ਅਮਰੀਕਾ ਤੋਂ ਕੱਢੇ 200 ਭਾਰਤੀ ਅੱਜ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨਗੇ
ਅਜੈ ਬੈਨਰਜੀ/ ਜਗਤਾਰ ਸਿੰਘ ਲਾਂਬਾ
ਨਵੀਂ ਦਿੱਲੀ/ ਅੰਮ੍ਰਿਤਸਰ, 4 ਫਰਵਰੀ
ਅਮਰੀਕਾ ਵਿੱਚ ਨਵੀਂ ਬਣੀ ਡੋਨਲਡ ਟਰੰਪ ਦੀ ਸਰਕਾਰ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਲਗਪਗ 200 ਤੋਂ ਵੱਧ ਭਾਰਤੀਆਂ ਨੂੰ ਵੀ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਇਨ੍ਹਾਂ ਭਾਰਤੀਆਂ ਨੂੰ ਲੈ ਕੇ ਹਵਾਈ ਜਹਾਜ਼ ਪੰਜ ਫਰਵਰੀ ਨੂੰ ਸਵੇਰੇ ਇੱਥੇ ਰਾਜਾ ਸਾਂਸੀ ਹਵਾਈ ਅੱਡੇ ’ਤੇ ਪੁੱਜੇਗਾ। ਇਸ ਸਬੰਧ ਵਿੱਚ ਅੱਜ ਇਮੀਗ੍ਰੇਸ਼ਨ ਵਿਭਾਗ, ਖੁਫੀਆ ਏਜੰਸੀਆਂ, ਹਵਾਈ ਅੱਡਾ ਪ੍ਰਬੰਧਕਾਂ ਅਤੇ ਹੋਰਨਾਂ ਦੀ ਪ੍ਰਬੰਧਾਂ ਸਬੰਧੀ ਮੀਟਿੰਗ ਵੀ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਫੌਜ ਦਾ ਜਹਾਜ਼ ਸੀ-17 ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 200 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਰਵਾਨਾ ਹੋਇਆ ਹੈ, ਜੋ 5 ਫਰਵਰੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇਗਾ। ਇਸ ਹਵਾਈ ਜਹਾਜ਼ ਦੇ ਬਾਅਦ ਦੁਪਹਿਰ ਲਗਪਗ 1 ਵਜੇ ਇੱਥੇ ਪਹੁੰਚਣ ਦੀ ਸੰਭਾਵਨਾ ਹੈ, ਜਦਕਿ ਪਹਿਲਾਂ ਇਹ ਜਹਾਜ਼ ਸਵੇਰੇ 9 ਵਜੇ ਪੁੱਜਣ ਬਾਰੇ ਦੱਸਿਆ ਜਾ ਰਿਹਾ ਸੀ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਪਰਤਣ ਵਾਲੇ ਭਾਰਤੀਆਂ ਦੇ ਦਸਤਾਵੇਜ਼ਾਂ ਦੀ ਘੋਖ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਕਾਰਵਾਈ ਲਈ ਪੁਲੀਸ ਹਵਾਲੇ ਕਰ ਦਿੱਤਾ ਜਾਵੇਗਾ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਭੇਜੇਗੀ। ਰਸਤੇ ਵਿੱਚ ਇਹ ਹਵਾਈ ਜਹਾਜ਼ ਜਰਮਨੀ ’ਚ ਰੈਮਸਟਿਨ ’ਤੇ ਤੇਲ ਭਰਵਾਉਣ ਲਈ ਰੁਕੇਗਾ। ਪੁਲੀਸ ਦੇ ਉੱਚ ਅਧਿਕਾਰੀ ਮੁਤਾਬਕ ਹਵਾਈ ਜਹਾਜ਼ ਦੁਪਹਿਰ ਸਮੇਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇਗਾ।
ਪਰਵਾਸੀਆਂ ਦੇ ਮੁੱਦੇ ਨੂੰ ਕੇਂਦਰ ਗੰਭੀਰਤਾ ਨਾਲ ਲਵੇ: ਧਾਲੀਵਾਲ
ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰਨ ਦੇ ਮੁੱਦੇ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜਿਨ੍ਹਾਂ ਕੋਲ ਪਰਵਾਸੀ ਭਾਰਤੀ ਮਾਮਲੇ ਮੰਤਰਾਲੇ ਦੀ ਜਿੰਮੇਵਾਰੀ ਹੈ, ਨੇ ਕਿਹਾ ਕਿ ਅਜਿਹਾ ਕੀਤਾ ਜਾਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਕੇਂਦਰ ਸਰਕਾਰ ਨੂੰ ਲੈਣਾ ਚਾਹੀਦਾ ਹੈ। ਉਹ ਅਗਲੇ ਹਫਤੇ ਇਸ ਮੁੱਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਉੱਥੇ ਰਹਿ ਰਹੇ ਪਰਵਾਸੀ ਪੰਜਾਬੀਆਂ ਦੇ ਹਿੱਤਾਂ ਅਤੇ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ।
18 ਹਜ਼ਾਰ ਗ਼ੈਰਕਾਨੂੰਨੀ ਪਰਵਾਸੀਆਂ ਦੀ ਸੂਚੀ ਸਾਂਝੀ ਕੀਤੀ
ਨਵੀਂ ਦਿੱਲੀ ਵਿੱਚ ਅਮਰੀਕੀ ਅੰਬੈਸੀ ਦੇ ਬੁਲਾਰੇ ਨੇ ਕਿਹਾ, ‘‘ਯੂਨਾਈਟਿਡ ਸਟੇਟਸ ਆਪਣੀਆਂ ਸਰਹੱਦਾਂ ’ਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰ ਰਿਹਾ ਹੈ ਅਤੇ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।’’ ਅਮਰੀਕਾ ਨੇ ਨਵੰਬਰ 2024 ਵਿੱਚ 18,000 ਗੈਰਕਾਨੂੰਨੀ ਪਰਵਾਸੀਆਂ ਦੀ ਸੂਚੀ ਸਾਂਝੀ ਕੀਤੀ ਸੀ, ਜਿਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਲੋੜ ਸੀ। ਉਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਗੈਰਕਾਨੂੰਨੀ ਪਰਵਾਸ ਦੀ ਵਕਾਲਤ ਨਹੀਂ ਕਰਦਾ ਹੈ।
ਪੁਲੀਸ ਨੇ ਲੋੜੀਂਦੇ ਅਪਰਾਧੀਆਂ ਦੀ ਹਵਾਲਗੀ ਲਈ ਤਿਆਰੀ ਕੱਸੀ
ਚੰਡੀਗੜ੍ਹ (ਜੁਪਿੰਦਰਜੀਤ ਸਿੰਘ): ਪੰਜਾਬ ਪੁਲੀਸ ਨੇ ਅਪਰਾਧਿਕ ਪਿਛੋਕੜ ਵਾਲੇ ਕਰੀਬ 100 ਲੋੜੀਂਦੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਵਿੱਚੋਂ 20 ਜਣਿਆਂ ਦੇ ਅਮਰੀਕਾ ਵਿਚ ਲੁਕੇ ਹੋਣ ਦਾ ਖ਼ਦਸ਼ਾ ਹੈ। ਪੰਜਾਬ ਪੁਲੀਸ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਭਾਰਤ ਲਈ ਰਵਾਨਾ ਹੋ ਚੁੱਕਾ ਹੈ। ਪੰਜਾਬ ਪੁਲੀਸ ਕੋਲ ਹਾਲਾਂਕਿ ਵਾਪਸ ਭਾਰਤ ਭੇਜੇ ਗਏ ਗ਼ੈਰਕਾਨੂੰਨੀ ਪਰਵਾਸੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲੀਸ ਪਰਵਾਸੀਆਂ ਦੀ ਪਛਾਣ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਦੇ ਸਬੰਧ ਵਿੱਚ ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ਦੇ ਨਾਲ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਸੰਪਰਕ ਵਿੱਚ ਹੈ।