For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਟਰੰਪ ਅਤੇ ਮਸਕ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

04:37 AM Apr 07, 2025 IST
ਅਮਰੀਕਾ ’ਚ ਟਰੰਪ ਅਤੇ ਮਸਕ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
ਲਾਸ ਏਂਜਲਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰ ਐਲਨ ਮਸਕ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 6 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਨਾਰਾਜ਼ ਲੋਕਾਂ ਨੇ ਮੁਲਕ ਦੇ ਸਾਰੇ 50 ਸੂਬਿਆਂ ’ਚ 1200 ਤੋਂ ਵੱਧ ਥਾਵਾਂ ’ਤੇ ਸ਼ਨਿਚਰਵਾਰ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਾਂ ਨੂੰ ‘ਹੈਂਡਜ਼ ਆਫ਼’ ਨਾਮ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ ਟਰੰਪ ਲੋਕਾਂ ਦੇ ਨਿੱਜੀ ਮਾਮਲਿਆਂ ’ਚ ਦਖ਼ਲ ਦੇਣਾ ਬੰਦ ਕਰਨ। ਦੇਸ਼ ਭਰ ’ਚ ਵਕੀਲਾਂ, ਨਾਗਰਿਕ ਅਧਿਕਾਰ ਜਥੇਬੰਦੀਆਂ, ਐੱਲਜੀਬੀਟੀ ਸਮਰਥਕਾਂ, ਮਨੁੱਖੀ ਹੱਕਾਂ ਦੇ ਕਾਰਕੁਨਾਂ ਸਮੇਤ 150 ਤੋਂ ਵੱਧ ਗਰੁੱਪਾਂ ਨੇ ਰੈਲੀਆਂ ਕੀਤੀਆਂ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੜਕਾਂ ’ਤੇ ਟਰੰਪ ਅਤੇ ਉੱਘੇ ਕਾਰੋਬਾਰੀ ਐਲਨ ਮਸਕ ਖ਼ਿਲਾਫ਼ ਪੋਸਟਰ ਲਹਿਰਾਉਂਦੇ ਦਿਖੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ, ਦੇਸ਼ ਨਿਕਾਲੇ, ਅਰਥਚਾਰੇ ਅਤੇ ਹੋਰ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਾਂ ਬਾਰੇ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਰਾਸ਼ਟਰਪਤੀ ਟਰੰਪ ਦਾ ਸਟੈਂਡ ਸਪੱਸ਼ਟ ਹੈ। ਉਹ ਸਮਾਜਿਕ ਸੁਰੱਖਿਆ, ਮੈਡੀਕੇਅਰ ਅਤੇ ਮੈਡਿਕਏਡ ਦੇ ਯੋਗ ਲਾਭਪਾਤਰੀਆਂ ਦੀ ਹਮੇਸ਼ਾ ਰਾਖੀ ਕਰਨਗੇ। ਉਂਝ ਡੈਮੋਕਰੈਟਸ ਦਾ ਰਵੱਈਆ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਸਮਾਜਿਕ ਸੁਰੱਖਿਆ, ਮੈਡਿਕਏਡ ਅਤੇ ਮੈਡੀਕੇਅਰ ਲਾਭ ਦੇਣਾ ਹੈ ਜਿਸ ਨਾਲ ਪ੍ਰੋਗਰਾਮਾਂ ਦਾ ਦੀਵਾਲੀਆ ਨਿਕਲ ਜਾਵੇਗਾ ਅਤੇ ਅਮਰੀਕੀ ਸੀਨੀਅਰ ਨਾਗਰਿਕ ਬਰਬਾਦ ਹੋ ਜਾਣਗੇ।’’ ਮਿੱਡਟਾਊਨ ਮੈਨਹਟਨ ਤੋਂ ਅਲਾਸਕਾ ਤੱਕ ਦੇਸ਼ ਭਰ ਦੇ ਸ਼ਹਿਰਾਂ ’ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਵੈਸਟ ਕੋਸਟ ’ਤੇ ਸਿਆਟਲ ’ਚ ਪ੍ਰਦਰਸ਼ਨਕਾਰੀਆਂ ਨੇ ‘ਕੁਲੀਨ ਤੰਤਰ ਨਾਲ ਸੰਘਰਸ਼ ਕਰੋ’ ਜਿਹੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ। ਪੋਰਟਲੈਂਡ, ਓਰੇਗਨ ਅਤੇ ਲਾਸ ਏਂਜਲਸ ’ਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਰਸ਼ਿੰਗ ਸਕੁਏਅਰ ਤੋਂ ਸਿਟੀ ਹਾਲ ਤੱਕ ਮਾਰਚ ਕੀਤਾ। ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ’ਚ ਰੈਲੀ ਦੌਰਾਨ ਮਨੁੱਖੀ ਹੱਕਾਂ ਨਾਲ ਸਬੰਧਤ ਜਥੇਬੰਦੀ ਦੇ ਪ੍ਰਧਾਨ ਕੈਲੀ ਰੌਬਿਨਸਨ ਨੇ ਐੱਲਬੀਜੀਟੀਕਿਊ ਭਾਈਚਾਰੇ ਨਾਲ ਪ੍ਰਸ਼ਾਸਨ ਵੱਲੋਂ ਅਪਣਾਏ ਵਤੀਰੇ ਦੀ ਆਲੋਚਨਾ ਕੀਤੀ। ਬੋਸਟਨ ’ਚ ਪ੍ਰਦਰਸ਼ਨ ਦੌਰਾਨ ਮੇਅਰ ਮਿਸ਼ੇਲ ਵੂ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੇ ਬੱਚੇ ਅਤੇ ਹੋਰ ਲੋਕ ਡਰ ਤੇ ਨਫ਼ਰਤ ਦੇ ਮਾਹੌਲ ’ਚ ਜਿਊਣ ਅਤੇ ਜਿਥੇ ਉਨ੍ਹਾਂ ਦੇ ਹੱਕਾਂ ’ਤੇ ਹਮਲੇ ਹੋਣ।
ਡੈਲਾਵੇਅਰ ਕਾਊਂਟੀ ਦੇ ਰੋਜਰ ਬਰੂਮ (66) ਨੇ ਕਿਹਾ ਕਿ ਉਹ ਪਹਿਲਾਂ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਸੀ ਪਰ ਟਰੰਪ ਦੀਆਂ ਨੀਤੀਆਂ ਕਾਰਨ ਉਹ ਪਾਰਟੀ ਖ਼ਿਲਾਫ਼ ਡਟ ਗਿਆ ਹੈ। ਸੈਂਕੜੇ ਲੋਕਾਂ ਨੇ ਫਲੋਰਿਡਾ ’ਚ ਟਰੰਪ ਦੇ ਗੋਲਫ ਕੋਰਸ ਤੋਂ ਕੁਝ ਦੂਰੀ ’ਤੇ ਪਾਮ ਬੀਚ ਗਾਰਡਨਜ਼ ’ਚ ਪ੍ਰਦਰਸ਼ਨ ਕੀਤੇ। ਲੋਕਾਂ ਨੇ ਆਪਣੀਆਂ ਕਾਰਾਂ ਦੇ ਹੌਰਨ ਵਜਾਏ ਅਤੇ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੋਰਟ ਸੇਂਟ ਲੂਈ (ਫਲੋਰਿਡਾ) ਦੇ ਆਰਚਰ ਮੋਰਾਨ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਰਗੀਆਂ ਨੀਤੀਆਂ ਤੋਂ ਸਰਕਾਰ ਨੂੰ ਲਾਂਭੇ ਰਹਿਣ ਦੀ ਲੋੜ ਹੈ। -ਏਪੀ

Advertisement

ਟਰੰਪ ਤੇ ਨੇਤਨਯਾਹੂ ਵਿਚਾਲੇ ਮੁਲਾਕਾਤ ਅੱਜ
ਪਾਮ ਬੀਚ ਗਾਰਡਨ (ਫਲੋਰਿਡਾ): ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 7 ਅਪਰੈਲ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ। ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਵ੍ਹਾਈਟ ਹਾਊਸ ’ਚ ਇਹ ਉਨ੍ਹਾਂ ਦੀ ਦੂਜੀ ਮੀਟਿੰਗ ਹੋਵੇਗੀ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਤੇ ਨੇਤਨਯਾਹੂ ਦੇ ਦਫ਼ਤਰ ਨੇ ਬੀਤੇ ਦਿਨ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ। ਦੋਵਾਂ ਆਗੂਆਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਜ਼ਰਾਈਲ ਹਮਾਸ ਦੇ ਕੱਟੜਪੰਥੀਆਂ ’ਤੇ ਦਬਾਅ ਬਣਾਉਣ ਲਈ ਗਾਜ਼ਾ ਪੱਟੀ ’ਚ ਇੱਕ ਨਵੇਂ ਸੁਰੱਖਿਆ ਗਲਿਆਰੇ ’ਚ ਸੈਨਾ ਤਾਇਨਾਤ ਕਰ ਰਿਹਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਖੇਤਰ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰੇਗਾ ਅਤੇ ਉਸ ਨੂੰ ਆਪਣੇ ਸੁਰੱਖਿਆ ਜ਼ੋਨ ’ਚ ਸ਼ਾਮਲ ਕਰੇਗਾ। ਪਿਛਲੇ ਮਹੀਨੇ ਇਜ਼ਰਾਈਲ ਨੇ ਜੰਗਬੰਦੀ ਤੋੜਦਿਆਂ ਗਾਜ਼ਾ ’ਤੇ ਅਚਾਨਕ ਗੋਲਾਬਾਰੀ ਕਰ ਦਿੱਤੀ ਸੀ ਤੇ ਵ੍ਹਾਈਟ ਹਾਊਸ ਨੇ ਉਸ ਦੇ ਇਸ ਕਦਮ ਦੀ ਹਮਾਇਤ ਕੀਤੀ ਸੀ। ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਨੇਤਨਯਾਹੂ ਤੇ ਟਰੰਪ ‘ਟੈਕਸ ਦੇ ਮੁੱਦੇ, ਸਾਡੇ ਬੰਦੀਆਂ ਨੂੰ ਵਾਪਸ ਕਰਨ ਦੀਆਂ ਕੋਸ਼ਿਸ਼ਾਂ, ਇਜ਼ਰਾਈਲ-ਤੁਰਕੀ ਸਬੰਧਾਂ, ਇਰਾਨ ਤੋਂ ਖਤਰੇ’ ਜਿਹੇ ਮੁੱਦਿਆਂ ’ਤੇ ਵੀ ਚਰਚਾ ਕਰਨਗੇ। ਇਸ ਦੌਰਾਨ ਇਜ਼ਰਾਇਲੀ ਫ਼ੌਜੀ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਗਏ ਹਮਲਿਆਂ ਵਿੱਚ 32 ਵਿਅਕਤੀ ਮਾਰੇ ਗਏ। ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। -ਏਪੀ

Advertisement
Advertisement

Advertisement
Author Image

Gurpreet Singh

View all posts

Advertisement