ਅਮਰੀਕਾ: ਦੋ ਚੀਨੀ ਨਾਗਰਿਕ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਵਾਸ਼ਿੰਗਟਨ, 2 ਜੁਲਾਈ
ਅਮਰੀਕਾ ਵਿੱਚ ਦੋ ਚੀਨੀ ਨਾਗਰਿਕਾਂ ’ਤੇ ਚੀਨ ਦੇ ਇਸ਼ਾਰੇ ’ਤੇ ਜਾਸੂਸੀ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਚੀਨੀ ਨਾਗਰਿਕਾਂ ’ਤੇ ਜਲ ਸੈਨਾ ਦੇ ਟਿਕਾਣੇ ਦੀਆਂ ਤਸਵੀਰਾਂ ਲੈਣ ਅਤੇ ਫੌਜ ਵਿੱਚ ਉਨ੍ਹਾਂ ਲੋਕਾਂ ਦੀ ਭਰਤੀ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਨੇ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਚੀਨੀ ਖੁਫ਼ੀਆ ਏਜੰਸੀਆਂ ਲਈ ਕੰਮ ਕਰਨ ਵਾਸਤੇ ਤਿਆਰ ਹੋ ਸਕਦੇ ਹਨ।
ਇਹ ਮੁਕੱਦਮਾ ਸਾਂ ਫਰਾਂਸਿਸਕੋ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਚੀਨੀ ਸਰਕਾਰ ਅਮਰੀਕੀ ਫੌਜ ਸਮਰੱਥਾ ਬਾਰੇ ਗੁਪਤ ਤੌਰ ’ਤੇ ਜਾਣਕਾਰੀ ਇਕੱਤਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਚੀਨ ਵੱਲੋਂ ਕਰੀਬ ਦੋ ਸਾਲ ਪਹਿਲਾਂ ਇਕ ਨਿਗਰਾਨੀ ਗੁਬਾਰਾ ਛੱਡੇ ਜਾਣ ਤੋਂ ਬਾਅਦ ਚੀਨੀ ਜਾਸੂਸੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਅਮਰੀਕੀ ਅਧਿਕਾਰੀਆਂ ਨੇ ਆਖ਼ਰਕਾਰ ਸਾਊਥ ਕੈਰੋਲੀਨਾ ਦੇ ਤੱਟ ’ਤੇ ਡੇਗ ਦਿੱਤਾ ਸੀ। ਅਟਾਰਨੀ ਜਨਰਲ ਪਾਮ ਬੌਂਡੀ ਨੇ ਮੁਕੱਦਮੇ ਬਾਰੇ ਜਾਣਕਾਰੀ ਦਿੰਦੇ ਹੋਏ ਬਿਆਨ ਵਿੱਚ ਕਿਹਾ, ‘‘ਇਹ ਮਾਮਲਾ ਸਾਡੀ ਫੌਜ ਵਿੱਚ ਘੁਸਪੈਠ ਕਰਨ ਅਤੇ ਸਾਡੀ ਕੌਮੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੀਆਂ ਚੀਨ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।’’
ਅਧਿਕਾਰੀਆਂ ਨੇ ਮੁਲਜ਼ਮਾਂ ਦੀ ਪਛਾਣ 38 ਸਾਲਾ ਯੁਆਨ ਚੇਨ ਅਤੇ 39 ਸਾਲਾ ਲਿਰੇਨ ‘ਰਿਆਨ’ ਲਾਈ ਦੇ ਰੂਪ ਵਿੱਚ ਹੋਈ ਹੈ। -ਏਪੀ