ਅਫ਼ਸੋਸ
ਸੱਤਪਾਲ ਸਿੰਘ ਦਿਓਲ
“ਵਕੀਲ ਸਾਹਿਬ ਮੈਨੂੰ ਬਚਾ ਲੋ।” ਮੇਰੇ ਦਫ਼ਤਰ ’ਚ ਵੜਦਿਆਂ ਹੀ ਉਹਦੇ ਇਹ ਸ਼ਬਦ ਮੇਰੇ ਕੰਨੀਂ ਪਏ। ਮੈਂ ਮੁਨਸ਼ੀ ਨੂੰ ਹਦਾਇਤ ਕੀਤੀ ਕਿ ਉਹ ਆਏ ਬੰਦੇ ਨੂੰ ਪਾਣੀ ਪਿਲਾਵੇ। ਪਾਣੀ ਪੀਂਦਿਆਂ ਵੀ ਉਹਦੇ ਹੱਥ ਕੰਬ ਰਹੇ ਸਨ। “ਕੀ ਹੋ ਗਿਆ?” ਮੈਂ ਪੁੱਛਿਆ। ਉਸ ਕੋਲੋਂ ਬੋਲਿਆ ਨਹੀਂ ਗਿਆ। “ਕਿਹੜਾ ਪਿੰਡ ਆ ਤੇਰਾ?” ਮੈਂ ਫਿਰ ਸਵਾਲ ਕੀਤਾ। ਉਹਨੇ ਮੇਰੇ ਨੇੜੇ ਦੇ ਪਿੰਡ ਦਾ ਨਾਂ ਲਿਆ ਤੇ ਮੇਰੇ ਖਾਸ ਮਿੱਤਰ ਦਾ ਨਾਮ ਵੀ ਲਿਆ ਜਿਸ ਨੇ ਉਹਨੂੰ ਮੇਰੇ ਕੋਲ ਭੇਜਿਆ ਸੀ। “ਮੈਂ ਆਪਣੀ ਚਾਰ ਕਨਾਲ ਜ਼ਮੀਨ ਗਹਿਣੇ ਕਰਨੀ ਐ, ਮੈਨੂੰ ਦੋ ਲੱਖ ਰੁਪਈਆ ਚਾਹੀਦਾ, ਬੈਂਕ ਪੈਸੇ ਕਿਵੇਂ ਦਊ?” ਬੜੀ ਉਮੀਦ ਲੈ ਕੇ ਉਹ ਮੇਰੇ ਕੋਲ ਆਇਆ ਸੀ।
ਮੈਂ ਉਹਨੂੰ ਜ਼ਮੀਨ ਗਹਿਣੇ ਕਰਨ ਦਾ ਕਾਰਨ ਪੁੱਛਿਆ। ਕਹਿਣ ਲੱਗਾ, “ਮੈਨੂੰ ਬਹੁਤ ਲੋੜ ਐ” ਪਰ ਮੈਂ ਪਰਖ ਲਿਆ ਸੀ ਕਿ ਇਹ ਬੰਦਾ ਕਿਸੇ ਮੁਸੀਬਤ ’ਚੋਂ ਲੰਘ ਰਿਹਾ ਹੈ। ਉਹ ਪਾਗਲਾਂ ਵਰਗਾ ਜਾਪਦਾ ਸੀ। ਇਸ ਤਰ੍ਹਾਂ ਬੰਦਾ ਗੰਭੀਰ ਬਿਮਾਰੀ ਦੀ ਹਾਲਤ ’ਚ ਕਰਦਾ ਹੈ। ਮੇਰਾ ਇਲਾਕਾ ਕੈਂਸਰ ਦਾ ਗੜ੍ਹ ਹੈ, ਸ਼ਾਇਦ ਉਹ ਇਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋਵੇ ਪਰ ਮੇਰਾ ਅੰਦਾਜ਼ਾ ਗ਼ਲਤ ਸੀ, ਉਹ ਪੁਲੀਸ ਦਾ ਪਰੇਸ਼ਾਨ ਕੀਤਾ ਹੋਇਆ ਭੋਲਾ-ਭਾਲਾ ਬੰਦਾ ਸੀ ਜਿਸ ਨੇ ਕਦੇ ਕੋਈ ਅਪਰਾਧ ਨਹੀਂ ਸੀ ਕੀਤਾ, ਉਹਦਾ ਬਾਪ-ਦਾਦਾ ਵੀ ਕਦੇ ਥਾਣੇ ਕਚਹਿਰੀ ਨਹੀਂ ਗਿਆ ਸੀ।
ਉਹਦੀ ਪੂਰੀ ਕਹਾਣੀ ਸੁਣ ਕੇ ਖ਼ੁਦ ਨੂੰ ਬਹੁਤ ਸ਼ਰਮ ਮਹਿਸੂਸ ਹੋਈ। ਇਹ ਅਸੀਂ ਕਿਹੋ ਜਿਹਾ ਸਮਾਜ ਖੜ੍ਹਾ ਕਰ ਲਿਆ ਹੈ ਜਿਸ ਵਿੱਚ ਸਾਨੂੰ ਸਿਰਫ ਪੈਸਾ ਹੀ ਨਜ਼ਰ ਆਉਂਦਾ ਹੈ?... ਉਹ ਗਰੀਬ ਜਿਹਾ ਬੰਦਾ ਸਿਰਫ ਚਾਰ ਕਨਾਲ ਜ਼ਮੀਨ ਦਾ ਮਾਲਕ ਸੀ। ਮੱਝਾਂ ਰੱਖ ਕੇ ਉਹ ਚਾਰ ਕਨਾਲ ਵਿੱਚ ਪੱਠੇ ਬੀਜ ਲੈਂਦਾ। ਪੂਰਾ ਪਰਿਵਾਰ ਮਨਰੇਗਾ ਵਿੱਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰਦਾ ਸੀ। ਘਰ ਵਿੱਚ ਕੋਈ ਬਿਮਾਰੀ ਨਹੀਂ ਸੀ ਤੇ ਨਾ ਕੋਈ ਹੋਰ ਕਿਸੇ ਕਿਸਮ ਦੀ ਚਿੰਤਾ ਸੀ ਪਰ ਉਨ੍ਹਾਂ ਦੇ ਗੁਆਂਢੀ ਧਨਾਢ ਕਿਸਾਨ ਦੀ ਉਸ ਦੀਆਂ ਚਾਰ ਕਨਾਲਾਂ ’ਤੇ ਨਜ਼ਰ ਸੀ। ਉਹਦੇ ਨਿਆਣੇ ਵਿਦੇਸ਼ ਵਿੱਚ ਚੰਗੀ ਕਮਾਈ ਕਰ ਕੇ ਉਹਨੂੰ ਮਦਦ ਕਰ ਰਹੇ ਸੀ। ਉਹ ਆਪਣੀ ਜ਼ਮੀਨ ਦਾ ਟੱਕ ਸਿੱਧਾ ਕਰਨ ਲਈ ਕਾਹਲਾ ਸੀ। ਬੜੇ ਚਿਰ ਤੋਂ ਉਸ ਗੁਆਂਢੀ ਨੇ ਆਪਣੀ ਕੋਸ਼ਿਸ਼ ਕਰ ਕੇ ਦੇਖ ਲਈ ਸੀ ਪਰ ਉਹ ਬੰਦਾ ਜ਼ਮੀਨ ਵੇਚਣ ਨੂੰ ਤਿਆਰ ਨਹੀਂ ਹੋਇਆ। ਹੁਣ ਉਹਨੂੰ ਥਾਣੇ ਤੋਂ ਸੁਨੇਹਾ ਮਿਲਿਆ ਸੀ ਕਿ ਕਿਸੇ ਚਿੱਟੇ ਦੇ ਦੋਸ਼ੀ ਨੇ ਉਸ ਦਾ ਨਾਮ ਲਿਆ ਹੈ ਕਿ ਉਹ ਚਿੱਟਾ ਉਸ ਤੋਂ ਖਰੀਦ ਕੇ ਲਿਆਇਆ ਹੈ। ਚਿੱਟਾ ਪੰਜਾਬ ਵਿੱਚ ਉਸ ਬਲਾ ਦਾ ਨਾਮ ਹੈ ਜਿਸ ਨੇ ਅੱਧਾ ਪੰਜਾਬ ਬਰਬਾਦ ਕਰ ਦਿੱਤਾ ਹੈ। ਚਿੱਟੇ ਦਾ ਸਹਿਮ ਇੰਨਾ ਜ਼ਿਆਦਾ ਹੈ, ਜਿੱਥੇ ਚਿੱਟੇ ਦੇ ਨਸ਼ੇ ਦਾ ਨਾਂ ਆ ਜਾਵੇ, ਉਥੇ ਕੋਈ ਵੀ ਅਫਸਰ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ। ਸਮਾਜ ਵਿੱਚ ਜੇ ਕੋਈ ਮਾੜਾ ਸਮਾਜਿਕ ਵਰਤਾਰਾ ਹੁੰਦਾ ਹੈ ਤਾਂ ਸਾਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ।
ਤਫਤੀਸ਼ੀ ਨੇ ਉਸ ਨੂੰ ਹਦਾਇਤ ਕੀਤੀ ਸੀ ਕਿ ਜਾਂ ਤਾਂ ਉਹ ਦੋ ਲੱਖ ਦਾ ਪ੍ਰਬੰਧ ਕਰ ਲਵੇ, ਜਾਂ ਉਸ ਨੂੰ ਨਸ਼ਾ ਤਸਕਰੀ ਦੇ ਜੁਰਮ ਵਿੱਚ ਕਾਬੂ ਕੀਤਾ ਜਾਵੇਗਾ। ਉਸ ਬਾਰੇ ਹੀ ਮੇਰੇ ਦੋਸਤ ਨੇ ਉਹਨੂੰ ਮੇਰੇ ਕੋਲ ਭੇਜਿਆ ਸੀ। ਮੈਂ ਉਹਨੂੰ ਰਿਸ਼ਵਤ ਫੜਨ ਵਾਲੇ ਅਫਸਰਾਂ ਕੋਲ ਜਾਣ ਲਈ ਕਿਹਾ ਪਰ ਉਹ ਦੋ ਦਿਨਾਂ ਬਾਅਦ ਵਾਪਸ ਆ ਗਿਆ, ਕਿਸੇ ਨੇ ਉਸ ਦੀ ਗੱਲ ’ਤੇ ਯਕੀਨ ਨਹੀਂ ਕੀਤਾ, ਨਾ ਕੋਈ ਮਦਦ ਕੀਤੀ। ਉਹ ਕਿਰਾਇਆ ਭਾੜਾ ਲਾ ਕੇ ਵੀ ਪੈਰਵੀ ਕਰਨ ਜੋਗਾ ਨਹੀਂ ਸੀ। ਪਤਾ ਨਹੀਂ, ਉਸ ਦੇ ਵਿਰੋਧੀਆਂ ਨੂੰ ਕਿਵੇਂ ਖਬਰ ਲੱਗ ਗਈ, ਉਸ ਉਪਰ ਦਬਾਅ ਬਹੁਤ ਵਧ ਗਿਆ। ਮੇਰੇ ਤੋਂ ਉਸ ਦਾ ਵਿਸ਼ਵਾਸ ਉੱਠ ਗਿਆ; ਉਹ ਸੋਚ ਰਿਹਾ ਹੋਵੇਗਾ- ਵਕੀਲ ਉਸ ਨੂੰ ਟਰਕਾ ਰਿਹਾ ਹੈ ਕਿਉਂਕਿ ਮੇਰੇ ਅੰਦਰ ਹਿੰਮਤ ਨਹੀਂ ਸੀ ਕਿ ਉਸ ਪਾਸੋਂ ਕੋਈ ਫੀਸ ਲੈ ਸਕਦਾ, ਤੇ ਜਿਹੜਾ ਵਕੀਲ ਫੀਸ ਨਾ ਲਵੇ, ਉਹਨੂੰ ਵਕੀਲ ਸਮਝਿਆ ਹੀ ਨਹੀਂ ਜਾਂਦਾ!
ਹੁਣ ਉਸ ਦੀ ਜ਼ਮੀਨ ਗਹਿਣੇ ਹੋ ਚੁੱਕੀ ਹੈ। ਪੁਲੀਸ ਤਫਤੀਸ਼ ਵਿੱਚ ਨਸ਼ਾ ਵੇਚਣ ਵਾਲਾ ਨਾ ਸੀ ਤੇ ਨਾ ਕੋਈ ਲੱਭਿਆ ਪਰ ਗਰੀਬ ਦਾ ਭਵਿੱਖ ਬਰਬਾਦ ਹੁੰਦਾ ਅੱਖੀਂ ਦੇਖਾਂਗਾ... ਗਰੀਬ ਨੂੰ ਇਨਸਾਫ਼ ਨਾ ਦਿਵਾਉਣ ਦਾ ਸਦਾ ਅਫ਼ਸੋਸ ਰਹੇਗਾ।
ਸੰਪਰਕ: 98781-70771