ਅਮਰੀਕਾ ’ਚੋਂ ਕੱਢੇ 33 ਗੁਜਰਾਤੀਆਂ ਨੂੰ ਲੈ ਕੇ ਜਹਾਜ਼ ਅਹਿਮਦਾਬਾਦ ਪੁੱਜਿਆ
ਅਹਿਮਦਾਬਾਦ, 6 ਫਰਵਰੀ
ਗੁਜਰਾਤ ਦੇ 33 ਲੋਕਾਂ ਨੂੰ ਲੈ ਕੇ ਇਕ ਜਹਾਜ਼ ਅੱਜ ਸਵੇਰੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਿਆ। ਗੁਜਰਾਤ ਦੇ ਇਹ ਲੋਕ ਉਨ੍ਹਾਂ 104 ਭਾਰਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਦੋਸ਼ ਹੇਠ ਅਮਰੀਕਾ ਤੋਂ ਕੱਢ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸਹਾਇਕ ਪੁਲੀਸ ਕਮਿਸ਼ਨਰ ‘ਜੀ’ ਡਿਵੀਜ਼ਨ ਆਰਡੀ ਓਝਾ ਨੇ ਦੱਸਿਆ ਕਿ ਦੇਸ਼ ਪਰਤਣ ਤੋਂ ਤੁਰੰਤ ਬਾਅਦ ਇਨ੍ਹਾਂ 33 ਪਰਵਾਸੀਆਂ ਨੂੰ ਪੁਲੀਸ ਦੇ ਵਾਹਨਾਂ ਵਿੱਚ ਗੁਜਰਾਤ ’ਚ ਉਨ੍ਹਾਂ ਦੀਆਂ ਜੱਦੀ ਥਾਵਾਂ ’ਤੇ ਪਹੁੰਚਾਇਆ ਗਿਆ। ਇਨ੍ਹਾਂ ਵਿੱਚ ਕੁਝ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ।
ਓਝਾ ਨੇ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਬੱਚਿਆਂ ਤੇ ਔਰਤਾਂ ਸਣੇ 33 ਗੁਜਰਾਤੀ ਪਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਸਵੇਰੇ ਅੰਮ੍ਰਿਤਸਰ ਤੋਂ ਇੱਥੇ ਹਵਾਈ ਅੱਡੇ ’ਤੇ ਉਤਰਿਆ। ਉਹ ਉਨ੍ਹਾਂ ਲੋਕਾਂ ’ਚੋਂ ਸਨ ਜਿਨ੍ਹਾਂ ਨੂੰ ਅਮਰੀਕਾ ਤੋਂ ਕੱਢਿਆ ਗਿਆ ਸੀ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਸਬੰਧਤ ਥਾਵਾਂ ’ਤੇ ਲਿਜਾਣ ਲਈ ਹਵਾਈ ਅੱਡੇ ’ਤੇ ਪੁਲੀਸ ਦੇ ਵਾਹਨ ਤਾਇਨਾਤ ਕੀਤੇ ਹੋਏ ਸਨ।’’ ਜਦੋਂ ਮੀਡੀਆ ਕਰਮੀਆਂ ਨੇ ਇਨ੍ਹਾਂ ਪਰਵਾਸੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਦੇ ਵਾਹਨਾਂ ਵਿੱਚ ਬੈਠ ਕੇ ਆਪੋ-ਆਪਣੀਆਂ ਜੱਦੀ ਥਾਵਾਂ ਵੱਲ ਰਵਾਨਾ ਹੋ ਗਏ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਮਹਿਸਾਨਾ, ਗਾਂਧੀਨਗਰ, ਪਾਟਨ, ਵਡੋਦਰਾ ਅਤੇ ਖੇੜਾ ਜ਼ਿਲ੍ਹਿਆਂ ਤੋਂ ਹਨ। ਗੁਜਰਾਤ ਦੇ 33 ਸਣੇ 104 ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਇਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਉਤਰਿਆ ਸੀ। ਗੁਜਰਾਤ ਦੇ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ੀ ਧਰਤੀ ’ਤੇ ਕਿਵੇਂ ਪੁੱਜੇ।
ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਅਮਰੀਕਾ ’ਚੋਂ ਕੱਢੇ ਗਏ ਗੁਜਰਾਤੀਆਂ ਪ੍ਰਤੀ ਹਮਦਰਤੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਹ ਨੌਕਰੀ ਜਾਂ ਕਰੀਅਰ ਦੀ ਭਾਲ ਵਿੱਚ ਵਿਦੇਸ਼ ਗਏ ਸਨ ਅਤੇ ਉਨ੍ਹਾਂ ਨੂੰ ਅਪਰਾਧੀ ਵਜੋਂ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸੀਆਈਡੀ-ਅਪਰਾਧ ਦੀ ਡੀਆਈਜੀ ਪਰਿਕਸ਼ਿਤਾ ਰਾਠੌੜ ਨੇ ਕਿਹਾ ਕਿ ਪੁਲੀਸ ਇਸ ਪੜਾਅ ’ਤੇ ਅਮਰੀਕਾ ਤੋਂ ਆਏ ਲੋਕਾਂ ਤੋਂ ਪੁੱਛ ਪੜਤਾਲ ਨਹੀਂ ਕਰੇਗੀ। -ਪੀਟੀਆਈ