ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ
ਰਣਜੀਤ ਸਿੰਘ
ਇਸ ਵਾਰ ਅਮਰੀਕਾ ਦੀ ਰਾਜਧਾਨੀ ਦੇਖਣ ਦੀ ਖ਼ਾਹਿਸ਼ ਸੀ। ਮੈਂ ਸੋਚਦਾ ਸਾਂ ਕਿ ਵ੍ਹਾਈਟ ਹਾਊਸ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਜਿੱਥੋਂ ਸਾਰੀ ਦੁਨੀਆ ਦੀਆਂ ਤਾਰਾਂ ਹਿਲਦੀਆਂ ਹਨ। ਸਾਡਾ ਤਿੰਨ ਦਿਨਾਂ ਲਈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਜਾਣ ਦਾ ਪ੍ਰੋਗਰਾਮ ਬਣਿਆ। ਇਸ ਵਾਰ ਸਾਡਾ ਸਫ਼ਰ ਬਸ ਰਾਹੀਂ ਸੀ, ਪਰ ਇਹ ਬਸ ਬਹੁਤ ਹੀ ਆਰਾਮਦੇਹ ਸੀ। ਰਸਤੇ ਵਿੱਚ ਸਭ ਤੋਂ ਪਹਿਲਾਂ ਬਰਹਿਗਮਟਨ ਨਾਮ ਦਾ ਸ਼ਹਿਰ ਆਇਆ। ਇਹ ਨਿਊਯਾਰਕ ਸੂਬੇ ਦਾ ਇੱਕ ਵੱਡਾ ਸ਼ਹਿਰ ਹੈ। ਦੁਪਹਿਰ ਹੋਣ ਤੀਕ ਅਸੀਂ ਹੈਰਿਸਵਰਗ ਨਾਮੀ ਇੱਕ ਹੋਰ ਵੱਡੇ ਸ਼ਹਿਰ ਵਿੱਚ ਪੁੱਜ ਗਏ।
ਜਿਵੇਂ ਸਾਡੇ ਸ਼ਹਿਰਾਂ ਵਿੱਚ ਹੁਣ ਆਪਣੀ ਮੰਡੀ ਲਗਦੀ ਹੈ, ਉਸੇ ਤਰ੍ਹਾਂ ਇੱਥੇ ਵੀ ਹਰ ਸ਼ਨਿਚਰਵਾਰ ਆਪਣੀ ਮੰਡੀ ਲਗਦੀ ਹੈ। ਇਸ ਮੰਡੀ ਵਿੱਚ ਕਿਸਾਨ ਆਪਣੀ ਜਿਣਸ ਵੇਚਣ ਆਉਂਦੇ ਹਨ। ਇਸ ਮੰਡੀ ਵਿੱਚ ਕੋਈ ਸਰਕਾਰੀ ਦਖ਼ਲ ਨਹੀਂ ਹੁੰਦਾ ਸਗੋਂ ਕਿਸਾਨ ਆਪ ਜਿਵੇਂ ਚਾਹੁਣ ਆਪਣੀ ਫ਼ਸਲ ਵੇਚ ਸਕਦੇ ਹਨ। ਇਹ ਛੋਟੇ ਕਿਸਾਨ ਹੁੰਦੇ ਹਨ ਜਿਹੜੇ ਫਲ, ਸਬਜ਼ੀਆਂ ਤੇ ਫਲਾਂ ਤੋਂ ਬਣੇ ਪਦਾਰਥ ਵੇਚਣ ਆਉਂਦੇ ਹਨ। ਸ਼ਹਿਰ ਵਾਸੀ ਚੋਖੀ ਗਿਣਤੀ ਵਿੱਚ ਇੱਥੋਂ ਵਸਤਾਂ ਖਰੀਦਦੇ ਹਨ ਕਿਉਂਕਿ ਸ਼ਹਿਰ ਨਾਲੋਂ ਸਸਤੀਆਂ ਅਤੇ ਤਾਜ਼ੀਆਂ ਹੁੰਦੀਆਂ ਹਨ। ਕੋਈ 3.30 ਵਜੇ ਅਸੀਂ ਵਾਸ਼ਿੰਗਟਨ ਸ਼ਹਿਰ ਪੁੱਜੇ। ਬਹੁਤ ਖੁੱਲ੍ਹਾ ਅਤੇ ਸਾਫ਼ ਸੁਥਰਾ ਸ਼ਹਿਰ ਹੈ। ਹੋਟਲ ’ਚ ਆਪੋ ਆਪਣਾ ਸਾਮਾਨ ਕਮਰਿਆਂ ਵਿੱਚ ਰੱਖ ਅਸੀਂ ਚਾਰ ਵਜੇ ਹੇਠਾਂ ਆ ਗਏ। ਕਮਰੇ ਸਾਰੀਆਂ ਸਹੂਲਤਾਂ ਵਾਲੇ ਸਨ। ਸਾਰੇ ਦਰਸ਼ਨੀ ਥਾਂ ਨੇੜੇ ਹੋਣ ਕਰਕੇ ਅਸੀਂ ਪੈਦਲ ਹੀ ਤੁਰ ਪਏ।
ਹੋਟਲ ਤੋਂ ਥੋੜ੍ਹੀ ਹੀ ਦੂਰ ਉਸੇ ਸੜਕ ਉੱਤੇ ਵ੍ਹਾਈਟ ਹਾਊਸ ਸਥਿਤ ਹੈ। ਮੇਰਾ ਵਿਚਾਰ ਸੀ ਕਿ ਵ੍ਹਾਈਟ ਹਾਊਸ ਸਾਡੇ ਰਾਸ਼ਟਰਪਤੀ ਭਵਨ ਵਾਂਗ ਵਿਸ਼ਾਲ ਅਤੇ ਨਿਵੇਕਲੀ ਕਿਸਮ ਦੀ ਇਮਾਰਤ ਹੋਵੇਗੀ ਪਰ ਇਹ ਤਾਂ ਆਮ ਚਲਦੀ ਸੜਕ ਉੱਤੇ ਆਮ ਭਵਨਾਂ ਵਾਂਗ ਦਿਸਣ ਵਾਲੀ ਇਮਾਰਤ ਹੈ। ਅੰਦਰ ਜਾ ਕੇ ਪਤਾ ਲੱਗਾ ਕਿ ਇਹ ਇਮਾਰਤ ਚੋਖੇ ਰਕਬੇ ਵਿੱਚ ਫੈਲੀ ਹੈ ਅਤੇ ਅੰਦਰੋਂ ਚੰਗੀ ਵਿਸ਼ਾਲ ਅਤੇ ਸੁੰਦਰ ਹੈ। ਇਸ ਵਿੱਚ 122 ਕਮਰੇ ਹਨ। ਵ੍ਹਾਈਟ ਹਾਊਸ ਦੇ ਪਿੱਛੇ ਵਿਸ਼ਾਲ ਮੈਦਾਨ ਹੈ, ਜਿਸ ਨੂੰ ਕੌਮੀ ਮਾਲ ਆਖਿਆ ਜਾਂਦਾ ਹੈ। ਇਹ ਸਭ ਕੁਝ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੀਕ ਵਿਸ਼ਾਲ ਮਾਰਗ ਵਾਂਗ ਹੀ ਹੈ। ਇਸ ਦੇ ਇੱਕ ਸਿਰੇ ਕਾਂਗਰਸ ਜਾਂ ਪਾਰਲੀਮੈਂਟ ਭਵਨ ਹੈ ਅਤੇ ਦੂਜੇ ਸਿਰੇ ਲਿੰਕਨ ਮੈਮੋਰੀਅਲ ਹੈ। ਇਸ ਨੂੰ ਰਾਜਧਾਨੀ ਦਾ ਇਲਾਕਾ ਵੀ ਆਖਿਆ ਜਾਂਦਾ ਹੈ। ਇਸ ਦੀ ਲੰਬਾਈ ਕੋਈ ਇੱਕ ਮੀਲ ਤੇ ਚੌੜਾਈ 400 ਫੁੱਟ ਹੈ। ਦਰਮਿਆਨ ਪਾਣੀ ਦੀ ਨਹਿਰ ਹੈ ਜਿਸ ਵਿੱਚ ਫੁਹਾਰੇ ਚੱਲਦੇ ਹਨ ਅਤੇ ਦੋਵੇਂ ਪਾਸੇ ਸੁੰਦਰ ਲਾਅਨ ਹਨ। ਵਾਸ਼ਿੰਗਟਨ ਸ਼ਹਿਰ ਆਏ ਸੈਲਾਨੀ ਇਹ ਥਾਂ ਜ਼ਰੂਰ ਵੇਖਣ ਆਉਂਦੇ ਹਨ। ਇਸੇ ਮਾਲ ਦੇ ਅੱਧ ਵਿਚਕਾਰ ਇੱਕ ਪਾਸੇ ਵ੍ਹਾਈਟ ਹਾਊਸ ਹੈ ਅਤੇ ਦੂਜੇ ਪਾਸੇ ਵਾਸ਼ਿੰਗਟਨ ਮੈਮੋਰੀਅਲ ਜਿਹੜਾ 555 ਫੁੱਟ ਉੱਚੀ ਮੀਨਾਰ ਦੀ ਸ਼ਕਲ ਵਿੱਚ ਹੈ। ਇਸ ਸਾਰੀ ਥਾਂ ਨੂੰ ਕੈਪੀਟਲ ਹਿਲ ਵੀ ਆਖਿਆ ਜਾਂਦਾ ਹੈ। ਵ੍ਹਾਈਟ ਹਾਊਸ ਵਿੱਚੋਂ ਨਿਕਲ ਅਸੀਂ ਵਾਸ਼ਿੰਗਟਨ ਮੈਮੋਰੀਅਲ ਵੇਖਣ ਚੱਲ ਪਏ। ਛੁੱਟੀ ਦਾ ਦਿਨ ਹੋਣ ਕਰਕੇ ਚੋਖੀ ਚਹਿਲ-ਪਹਿਲ ਸੀ। ਹੌਲੀ ਹੌਲੀ ਟੁਰਦੇ ਚਲਦੇ ਫੁਹਾਰਿਆਂ ਦਾ ਆਨੰਦ ਮਾਣਦੇ ਅਸੀਂ ਲਿੰਕਨ ਮੈਮੋਰੀਅਲ ਪੁੱਜ ਗਏ। ਇਹ ਸਥਾਨ ਸ਼ਹਿਰ ਦੀ 23ਵੀਂ ਗਲੀ ਉੱਤੇ ਸਥਿਤ ਹੈ। ਭਾਵੇਂ ਸ਼ਹਿਰ ਦੇ ਐਵੇਨਿਊ ਅਮਰੀਕੀ ਸੂਬਿਆਂ ਦੇ ਨਾਮ ਉੱਤੇ ਹਨ, ਪਰ ਕੁਝ ਐਵੇਨਿਊਜ਼ ਦੇ ਨਾਂ ਕੰਸਟੀਚਿਊਸ਼ਨ ਅਤੇ ਇੰਡੀਪੈਨਡੰਸ (ਆਜ਼ਾਦੀ) ਵੀ ਹਨ। ਇਸ ਯਾਦਗਾਰ ਦੇ ਅੰਦਰ ਵੜਦਿਆਂ ਹੀ ਮਰਹੂਮ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਆਦਮਕੱਦ ਬੁੱਤ ਦਿਸਦਾ ਹੈ। ਇਹ ਬੁੱਤ ਇੰਨਾ ਪ੍ਰਭਾਵਸ਼ਾਲੀ ਹੈ ਕਿ ਦਰਸ਼ਕ ਲਿੰਕਨ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਰਾਸ਼ਟਰਪਤੀ ਲਿੰਕਨ ਵੇਲੇ ਹੀ ਅਮਰੀਕਾ ਵਿੱਚ ਗ੍ਰਹਿ-ਯੁੱਧ ਹੋਇਆ ਸੀ ਤੇ ਇਸ ਯੁੱਧ ਨੂੰ ਜਿੱਤ ਕੇ ਅਮਰੀਕਾ ਦੀ ਏਕਤਾ ਕਾਇਮ ਰੱਖੀ ਗਈ ਸੀ। ਉਸ ਸਮੇਂ ਅਮਰੀਕਾ ਦੇ 36 ਸੂਬੇ ਸਨ। ਇਸ ਕਰਕੇ ਇਸ ਉੱਤੇ 36 ਖਾਨਿਆਂ ਵਾਲੀ ਛੱਤ ਬਣੀ ਹੋਈ ਹੈ। ਕੌਮੀ ਮਾਲ ਦੇ ਇੱਕ ਸਿਰੇ ਉੱਤੇ ਲੱਗਿਆ ਇਹ ਬੁੱਤ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਹੁਣ ਵੀ ਲਿੰਕਨ ਕੌਮ ਦੀ ਅਗਵਾਈ ਕਰ ਰਿਹਾ ਹੋਵੇ। ਜਦੋਂ ਕਿਤੇ ਅਨੁਭਵ ਹੁੰਦਾ ਹੈ ਕਿ ਮਨੁੱਖੀ ਹਕੂਕਾਂ ਨੂੰ ਖ਼ਤਰਾ ਹੈ, ਲੋਕੀਂ ਇਸ ਯਾਦਗਾਰ ’ਤੇ ਆ ਕੇ ਪ੍ਰਦਰਸ਼ਨ ਕਰਦੇ ਹਨ। ਹਰ ਸਾਲ ਅਜਿਹੇ ਲਗਭਗ 14,000 ਪ੍ਰਦਰਸ਼ਨ ਇੱਥੇ ਹੁੰਦੇ ਹਨ। ਇਸ ਦੇ ਨੇੜੇ ਹੀ ਵੀਅਤਨਾਮ ਵਿੱਚ ਸ਼ਹੀਦ ਹੋਏ ਫ਼ੌਜੀਆਂ ਦੀ ਯਾਦਗਾਰ ਹੈ।
ਇਹ ਪਹਿਲੀ ਲੜਾਈ ਸੀ, ਜਿਸ ਵਿੱਚ ਅਮਰੀਕਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਵੀਅਤਨਾਮ ਦੇ ਸ਼ਹੀਦਾਂ ਦੀ ਯਾਦਗਾਰ ਵਿੱਚ ਥਾਂ ਪੁੱਟ ਕੇ ਇੱਕ ਗਲੀ ਵਾਂਗ ਬਣਾਈ ਗਈ ਹੈ। ਇੱਕ ਪਾਸੇ ਚਮਕੀਲੇ ਕਾਲੇ ਪੱਥਰ ਦੀ ਦੀਵਾਰ ਬਣੀ ਹੈ ਜਿਸ ਉੱਤੇ ਸ਼ਹੀਦ ਫ਼ੌਜੀਆਂ ਦੇ ਨਾਮ ਲਿਖੇ ਹਨ ਜਿਵੇਂ ਸਾਡੇ ਇੰਡੀਆ ਗੇਟ ਉੱਤੇ ਸ਼ਹੀਦ ਫ਼ੌਜੀਆਂ ਦੇ ਨਾਮ ਲਿਖੇ ਹੋਏ ਹਨ। ਇੱਕ ਪਾਸਿਓਂ ਦਰਸ਼ਕ ਹੇਠਾਂ ਉਤਰ ਜਾਂਦੇ ਹਨ ਅਤੇ ਇਸ 50 ਫੁੱਟ ਲੰਮੀ ਦੀਵਾਰ ਦੇ ਨਾਲ ਟੁਰ ਕੇ ਦੂਜੇ ਸਿਰਿਓਂ ਫਿਰ ਉੱਤੇ ਪਾਰਕ ਵਿੱਚ ਆ ਜਾਂਦੇ ਹਨ। ਕਈ ਅਮਰੀਕੀ ਆਪਣੇ ਸਕੇ ਸਬੰਧੀਆਂ ਦੇ ਨਾਵਾਂ ਕੋਲ ਗੁਲਦਸਤੇ ਚੜ੍ਹਾਉਂਦੇ ਹਨ।
ਦੂਜੇ ਦਿਨ ਦਾ ਪਹਿਲਾ ਪੜਾਅ ਵਿਦਿਅਕ ਵਿਕਾਸ ਅਕੈਡਮੀ ਵਿੱਚ ਸੀ। ਸਾਡੇ ਆਉਣ ਦੀ ਇੱਥੇ ਪਹਿਲਾਂ ਹੀ ਸੂਚਨਾ ਸੀ। ਇਸ ਕਰਕੇ ਬੜਾ ਨਿੱਘਾ ਸੁਆਗਤ ਹੋਇਆ। ਇੱਥੇ ਸਾਨੂੰ ਇਸ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇੱਥੇ ਅਸੀਂ ਤਿੰਨ ਕੁ ਘੰਟੇ ਦਾ ਸਮਾਂ ਲਾਇਆ। ਇੱਥੋਂ ਵਿਦਾ ਹੋ ਕੇ ਅਸੀਂ ਮੁੜ ਕੌਮੀ ਮਾਲ ਆ ਗਏ। ਇੱਥੇ ਸਾਡਾ ਕੈਪੀਟਲ ਹਿਲ ਭਵਨ ਵੇਖਣ ਦਾ ਪ੍ਰੋਗਰਾਮ ਸੀ। ਇਸ ਇਮਾਰਤ ਵਿੱਚ ਹੀ ਪਾਰਲੀਮੈਂਟ ਹਾਊਸ ਹੈ। ਇਨ੍ਹਾਂ ਦਿਨਾਂ ਵਿੱਚ ਸੈਨੇਟ (ਪਾਰਲੀਮੈਂਟ) ਦਾ ਸੈਸ਼ਨ ਚਲ ਰਿਹਾ ਸੀ। ਇਸ ਦੇ ਨੇੜੇ ਹੀ ਪੁਲਾੜ ਅਜਾਇਬਘਰ ਹੈ। ਪੁਲਾੜ ਅਜਾਇਬਘਰ ਸਾਰੇ ਸੰਸਾਰ ਵਿੱਚ ਇਸ ਵਿਸ਼ੇ ਸਬੰਧੀ ਸਭ ਤੋਂ ਵੱਡਾ ਅਜਾਇਬਘਰ ਹੈ। ਦਰਸ਼ਕਾਂ ਦੀ ਭੀੜ ਲੱਗੀ ਹੋਈ ਸੀ ਪਰ ਕਿਸੇ ਤਰ੍ਹਾਂ ਦਾ ਵੀ ਸ਼ੋਰ ਸ਼ਰਾਬਾ ਨਹੀਂ ਸੀ ਹੋ ਰਿਹਾ। ਇਸ ਅਜਾਇਬਘਰ ਵਿੱਚ ਮੁੱਢਲੇ ਹਵਾਈ ਜਹਾਜ਼ਾਂ ਤੋਂ ਲੈ ਕੇ ਚੰਨ ਉੱਤੇ ਪਹੁੰਚਣ ਵਾਲਾ ਰਾਕੇਟ ਰੱਖਿਆ ਹੋਇਆ ਹੈ। ਉਹ ਵਾਹਨ ਵੀ ਇੱਥੇ ਹੈ ਜਿਸ ਵਿੱਚ ਬੈਠ ਮਨੁੱਖ ਨੇ ਪਹਿਲੀ ਵਾਰ ਚੰਨ ਦੀ ਯਾਤਰਾ ਕੀਤੀ ਸੀ।
ਇੱਥੋਂ ਅਸੀਂ ਕੈਪੀਟਲ ਹਿਲ ਪਹੁੰਚੇ। ਇਹ ਸਾਡੇ ਸੰਸਦ ਭਵਨ ਵਰਗੀ ਵਿਸ਼ਾਲ ਇਮਾਰਤ ਹੈ। ਇਸ ਭਵਨ ਦਾ ਕੁਝ ਹਿੱਸਾ ਦਰਸ਼ਕਾਂ ਲਈ ਖੁੱਲ੍ਹਾ ਰਹਿੰਦਾ ਹੈ। ਦਰਸ਼ਕਾਂ ਦੀ ਇੱਥੇ ਵੀ ਬਹੁਤ ਭੀੜ ਸੀ। ਖ਼ੈਰ, ਥੋੜ੍ਹੀ ਦੇਰ ਪਿੱਛੋਂ ਸਾਡੀ ਵਾਰੀ ਆ ਗਈ। ਇੱਥੇ ਅੰਦਰ ਜਾਣ ਤੋਂ ਪਹਿਲਾਂ ਹਿਫ਼ਾਜ਼ਤੀ ਜਾਂਚ ਕੀਤੀ ਗਈ। ਅੰਦਰ ਜਾ ਕੇ ਘੁੰਮ ਫਿਰ ਕੇ ਵੇਖਿਆ। ਇੱਥੇ ਅਮਰੀਕਾ ਦੇ ਇਤਿਹਾਸ ਦੀਆਂ ਝਲਕੀਆਂ ਵਿਖਾਈਆਂ ਗਈਆਂ ਹਨ। ਸਾਡੇ ਕੋਲ ਸੈਨੇਟ ਦੀ ਕਾਰਵਾਈ ਵੇਖਣ ਦਾ ਪਾਸ ਸੀ। ਇਸ ਕਰਕੇ ਸਾਨੂੰ ਸੈਨੇਟ ਹਾਲ ਵਾਲੇ ਪਾਸੇ ਜਾਣ ਦਿੱਤਾ ਗਿਆ। ਇੱਥੇ ਫਿਰ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਤੇ ਖਾਲੀ ਹੱਥ ਅੱਗੇ ਜਾਣ ਦਿੱਤਾ ਗਿਆ। ਦਰਸ਼ਕ ਗੈਲਰੀ ਵਿੱਚ ਬਹੁਤੀ ਭੀੜ ਨਹੀਂ ਸੀ। ਇਸ ਕਰਕੇ ਬੈਠਣ ਦੀ ਥਾਂ ਮਿਲਣ ਵਿੱਚ ਮੁਸ਼ਕਿਲ ਨਹੀਂ ਆਈ। ਸਪੀਕਰ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਮੈਂਬਰਾਂ ਦੇ ਨਾਂ ਬੋਲੇ ਜਾਂਦੇ ਸਨ। ਹਰ ਮੈਂਬਰ ਆਪਣੀ ਵਾਰੀ ਸਿਰ ਮਿਲੇ ਸਮੇਂ ਅਨੁਸਾਰ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਕੋਈ ਵੀ ਮੈਂਬਰ ਆਪਣੇ ਸਮੇਂ ਤੋਂ ਵੱਧ ਸਮਾਂ ਨਹੀਂ ਲੈ ਰਿਹਾ ਸੀ। ਜੇਕਰ ਕੋਈ ਵੱਧ ਸਮਾਂ ਲੈ ਵੀ ਲੈਂਦਾ ਤਾਂ ਸਪੀਕਰ ਦੇ ਕਹਿਣ ਉੱਤੇ ਉਦੋਂ ਹੀ ਬੋਲਣਾ ਬੰਦ ਕਰ ਦਿੰਦਾ ਸੀ। ਕੁਝ ਮੈਂਬਰ ਆਪਣੇ ਸਮੇਂ ਵਿੱਚੋਂ ਕੁਝ ਸਮਾਂ ਆਪਣੇ ਸਾਥੀ ਨੂੰ ਦੇਣਾ ਚਾਹੁੰਦੇ ਸਨ, ਉਹ ਅਜਿਹਾ ਸਪੀਕਰ ਦੀ ਇਜਾਜ਼ਤ ਨਾਲ ਕਰ ਰਹੇ ਸਨ। ਸਾਰਾ ਕੁਝ ਬੜੇ ਆਰਾਮ ਅਤੇ ਸਲੀਕੇ ਨਾਲ ਹੋ ਰਿਹਾ ਸੀ। ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਸੀ। ਸਾਰੇ ਮੈਂਬਰ ਸਪੀਕਰ ਦਾ ਹੁਕਮ ਮੰਨ ਰਹੇ ਸਨ। ਮੈਨੂੰ ਆਪਣੇ ਦੇਸ਼ ਦੀ ਸੰਸਦ ਯਾਦ ਆਈ, ਜਿੱਥੇ ਸ਼ੋਰ ਸ਼ਰਾਬਾ ਹੁੰਦਾ ਰਹਿੰਦਾ ਹੈ। ਕਿਸੇ ਵੀ ਮਸਲੇ ਉੱਤੇ ਗੰਭੀਰ ਚਰਚਾ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਹਿ ਗਈ ਹੈ।
ਸੰਸਾਰ ਦੀ ਕਿਸਮਤ ਘੜਨ ਵਾਲੇ ਸ਼ਹਿਰ ਵਿੱਚ ਮੇਰਾ ਤੀਜਾ ਦਿਨ ਸੀ। ਸਵੇਰੇ ਸਾਡਾ ਪ੍ਰੋਗਰਾਮ ਇੱਕ ਅਜਿਹੀ ਸੰਸਥਾ ਵੇਖਣ ਦਾ ਸੀ, ਜਿਸ ਦਾ ਕੰਮ ਸੰਸਾਰ ਦੇ ਦੇਸ਼ਾਂ ਖ਼ਾਸਕਰ ਵਿਕਾਸਸ਼ੀਲ ਦੇਸ਼ਾਂ ਨੂੰ ਵਿਦਿਅਕ ਵਿਕਾਸ ਨਾਲ ਸਬੰਧਿਤ ਪ੍ਰੋਗਰਾਮਾਂ ਬਾਰੇ ਸਲਾਹ ਮਸ਼ਵਰਾ ਦੇਣਾ ਸੀ। ਵਾਸ਼ਿੰਗਟਨ ਸ਼ਹਿਰ ਦਰਿਆ ਪਾਸਟੋਮੋਰ ਦੇ ਕੰਢੇ ਉੱਤੇ ਵਸਿਆ ਹੋਇਆ ਹੈ। ਦਰਿਆ ਦੇ ਦੂਜੇ ਪਾਸੇ ਇੱਕ ਹੋਰ ਸੂਬਾ ਵਰਜੀਨੀਆ ਸ਼ੁਰੂ ਹੋ ਜਾਂਦਾ ਹੈ। ਇਸ ਸੂਬੇ ਦਾ ਇੱਕ ਸ਼ਹਿਰ ਅਰਲਿੰਗਟਨ ਰਾਜਧਾਨੀ ਨਾਲ ਜੁੜਿਆ ਹੋਇਆ ਹੈ। ਇਸੇ ਸ਼ਹਿਰ ਵਿੱਚ ਕੌਮਾਂਤਰੀ ਵਿਦਿਅਕ ਖੋਜ ਸੰਸਥਾ ਹੈ। ਇਸ ਸੰਸਥਾ ਦਾ ਦਫ਼ਤਰ ਬਹੁ-ਮੰਜ਼ਲੀ ਇਮਾਰਤ ਵਿੱਚ ਹੈ। ਅਸੀਂ ਸਿਰਫ਼ ਸੰਚਾਰ ਸਾਧਨਾਂ ਨਾਲ ਸਬੰਧਿਤ ਇਸ ਸੰਸਥਾ ਦੇ ਵਿਭਾਗ ਨੂੰ ਵੇਖਣਾ ਸੀ। ਇਹ ਸੰਸਥਾ ਵੀ ਕੌਮਾਂਤਰੀ ਦਾਨੀ ਸੰਸਥਾਵਾਂ ਵੱਲੋਂ ਦਿੱਤੀਆਂ ਗਰਾਂਟਾਂ ਦੇ ਸਿਰ ’ਤੇ ਹੀ ਚਲਦੀ ਹੈ।
ਅਗਲਾ ਪ੍ਰੋਗਰਾਮ ਸੰਸਾਰ ਦੀ ਸਭ ਤੋਂ ਵੱਡੀ ਬ੍ਰਾਡਕਾਸਟਿੰਗ ਸੰਸਥਾ ਵਾਇਸ ਆਫ ਅਮਰੀਕਾ ਨੂੰ ਵੇਖਣ ਦਾ ਸੀ। ਮਿੱਥੇ ਸਮੇਂ ਅਨੁਸਾਰ ਅਸੀਂ ਕੇਂਦਰ ਦੇ ਬੂਹੇ ਉਤੇ ਪੁੱਜ ਗਏ। ਇਹ ਕੌਮੀ ਮਾਲ ਦੇ ਨੇੜੇ ਹੀ ਬਹੁਤ ਵਿਸ਼ਾਲ ਭਵਨ ਹੈ। ਇੱਥੋਂ ਹਰ ਰੋਜ਼ 70 ਭਾਸ਼ਾਵਾਂ ਵਿੱਚ ਪ੍ਰੋਗਰਾਮ ਬ੍ਰਾਡਕਾਸਟ ਕੀਤੇ ਜਾਂਦੇ ਹਨ, ਜਿਹੜੇ ਲਗਭਗ ਹਰ ਦੇਸ਼ ਵਿੱਚ ਸੁਣੇ ਜਾ ਸਕਦੇ ਹਨ।
ਆਖ਼ਰ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਰਾਜਧਾਨੀ ਅਤੇ ਸੈਨੇਟ ਦੀ ਕਾਰਵਾਈ ਦੇਖਣ ਦੀ ਤਮੰਨਾ ਪੂਰੀ ਹੋ ਹੀ ਗਈ।