ਅਮਰੀਕਾ ਤੋਂ ਲੰਡੀ ਵਾਸੀ ਨੌਜਵਾਨ ਦੀ ਲਾਸ਼ ਪੁੱਜੀ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ/ਸ਼ਾਹਾਬਾਦ, 11 ਮਾਰਚ
ਅਮਰੀਕਾ ਗਏ ਸ਼ਾਹਬਾਦ ਦੇ ਪਿੰਡ ਲੰਡੀ ਵਾਸੀ ਨੌਜਵਾਨ ਨੇ 25 ਫਰਵਰੀ ਨੂੰ ਅਮਰੀਕਾ ਵਿੱਚ ਖੁਦਕੁਸ਼ੀ ਕਰ ਲਈ ਸੀ। ਲੱਖਾਂ ਰੁਪਏ ਖਰਚ ਕਰਨ ਮਗਰੋਂ ਅੱਜ ਲਾਸ਼ ਇੱਥੇ ਪਹੁੰਚ ਗਈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਲੰਡੀ ਦੇ ਰਹਿਣ ਵਾਲੇ ਬਲਜੀਤ ਸਿੰਘ (32) ਨੇ ਏਜੰਟ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਡੰਕੀ ਦੌਰਾਨ ਆਈਆਂ ਪ੍ਰੇਸ਼ਾਨੀਆਂ ਕਾਰਨ ਖੁਦਕੁਸ਼ੀ ਕੀਤੀ ਹੈ। ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਵਿੱਚ ਮ੍ਰਿਤਕ ਦੀ ਪਤਨੀ ਨੇ ਪੁਲੀਸ ਸਟੇਸ਼ਨ ਇੰਚਾਰਜ ਨੂੰ ਚਿਤਾਵਨੀ ਦਿੱਤੀ ਕਿ ਉਹ ਏਜੰਟ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਆਪਣੇ ਪਤੀ ਦਾ ਅੰਤਿਮ ਸੰਸਕਾਰ ਨਹੀਂ ਕਰਨ ਦੇਵੇਗੀ। ਮਗਰੋਂ ਡੀਐੱਸਪੀ ਰਾਮ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਐੱਸਪੀ ਨੇ ਪਰਿਵਾਰ ਨੂੰ ਫ਼ੋਨ ’ਤੇ ਭਰੋਸਾ ਦਿੱਤਾ। ਇਸ ਮਗਰੋਂ ਪੀੜਤ ਪਰਿਵਾਰ ਨੇ ਪਿੰਡ ਲੰਡੀ ਵਿੱਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ। ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਅੰਬਾਲਾ ਵਿੱਚ ਸਰਕਾਰੀ ਨੌਕਰੀ ਕਰਦੀ ਹੈ ਅਤੇ ਲਗਪਗ 2 ਸਾਲ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਅੰਬਾਲਾ ਆ ਗਈ ਸੀ। ਉਸ ਦਾ ਪਤੀ ਲੰਡੀ ਪਿੰਡ ਵਿੱਚ ਖੇਤੀ ਕਰਦਾ ਸੀ ਅਤੇ ਕਾਰਾਂ ਖਰੀਦਣ- ਵੇਚਣ ਦਾ ਕੰਮ ਕਰਦਾ ਸੀ। ਏਜੰਟ ਮਨੋਜ ਕੁਮਾਰ ਉਰਫ਼ ਮੌਜੀ ਨੇ ਬਲਜੀਤ ਦਾ ਦੋਸਤ ਬਣ ਕੇ ਉਸ ਨੂੰ 42 ਲੱਖ ਰੁਪਏ ਵਿੱਚ ਅਮਰੀਕਾ ਇੱਕ ਨੰਬਰ ਵਿੱਚ ਭੇਜਣ ਦਾ ਭਰੋਸਾ ਦਿੱਤਾ। ਮਗਰੋਂ ਉਸ ਨੇ ਡੰਕੀ ਰਾਹੀਂ ਉਸ ਦੇ ਪਤੀ ਨੂੰ ਅਮਰੀਕਾ ਭੇਜਿਆ। ਏਜੰਟ ਨੇ 42 ਲੱਖ ਥਾਂ 45 ਲੱਖ ਰੁਪਏ ਲੈ ਲਏ ਅਤੇ 6 ਲੱਖ ਰੁਪਏ ਹੋਰ ਮੰਗੇ। ਪੀੜਤ ਪਰਿਵਾਰ ਮੁਲਜ਼ਮ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਪੁਲੀਸ ਤੋਂ ਨਾਰਾਜ਼ ਸੀ। ਉਨ੍ਹਾਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।