ਅਫਸਰਾਂ ਦੀ ਮੌਜੂਦਗੀ ’ਚ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ

ਨਗਰ ਪੰਚਾਇਤ ਦਫਤਰ ਭਾਦਸੋਂ ਵਿੱਚ ਮੀਟਿੰਗ ਦੌਰਾਨ ਲੋਕਾਂ ਦਾ ਇਕੱਠ।

ਨਿਜੀ ਪੱਤਰ ਪ੍ਰੇਰਕ
ਭਾਦਸੋਂ, 25 ਮਾਰਚ
ਕਰੋਨਾ ਤੋਂ ਬਚਾਅ ਲਈ ਪੂਰੇ ਦੇਸ਼ ਅੰਦਰ 21 ਦਿਨ ਦੇ ਲੌਕਡਾਊਨ ਦੇ ਐਲਾਨ ਤੋਂ ਬਾਅਦ ਸੂਬੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਲਗਾਉਣ ਦੇ ਸਖ਼ਤ ਨਿਰਦੇਸ਼ਾਂ ਦਿੱਤੇ ਗਏ ਹਨ ਤੇ ਇੱਕ ਜਗਾ ’ਤੇ 4-5 ਵਿਅਕਤੀ ਵੀ ਇਕੱਠੇ ਹੋਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ ਪਰ ਨਗਰ ਪੰਚਾਇਤ ਭਾਦਸੋਂ ਦੇ ਦਫ਼ਤਰ ਵਿੱਚ ਕੌਂਸਲਰਾਂ ਤੇ ਸ਼ਹਿਰ ਦੇ ਕੁਝ ਪਤਵੰਤਿਆਂ ਵੱਲੋਂ ਕਾਰਜ ਸਾਧਕ ਅਫਸਰ ਦੀ ਮੌਜੂਦਗੀ ’ਚ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਐੱਸਡੀਐੱਮ ਸੂਬਾ ਸਿੰਘ, ਨਾਇਬ ਤਹਿਸੀਲਦਾਰ ਅਸ਼ੋਕ ਜਿੰਦਲ, ਵਿਜੀ ਮਹਿਤਾ ਫੂਡ ਸਪਲਾਈ ਅਫਸਰ, ਕਾਰਜ ਸਾਧਕ ਅਫਸਰ ਆਸ਼ੀਸ਼ ਕੁਮਾਰ ਸਣੇ ਕੌਂਸਲ ਪ੍ਰਧਾਨ ਤੇ ਵੱਖ ਵੱਖ ਕੌਂਸਲਰ ਤੇ ਮਹਿਲਾ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ ਸਣੇ ਕਈ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਹੈਰਾਨੀਜਨਕ ਗੱਲ ਇਹ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਵਿਅਕਤੀਆਂ ਦਾ ਇਕੱਠ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਨਗਰ ਪੰਚਾਇਤ ਭਾਦਸੋਂ ਦੇ ਸਰਕਾਰੀ ਦਫ਼ਤਰ ਵਿੱਚ 50 ਤੋਂ ਵੀ ਵੱਧ ਵਿਅਕਤੀਆਂ ਦਾ ਇਕੱਠ ਕੀਤਾ ਗਿਆ ਜੋ ਕਿ ਸਰਕਾਰ ਦੇ ਹੁਕਮਾਂ ਨੂੰ ਅੰਗੂਠਾ ਦਿਖਾਇਆ ਗਿਆ ਹੈ। ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਇਸ ਮੀਟਿੰਗ ਬਾਰੇ ਪਤਾ ਚੱਲਿਆ ਤਾਂ ਲੋਕਾਂ ਵਿੱਚ ਇਸ ਸਬੰਧੀ ਚਰਚੇ ਹੁੰਦੇ ਰਹੇ ਕਿ ਲੋਕਾਂ ਦੀ ਰਾਖੀ ਕਰਨ ਵਾਲੀ ਨਗਰ ਪੰਚਾਇਤ ਆਪ ਹੀ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਚੋਣਵੇਂ ਕਰਿਆਨਾ ਸਟੋਰ ਮਾਲਕਾਂ ਨੂੰ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਸਬੰਧੀ ਅੰਦਰਖਾਤੇ ਸੈਟਿੰਗ ਕਰਕੇ ਸਾਮਾਨ ਵੇਚਣ ਦਾ ਲਾਹਾ ਦਿਵਾਉਣ ਲਈ ਹੀ ਇਹ ਮੀਟਿੰਗ ਰੱਖੀ ਗਈ ਹੈ।

ਕੀ ਕਹਿੰਦੇ ਨੇ ਕਾਰਜਸਾਧਕ ਅਫਸਰ

ਇਸ ਮਾਮਲੇ ਸਬੰਧੀ ਕਾਰਜ ਸਾਧਕ ਅਫਸਰ ਆਸ਼ੀਸ਼ ਕੁਮਾਰ ਨੇ ਕਿਹਾ ਕਿ ਇਹ ਮੀਟਿੰਗ ਕਰੋਨਾਵਾਇਰਸ ਕਾਰਨ ਕਰਿਆਨਾ ਐਸੋਸੀਏਸ਼ਨ ਤੇ ਕਈ ਹੋਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਸੀ ਤਾਂ ਜੋ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇ। ਪਰ ਇਕੱਠ ਜ਼ਿਆਦਾ ਹੁੰਦਾ ਦੇਖ ਬਹੁਤੇ ਲੋਕਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ।

ਕੀ ਕਹਿੰਦੇ ਨੇ ਸੀਨੀਅਰ ਮੈਡੀਕਲ ਅਫਸਰ

ਜਦੋਂ ਨਗਰ ਪੰਚਾਇਤ ਦਫਤਰ ਵਿੱਚ ਕੀਤੀ ਮੀਟਿੰਗ ਸਬੰਧੀ ਸੀਨੀਅਰ ਮੈਡੀਕਲ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਧ ਵਿਅਕਤੀਆਂ ਦਾ ਇਕੱਠ ਕਰਨਾ ਗਲਤ ਹੈ ਕਿਉਂਕਿ ਇਸ ਤਰ੍ਹਾਂ ਕਰੋਨਾਵਾਇਰਸ ਫੈਲਣ ਦਾ ਪੂਰਾ ਖਦਸ਼ਾ ਹੈ।