ਅਮਰੀਕਾ ’ਚ ਭਾਰਤੀ ਨਾਗਰਿਕ ਨਾਲ ਦੁਰਵਿਹਾਰ, ਟਰੰਪ ਨਾਲ ਗੱਲ ਕਰਨ ਮੋਦੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਮਰੀਕਾ ’ਚ ਇੱਕ ਭਾਰਤੀ ਨਾਗਰਿਕ ਨਾਲ ਕਥਿਤ ਅਣਮਨੁੱਖੀ ਵਿਹਾਰ ਕੀਤੇ ਜਾਣ ਦੇ ਮਾਮਲੇ ’ਚ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਕਰਕੇ ਭਾਰਤੀ ਨਾਗਰਿਕਾਂ ਨਾਲ ਹੋ ਰਹੇ ਦੁਰਵਿਹਾਰ ਮਾਮਲੇ ’ਚ ਦਖਲ ਦੇਣ ਲਈ ਕਹਿਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦੋਸ਼ ਵੀ ਲਾਇਆ ਕਿ ਮੋਦੀ ਸਰਕਾਰ ਭਾਰਤ ਤੇ ਭਾਰਤੀਆਂ ਦੇ ਸਨਮਾਨ ਦੀ ਰਾਖੀ ਕਰਨ ’ਚ ਲਗਾਤਾਰ ਨਾਕਾਮ ਰਹੀ ਹੈ। ਸੋਸ਼ਲ ਮੀਡੀਆ ਮੰਚਾਂ ’ਤੇ ਵਾਇਰਲ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਅਮਰੀਕੀ ਪੁਲੀਸ ਭਾਰਤੀ ਵਿਅਕਤੀ ਨੂੰ ਜ਼ਮੀਨ ’ਤੇ ਸੁੱਟ ਕੇ ਹੱਥਕੜੀ ਲਗਾ ਰਹੀ ਹੈ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਨਿਊਯਾਰਕ ’ਚ ਭਾਰਤੀ ਕੌਂਸੁਲੇਟ ਜਨਰਲ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਰਮੇਸ਼ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਮੋਦੀ ਸਰਕਾਰ ਭਾਰਤ ਤੇ ਭਾਰਤੀਆਂ ਦੇ ਸਨਮਾਨ ਦੀ ਸੁਰੱਖਿਆ ’ਚ ਲਗਾਤਾਰ ਨਾਕਾਮ ਰਹੀ ਹੈ। ਇਤਿਹਾਸ ’ਚ ਪਹਿਲੀ ਵਾਰ ਕਿਸੇ ਵਿਦੇਸ਼ੀ ਮੁਲਕ ਦੇ ਮੁਖੀ ਨੇ ਭਾਰਤ ਦੀ ਗ਼ੈਰ-ਮੌਜੂਦਗੀ ’ਚ ਭਾਰਤ-ਪਾਕਿ ਵਿਚਾਲੇ ਗੋਲੀਬੰਦੀ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ’ਤੇ ਦਬਾਅ ਬਣਾ ਕੇ ਗੋਲੀਬੰਦੀ ਕਰਾਉਣ ਦਾ ਲਗਾਤਾਰ ਦਾਅਵਾ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਬੋਲਣ ਦਾ ਹੌਸਲਾ ਨਹੀਂ ਕਰ ਸਕੇ ਹਨ। ਨਾ ਹੀ ਗੋਲੀਬੰਦੀ ਬਾਰੇ ਤੇ ਨਾ ਹੀ ਅਮਰੀਕਾ ’ਚ ਭਾਰਤੀਆਂ ’ਤੇ ਹੋ ਰਹੇ ਤਸ਼ੱਦਦ ਬਾਰੇ।’ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਭਾਰਤ ਤੇ ਭਾਰਤੀਆਂ ਦੇ ਮਾਣ-ਸਨਮਾਨ ਦੀ ਰਾਖੀ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। -ਪੀਟੀਆਈ