਿਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਸਹੀ ਨੌਕਰੀ ਲੈਣ ਲਈ ਸਹੀ ਕੋਰਸ ਲੈਣ ਦੀ ਬੇਚੈਨੀ ਸੀ ਜੋ ਸ਼ਾਇਦ ਉਨ੍ਹਾਂ ਨੂੰ ਵਰਕ ਵੀਜ਼ਾ ਦਿਵਾਏ ਤੇ ਸਮੇਂ ਨਾਲ ਗਰੀਨ ਕਾਰਡ ਵੀ। ਕਿਉਂਕਿ ਸਾਨੂੰ ਕੋਈ ਇਸ ਤਰ੍ਹਾਂ ਦੀ ਬੇਚੈਨੀ ਨਹੀਂ ਸੀ, ਅਸੀਂ ਉਸ ਸਭ ਦਾ ਪੂਰਾ ਫ਼ਾਇਦਾ ਉਠਾ ਸਕੇ ਜੋ ਇਹ ਮਹਾਨ ਯੂਨੀਵਰਸਿਟੀ ਦੇਣ ਦੀ ਸਮਰੱਥਾ ਰੱਖਦੀ ਸੀ। ਅਸੀਂ ਕੁਝ ਅਮਰੀਕੀ ਦੋਸਤ ਵੀ ਬਣਾਏ ਜਿਨ੍ਹਾਂ ਨਾਲ ਸਾਡਾ ਹੁਣ ਵੀ ਰਾਬਤਾ ਹੁੰਦਾ ਹੈ।
ਨਿਊ ਹੈਵਨ ਤੋਂ ਪਰਤਿਆਂ ਚਾਰ ਦਹਾਕੇ ਹੋ ਗਏ ਹਨ। ਇਸ ਦੌਰਾਨ ਮੈਂ ਕਈ ਵਾਰ ਵਾਪਸ ਅਮਰੀਕਾ ਜਾਂਦਾ ਰਿਹਾ ਹਾਂ। ਜ਼ਿਆਦਾਤਰ ਦੌਰੇ ਛੋਟੇ ਹੀ ਰਹੇ ਹਨ- ਇੱਕ ਜਾਂ ਦੋ ਹਫ਼ਤੇ- ਪਰ ਕਈ ਦਫ਼ਾ ਮੈਂ ਪੂਰਬੀ ਤੇ ਪੱਛਮੀ ਤੱਟਾਂ ਦੀਆਂ ਯੂਨੀਵਰਸਿਟੀਆਂ ’ਚ ਜ਼ਿਆਦਾ ਸਮਾਂ ਵੀ ਬਿਤਾਇਆ। ਮੇਰੀਆਂ ਸਭ ਤੋਂ ਖੁਸ਼ਗਵਾਰ ਯਾਦਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ’ਚ ਬਿਤਾਏ ਸਮੈਸਟਰ ਦੀਆਂ ਹਨ, ਜਿੱਥੇ ਇਸ ਮਹਾਨ ਸਰਕਾਰੀ ਯੂਨੀਵਰਸਿਟੀ ਵਿੱਚ- ਵਿਦਿਆਰਥੀ ਬੌਧਿਕ ਰੂਪ ’ਚ ਤਾਂ ਤਿੱਖੇ ਸਨ ਹੀ ਪਰ ਯੇਲ ਤੇ ਸਟੈਨਫਰਡ ਨਾਲੋਂ ਜ਼ਿਆਦਾ ਵੰਨ-ਸਵੰਨੇ ਪਿਛੋਕੜਾਂ ਦੇ ਵੀ ਸਨ। ਮੈਂ ਮਹਾਤਮਾ ਗਾਂਧੀ ’ਤੇ ਇੱਕ ਕੋਰਸ ਪੜ੍ਹਾ ਰਿਹਾ ਸੀ ਤੇ ਮੇਰੇ ਬਰਮਾ ਮੂਲ ਦੇ, ਯਹੂਦੀ ਤੇ ਅਫਰੀਕੀ-ਅਮਰੀਕੀ ਵਿਦਿਆਰਥੀਆਂ ਨੇ ਗਾਂਧੀ ਦੀ ਵਿਰਾਸਤ ਵਿੱਚ ਜਿਹੜੀ ਦਿਲਚਸਪੀ ਦਿਖਾਈ, ਉਸੇ ਨੇ ਮੈਨੂੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਇਹ ਮੇਰੇ ਸਮੇਂ ਦਾ ਚੰਗਾ ਉਪਯੋਗ ਹੋਵੇਗਾ ਜੇ ਮੈਂ ਅਗਲਾ ਦਹਾਕਾ (ਤੇ ਉਸ ਤੋਂ ਵੱਧ) ਗਾਂਧੀ ਬਾਰੇ ਲਿਖਦਿਆਂ ਤੇ ਖੋਜਦਿਆਂ ਬਿਤਾਵਾਂ।
ਮੈਂ ਖ਼ੁਦ ਭਾਰਤ ਵਿੱਚ ਹੀ ਪੜ੍ਹਿਆ ਸੀ ਤੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਮੈਂ ਭਾਰਤ ਵਿੱਚ ਰਹਿੰਦਿਆਂ ਤੇ ਕੰਮ ਕਰਦਿਆਂ ਬਿਤਾਇਆ ਹੈ। ਫਿਰ ਵੀ ਮੈਂ ਉਨ੍ਹਾਂ ਵਿਦਵਾਨਾਂ ਤੇ ਵਿਦਿਆਰਥੀਆਂ ਦਾ ਬਹੁਤ ਕਰਜ਼ਦਾਰ ਹਾਂ ਜਿਨ੍ਹਾਂ ਨਾਲ ਮੈਂ ਅਮਰੀਕਾ ’ਚ ਸਮਾਂ ਬਿਤਾਇਆ ਤੇ ਉਸ ਮੁਲਕ ਦੀਆਂ ਲਾਇਬਰੇਰੀਆਂ ਅਤੇ ਇਤਿਹਾਸਕ ਰਿਕਾਰਡਾਂ ਦਾ ਵੀ, ਜਿਨ੍ਹਾਂ ਵਿੱਚ ਅਕਸਰ ਭਾਰਤ ਦੇ ਇਤਿਹਾਸ ਨਾਲ ਸਬੰਧਿਤ ਉਹ ਅਣਮੁੱਲੇ ਦਸਤਾਵੇਜ਼ ਪਏ ਹੁੰਦੇ ਸਨ ਜੋ ਮੇਰੇ ਆਪਣੇ ਦੇਸ਼ ’ਚ ਉਪਲਬਧ ਨਹੀਂ ਹਨ।
ਇਸ ਲਈ ਜੋ ਡੋਨਲਡ ਟਰੰਪ ਅਮਰੀਕੀ ਯੂਨੀਵਰਸਿਟੀ ਤੰਤਰ ਨੂੰ ਤੋੜਨ ਲਈ ਕਰ ਰਿਹਾ ਹੈ, ਮੇਰੇ ਅੰਦਰ ਉਸ ਪ੍ਰਤੀ ਗਹਿਰੀ ਵੇਦਨਾ ਤੇ ਗੁੱਸਾ ਹੈ। ਭਾਵੇਂ ਇਹ ਵਿਚਾਰਧਾਰਾ ਕਾਰਨ ਜਾਂ ਨਿੱਜੀ ਵੈਰ ਕੱਢਣ ਲਈ ਕੀਤਾ ਜਾ ਰਿਹਾ ਹੈ, ਪਰ ਟਰੰਪ ਦੀ ਮੁਹਿੰਮ ਉਸ ਮੁਲਕ ਦਾ ਗੰਭੀਰ ਨੁਕਸਾਨ ਕਰ ਰਹੀ ਹੈ ਜਿਸ ਦੀ ਉਹ ਅਗਵਾਈ ਕਰਦਾ ਹੈ ਤੇ ਪਿਆਰ ਕਰਨ ਦਾ ਦਾਅਵਾ ਕਰਦਾ ਹੈ।
ਇਹ ਸੱਚ ਹੈ ਕਿ ਹਾਲੀਆ ਦਹਾਕਿਆਂ ’ਚ, ਅਮਰੀਕਾ ਦੇ ਉੱਚ ਸਿੱਖਿਆ ਢਾਂਚੇ ਨੇ ਆਪਣਾ ਕੁਝ ਨੁਕਸਾਨ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਹਾਨੀਆਂ ਪ੍ਰਤੱਖ ਹਨ- ਪਛਾਣ ਦੀ ਸਿਆਸਤ ਅੱਗੇ ਆਤਮ ਸਮਰਪਣ ਜਿਸ ਨੇ ਕੈਂਪਸਾਂ ’ਚ ਖੁੱਲ੍ਹੀ ਚਰਚਾ ਤੇ ਉਸਾਰੂ ਬਹਿਸ ਵਿੱਚ ਬਹੁਤ ਅੜਿੱਕਾ ਪਾਇਆ ਹੈ; ਤੇ ਸੇਵਾਮੁਕਤੀ ਦੀ ਉਮਰ ਖ਼ਤਮ ਕਰਨ ਦਾ ਫ਼ੈਸਲਾ ਤਾਂ ਕਿ ਆਪਣੇ ਅੱਸੀਵਿਆਂ ਤੇ ਨੱਬੇਵਿਆਂ ਨੂੰ ਢੁਕੇ ਪ੍ਰੋਫੈਸਰ ਹਾਲੇ ਵੀ ਕਲਾਸਾਂ (ਛੋਟੀਆਂ ਤੋਂ ਛੋਟੀਆਂ) ਨੂੰ ਪੜ੍ਹਾਉਣ, ਵੱਡੇ ਅਹੁਦਿਆਂ ਨੂੰ ਸੰਭਾਲਣ ਤੇ ਭਵਿੱਖੀ ਨਿਯੁਕਤੀਆਂ ’ਤੇ ਵੋਟਿੰਗ ਅਧਿਕਾਰ ਵਰਤਣ ਲਈ ਉਪਲਬਧ ਹੋਣ। ਇਸ ਦੇ ਬਾਵਜੂਦ, ਦੁਨੀਆ ਦੀਆਂ ਜ਼ਿਆਦਾਤਰ ਬਿਹਤਰੀਨ ਯੂਨੀਵਰਸਿਟੀਆਂ ਹਾਲੇ ਵੀ ਅਮਰੀਕਾ ਵਿੱਚ ਹਨ। ਪੂਰੀ ਦੁਨੀਆ ਦੇ ਵਿਦਵਾਨਾਂ ਨੂੰ ਸਿੱਖਿਅਤ ਤੇ ਪ੍ਰਭਾਵਿਤ ਕਰ ਕੇ ਇਨ੍ਹਾਂ ਦੇਸ਼ ਦੀ ‘ਸੌਫਟ ਪਾਵਰ’ ਨੂੰ ਬਹੁਤ ਵਧਾਇਆ ਹੈ ਤੇ, ਸ਼ਾਇਦ, ਇਸ ਤੋਂ ਵੀ ਵੱਧ ਜ਼ਰੂਰੀ, ਇਨ੍ਹਾਂ ਸਪੱਸ਼ਟ ਤੌਰ ’ਤੇ ਵਿਗਿਆਨਕ ਰਚਨਾਤਮਕਤਾ ਦੇ ਅਨੰਤ ਪ੍ਰਵਾਹ ਨੂੰ ਪ੍ਰਫੁਲਿੱਤ ਕੀਤਾ ਜਿਸ ਨੇ ਅਮਰੀਕਾ ਨੂੰ ਦੁਨੀਆ ਦਾ ਆਰਥਿਕ ਤੇ ਤਕਨੀਕੀ ਤੌਰ ’ਤੇ ਸਭ ਤੋਂ ਮੋਹਰੀ ਦੇਸ਼ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ।
ਸੰਨ 1986 ਵਿੱਚ ਯੇਲ ਜਾਣ ਤੋਂ ਪਹਿਲਾਂ ਮੈਂ ਕੁਝ ਸਮੇਂ ਲਈ ਅਮਰੀਕੀ ਵਿਦੇਸ਼ ਨੀਤੀ ਦਾ ਆਲੋਚਕ ਰਿਹਾ ਸੀ। ਉਸ ਤੋਂ ਸਾਲਾਂ ਬਾਅਦ ਵੀ, ਮੈਨੂੰ ਇਸ ਦੀ ਸਰਕਾਰ ਦੀਆਂ ਵਿਦੇਸ਼ ਨੀਤੀਆਂ ’ਤੇ ਨਿਰੰਤਰ ਸੰਦੇਹ ਰਿਹਾ ਹੈ। ਮੇਰੀ ਪੂਰੀ ਜ਼ਿੰਦਗੀ ’ਚ ਅਮਰੀਕਾ ਦੀ ਵਿਦੇਸ਼ ਨੀਤੀ ਹੰਕਾਰ ਤੇ ਦੋਗ਼ਲੇਪਣ ਦਾ ਮਿਸ਼ਰਣ ਰਹੀ ਹੈ। ਫਿਰ ਵੀ ਇਸ ਦੀਆਂ ਯੂਨੀਵਰਸਿਟੀਆਂ ਇੱਕ ਬਿਲਕੁਲ ਵੱਖਰਾ ਮਾਮਲਾ ਹਨ। ਇਹ ਮਾਨਵਤਾ ਦਾ ਸ਼ਿੰਗਾਰ ਹਨ। ਇਨ੍ਹਾਂ ਉੱਤੇ ਭੜਕਾਊ ਜਾਂ ਅਸੱਭਿਅਕ ਹੱਲਿਆਂ ਦਾ ਸੋਗ ਸਾਰੀਆਂ ਕੌਮਾਂ ਦੇ ਚਿੰਤਨਸ਼ੀਲ ਲੋਕਾਂ ਨੂੰ ਮਨਾਉਣਾ ਚਾਹੀਦਾ ਹੈ।
ਈ-ਮੇਲ: ramachandraguha@yahoo.in