ਅਮਰੀਕਾ ’ਚੋਂ ਡਿਪੋਰਟ ਭਾਰਤੀਆਂ ’ਚ ਦੋ ਨੌਜਵਾਨ ਇਸਮਾਇਲਾਬਾਦ ਦੇ
ਸਤਪਾਲ ਰਾਮਗੜ੍ਹੀਆ
ਪਿਹੋਵਾ, 6 ਫਰਵਰੀ
ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਨਾਲ ਸਬੰਧਤ ਰੌਬਿਨ ਅਤੇ ਖੁਸ਼ਪ੍ਰੀਤ ਵੀ ਸ਼ਾਮਲ ਹਨ। ਇਸਮਾਇਲਾਬਾਦ ਦੇ ਰਹਿਣ ਵਾਲੇ ਰੌਬਿਨ ਦੇ ਪਰਿਵਾਰ ਨੇ ਪੁੱਤਰ ਦੇ ਉੱਜਵਲ ਭਵਿੱਖ ਦਾ ਸੁਪਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਸੁਧਾਰੇਗਾ। ਰੌਬਿਨ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਸ ਨੇ ਕਰਜ਼ਾ ਲਿਆ ਅਤੇ ਪਿਛਲੇ 6 ਮਹੀਨਿਆਂ ਤੋਂ ਕਈ ਵਾਰ ਪੈਦਲ ਅਤੇ ਕਈ ਵਾਰ ਸਮੁੰਦਰ ਰਾਹੀਂ ਯਾਤਰਾ ਕੀਤੀ, ਕਈ ਦਿਨ ਭੁੱਖਾ ਵੀ ਰਿਹਾ। ਪੀੜਤਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿ ਉਹ ਕੋਈ ਕੇਸ ਦਾਇਰ ਕਰ ਸਕਦੇ ਜਾਂ ਅਮਰੀਕਾ ਵਿੱਚ ਕੰਮ ਲੱਭ ਸਕਦੇ, ਨਵੀਂ ਬਣੀ ਟਰੰਪ ਸਰਕਾਰ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ। ਰੌਬਿਨ ਨੇ ਦੱਸਿਆ ਕਿ ਉਹ 24 ਜੁਲਾਈ ਨੂੰ ਅਮਰੀਕਾ ਜਾਣ ਲਈ ਆਪਣਾ ਘਰ ਛੱਡ ਕੇ ਗਿਆ ਸੀ। ਏਜੰਟ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇੱਕ ਮਹੀਨੇ ਵਿੱਚ ਅਮਰੀਕਾ ਪਹੁੰਚ ਜਾਵੇਗਾ ਪਰ ਏਜੰਟ ਨੇ ਉਨ੍ਹਾਂ ਨੂੰ ਗੁਆਨਾ, ਬ੍ਰਾਜ਼ੀਲ, ਪੇਰੂ, ਕੋਲੰਬੀਆ, ਇਕੂਆਡੋਰ ਅਤੇ ਗੁਆਟੇਮਾਲਾ ਦੇ ਟਾਪੂਆਂ ਅਤੇ ਜੰਗਲਾਂ ਵਿੱਚੋਂ ਅਮਰੀਕਾ ਦੇ ਬਾਰਡਰ ’ਤੇ ਪਹੁੰਚਾਇਆ, ਜਿੱਥੇ ਉਸ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਗਈ। ਉਸ ਦਾ ਮੋਬਾਈਲ ਫੋਨ ਅਤੇ ਉਹ ਡਾਲਰ ਜੋ ਉਹ ਆਪਣੇ ਨਾਲ ਲੈ ਗਿਆ ਸੀ, ਖੋਹ ਲਏ ਗਏ। ਉਨ੍ਹਾਂ ਨੂੰ ਭੁੱਖਾ-ਪਿਆਸਾ ਰੱਖ ਕੇ, ਏਜੰਟ ਦੇ ਲੋਕ ਉਨ੍ਹਾਂ ਨੂੰ ਜੰਗਲਾਂ ਵਿੱਚ ਛੱਡਣ ਦੀ ਧਮਕੀ ਦੇ ਕੇ ਉਨ੍ਹਾਂ ਦੇ ਘਰੋਂ ਪੈਸੇ ਮੰਗਵਾਉਂਦੇ ਰਹੇ।
ਰੌਬਿਨ ਨੇ ਕਿਹਾ ਕਿ ਏਜੰਟ ਨੇ 45 ਲੱਖ ਰੁਪਏ ਉਸ ਨੂੰ ਅਮਰੀਕਾ ਤਾਂ ਭੇਜ ਦਿੱਤਾ, ਪਰ ਜਦੋਂ ਉਸ ਨੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਜਦੋਂ ਰੌਬਿਨ ਦੇ ਪਿਤਾ ਮਨਜੀਤ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦਾ ਨਾਮ ਡਿਪੋਰਟ ਹੋਣ ਵਾਲੇ ਲੋਕਾਂ ਦੀ ਸੂਚੀ ਵਿੱਚ ਹੈ। ਉਨ੍ਹਾਂ ਨੂੰ ਬਹੁਤ ਵੱਡਾ ਝਟਕਾ ਲੱਗਾ। ਉਨ੍ਹਾਂ ਨੇ ਦੱਸਿਆ ਕਿ ਵੱਡਾ ਪੁੱਤਰ ਕੁਝ ਸਮਾਂ ਪਹਿਲਾਂ ਆਸਟਰੇਲੀਆ ਗਿਆ ਸੀ। ਛੋਟਾ ਪੁੱਤਰ ਰੌਬਿਨ ਵਿਦੇਸ਼ ਜਾਣਾ ਚਾਹੁੰਦਾ ਸੀ। ਇੱਥੇ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।
ਰੌਬਿਨ ਨੂੰ ਵਿਦੇਸ਼ ਭੇਜਣ ਲਈ, ਉਸ ਨੇ ਸ਼ਹਿਰ ਦੇ ਵਿਚਕਾਰ ਸਥਿਤ ਇੱਕ ਏਕੜ ਜ਼ਮੀਨ ਵੀ ਵੇਚ ਦਿੱਤੀ, ਕਿਉਂਕਿ ਪੁੱਤਰ ਨੂੰ ਭੇਜਣ ਲਈ 45 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਚੰਮੂਕਲਾਂ ਦੇ 18 ਸਾਲਾ ਖੁਸ਼ਪ੍ਰੀਤ ਸਿੰਘ ਦੀ ਵੀ ਇਹੀ ਕਹਾਣੀ ਹੈ।
ਉਸ ਨੂੰ ਵੀ ਲਗਭਗ 5 ਮਹੀਨੇ ਪਹਿਲਾਂ ਉਸ ਦੇ ਪਰਿਵਾਰ ਨੇ ਏਜੰਟਾਂ ਰਾਹੀਂ ਲਗਭਗ 40 ਲੱਖ ਰੁਪਏ ਖਰਚ ਕਰਕੇ ਅਮਰੀਕਾ ਭੇਜਿਆ ਸੀ। ਖੁਸ਼ਪ੍ਰੀਤ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਲਿਆ ਸੀ। ਏਜੰਟ ਨੇ ਉਸ ਨੂੰ ਇਕ ਨੰਬਰ ਵਿੱਚ ਭੇਜਣ ਦੀ ਬਜਾਏ, ਉਸ ਦੇ ਪੁੱਤਰ ਨੂੰ ਡੰਕੀ ਵਿੱਚ ਫਸਾ ਦਿੱਤਾ।