ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਠੱਗੇ
ਪੱਤਰ ਪ੍ਰੇਰਕ
ਤਰਨ ਤਾਰਨ, 2 ਫਰਵਰੀ
ਇਥੋਂ ਦੇ ਨੂਰਦੀ ਅੱਡਾ ਵਾਸੀ ਨੇ ਪੰਜ ਜਣਿਆਂ ’ਤੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਨੂਰਦੀ ਅੱਡਾ ਵਾਸੀ ਹਰਸ਼ਦੀਪ ਸਿੰਘ (30 ਸਾਲ) ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਵਿਦੇਸ਼ ਭੇਜਣ ਨਾਂ ਹੇਠ ਠੱਗੀ ਮਾਰੀ ਗਈ ਹੈ। ਹਰਸ਼ਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਦੋ ਸਾਲ ਪਹਿਲਾਂ ਮਲਕੀਤ ਸਿੰਘ, ਉਸਦੀ ਪਤਨੀ ਇੰਦਰਜੀਤ ਕੌਰ, ਜਸਬੀਰ ਕੌਰ ਵਾਸੀ ਲਲਿਆਣੀ, ਕਰਨਾਲ (ਹਰਿਆਣਾ) , ਰਵੀ ਪੰਚਾਲ ਵਾਸੀ ਬਾਹਰਾ ਸਿਟੀ ਗਾਜ਼ੀਆਬਾਦ (ਯੂਪੀ) ਅਤੇ ਹਰਦੀਪ ਸਿੰਘ ਵਾਸੀ ਸੰਗਪੁਰਾ ਭੇਵਾ (ਕੁਰਕਸ਼ੇਤਰ) ਦੇ ਝਾਂਸੇ ਵਿੱਚ ਆ ਗਿਆ| ਉਨ੍ਹਾਂ ਉਸ ਤੋਂ ਅਮਰੀਕਾ ਭੇਜਣ ਲਈ 32 ਲੱਖ ਰੁਪਏ ਲਏ| ਦੋ ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਨੇ ਨਾ ਤਾਂ ਉਸ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਦਿੱਤੇ ਪੈਸੇ ਵਾਪਸ ਕੀਤੇ। ਜਦੋਂ ਪੈਸਿਆਂ ਵਾਪਸ ਮੰਗੇ ਗਏ ਤਾਂ ਉਹ ਲਗਾਤਾਰ ਟਾਲ-ਮਟੋਲ ਕਰਦੇ ਰਹੇ।
ਇਸ ਦੌਰਾਨ ਪਤਵੰਤਿਆਂ ਦੇ ਵਿੱਚ ਪੈਣ ’ਤੇ ਉਨ੍ਹਾਂ ਪੀੜਤ ਨੂੰ 12 ਲੱਖ ਰੁਪਏ ਦੇ ਕਰੀਬ ਦੀ ਰਕਮ ਵਾਪਸ ਕਰ ਦਿੱਤੀ ਅਤੇ ਬਾਕੀ ਦੀ ਰਕਮ ਦੇ ਚੈੱਕ ਦਿੱਤੇ ਜਿਹੜੇ ਬੈਂਕ ਵੱਲੋਂ ਬਾਊਂਸ ਕਰ ਦਿੱਤੇ ਗਏ| ਹਰਸ਼ਦੀਪ ਸਿੰਘ ਵੱਲੋਂ ਜ਼ਿਲ੍ਹਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੀ ਕੀਤੀ ਪੜਤਾਲ ’ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਬੀਐੱਨਐੱਸ ਦੀ ਦਫ਼ਾ 318 (4), 316 (2) ਤੇ 61 (2) ਅਧੀਨ ਕੇਸ ਦਰਜ ਕੀਤਾ ਹੈ| ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ|