ਅਪਰੈਲ ਮਹੀਨੇ ਦੀ ਸਿੱਖ ਇਤਿਹਾਸ ਵਿਚ ਮਹੱਤਤਾ
ਡਾ. ਰਣਜੀਤ ਸਿੰਘ
ਅਪਰੈਲ ਮਹੀਨੇ ਹਾੜ੍ਹੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ, ਜਿਸ ਨੂੰ ਦੇਖ ਕੇ ਲੋਕਾਈ ਦੇ ਚਿਹਰਿਆਂ ’ਤੇ ਖੁਸ਼ੀ ਝਲਕਣ ਲੱਗਦੀ ਹੈ। ਇਸੇ ਮਹੀਨੇ ਵਿਸਾਖੀ ਦਾ ਪਵਿੱਤਰ ਤਿਉਹਾਰ ਆਉਂਦਾ ਹੈ। ਇਸੇ ਦਿਨ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ। ਖਾਲਸੇ ਦੇ ਰੂਪ ਵਿਚ ਇਕ ਅਜਿਹੀ ਕੌਮ ਹੋਂਦ ਵਿਚ ਆਈ ਜਿਹੜੀ ਸੁੱਚੀ ਕਿਰਤ ਕਰਨ, ਉਸ ਨੂੰ ਵੰਡ ਛਕਣ ਤੇ ਮਿੱਠ ਬੋਲੜੇ ਸੁਭਾਅ ਵਾਲੀ ਬਣੀ। ਦੋ ਗੁਰੂ ਸਾਹਿਬਾਨ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵੀ ਇਸੇ ਮਹੀਨੇ ਆਉਂਦੇ ਹਨ। ਦੋਵਾਂ ਗੁਰੂਆਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਜਬਰ-ਜ਼ੁਲਮ ਦੇ ਵਿਰੋਧ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਕੁਝ ਵਿਦਵਾਨਾਂ ਦਾ ਇਹ ਵੀ ਮਤ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵੀ ਇਸੇ ਮਹੀਨੇ ਹੋਇਆ ਸੀ। ਗੁਰੂ ਸਾਹਿਬ ਨੇ ਸਮਾਜ ਵਿਚ ਸਦੀਆਂ ਤੋਂ ਪਈਆਂ ਵੰਡੀਆਂ, ਜਬਰ-ਜ਼ੁਲਮ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਵਾਸਤੇ ਜੂਝਣ ਲਈ ਵੰਗਾਰਿਆ। ਗੁਰੂ ਜੀ ਨੇ ਨਿਮਾਣੇ, ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ ਆਪ ਨੂੰ ਖੜ੍ਹਾ ਕੀਤਾ ਤੇ ਉਨ੍ਹਾਂ ਦਾ ਸਾਥ ਦਿੱਤਾ। ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਪ੍ਰਚਾਰ ਕੀਤਾ ਅਤੇ ਦੱਬੇ ਕੁਚਲੇ ਲੋਕਾਂ ਲਈ ਧਿਆਨ ਦੇ ਦਰਵਾਜ਼ੇ ਖੋਲ੍ਹੇ।
ਉਨ੍ਹਾਂ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਵਿਚ ਸਿਰਫ ਮਾਣ ਨਾਲ ਜਿਊਣ ਦੀ ਤਾਂਘ ਪੈਦਾ ਕਰਨੀ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਲਈ ਸਦੀਵੀ ਜੀਵਨ ਜਾਚ ਬਣਾਉਣ ਦੀ ਲੋੜ ਹੈ, ਜਿਸ ਦੀ ਸੇਧੇ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜਿਊ ਸਕਣ। ਉਨ੍ਹਾਂ ਨੇ ਮਾਨਵਤਾ ਲਈ ਯੁਗੋ ਯੁਗ ਅਟੱਲ ਗੁਰੂ ਦੀ ਸੰਪਾਦਨਾ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਅਤੇ ਸੰਪਾਦਨਾ ਲਈ ਉਨ੍ਹਾਂ ਨੇ ਤਿੰਨ ਸਾਲ ਸਖ਼ਤ ਮਿਹਨਤ ਕੀਤੀ। ਸੰਪਾਦਨਾ ਲਈ ਵਿਆਕਰਨ ਦਾ ਨਿਰਮਾਣ ਕੀਤਾ ਅਤੇ ਉਸੇ ਵਿਆਕਰਨ ਦੇ ਆਧਾਰ ’ਤੇ ਬਾਣੀ ਨੂੰ ਤਰਤੀਬ ਦਿੱਤੀ। ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਧਾਰਮਿਕ ਗ੍ਰੰਥ ਹੈ, ਜੋ ਸਾਰੀ ਮਨੁੱਖਤਾ ਲਈ ਹੈ ਕਿਉਂਕਿ ਉਸ ਵਿਚ ਚਾਰੇ ਵਰਣਾਂ ਦੇ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਵਿਚ ਨਹੀਂ ਸਗੋਂ ਪੰਜ ਸਦੀਆਂ ਵਿਚ ਹੋਈ ਹੈ। ਇੰਝ ਇਹ ਬਾਣੀ ਸਰਬਸਾਂਝੀ ਅਤੇ ਸਦੀਵੀ ਹੈ। ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸ ਦਾ ਪ੍ਰਭਾਵ ਲਾਸਾਨੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਸ਼ਬਦਾਂ ਦੇ ਗਾਇਨ ਲਈ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ। ਇਸੇ ਤਰ੍ਹਾਂ ਉਨ੍ਹਾਂ ਸਰਬ ਸਾਂਝੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ।
ਗੁਰੂ ਜੀ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ-ਦਿਨ ਮਜ਼ਬੂਤ ਹੋ ਰਹੀ ਸੀ। ਲੋਕ ਜਾਤਪਾਤ, ਛੂਤਛਾਤ, ਅਮੀਰੀ-ਗਰੀਬੀ ਨੂੰ ਭੁੱਲ ਸੰਗਤ ਅਤੇ ਲੰਗਰ ਦੀ ਪੰਗਤ ਵਿਚ ਬਰਾਬਰ ਬੈਠਣ ਲੱਗ ਪਏ ਸਨ। ਨੀਵੀਆਂ ਧੌਣਾਂ ਉੱਚੀਆਂ ਹੋਣ ਲੱਗੀਆਂ। ਧਰਮਾਂ ਦੇ ਅਖੌਤੀ ਠੇਕੇਦਾਰਾਂ ਦੀਆਂ ਜਦੋਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤੀ ਸੀ। ਉਨ੍ਹਾਂ ਮੌਕੇ ਦੇ ਹਾਕਮ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਿੱਖੀ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਸੇਕ ਸ਼ਾਹੀ ਮਹਿਲਾਂ ਤੱਕ ਵੀ ਪੁੱਜ ਗਿਆ। ਮੌਕੇ ਦੇ ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈਅ ਲੱਗਣ ਲੱਗ ਪਿਆ। ਬਾਦਸ਼ਾਹ ਮੌਕੇ ਅਤੇ ਬਹਾਨੇ ਦੀ ਤਲਾਸ਼ ਵਿਚ ਸੀ ਤਾਂ ਜੋ ਗੁਰੂ ਜੀ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਬਾਦਸ਼ਾਹ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ। ਉਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ’ਚੋਂ ਲੰਘ ਰਿਹਾ ਖੁਸਰੋ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ, ਉਸ ਨੇ ਪੰਗਤ ਵਿਚ ਬੈਠ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਹੇਠ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ।
ਮਾਨਵਤਾ ਦੇ ਮਨੋਂ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਲਈ ਗੁਰੂ ਜੀ ਨੇ ਲਾਹੌਰ ਵਿੱਚ ਅਦੁੱਤੀ ਸ਼ਹਾਦਤ ਦਿੱਤੀ। ਗੁਰੂ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ, ਸੀਸ ’ਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਵਿਚ ਉਬਾਲਿਆ ਗਿਆ ਤੇ ਮੁੜ ਰਾਵੀ ਦੇ ਠੰਢੇ ਪਾਣੀ ਵਿਚ ਡਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਨਾਲ ਖਿੜੇ ਮੱਥੇ ਰੱਬ ਦਾ ਸਿਮਰਨ ਕਰਦਿਆਂ ਝੱਲਿਆ। ਗੁਰੂ ਜੀ ਦੇ ਪੁੱਤਰ (ਗੁਰੂ) ਹਰਿਗੋਬਿੰਦ ਸਾਹਿਬ ਉਦੋਂ ਸਿਰਫ 11 ਵਰ੍ਹਿਆਂ ਦੇ ਸਨ।
ਗੁਰੂ ਤੇਗ ਬਹਾਦਰ ਜੀ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਅਤੇ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਸਨ। ਉਨ੍ਹਾਂ ਦਾ ਪਹਿਲਾ ਨਾਮ ਤਿਆਗ ਮਲ ਸੀ। ਉਹ ਸੱਚਮੁੱਚ ਤਿਆਗੀ ਸਨ। ਗੁਰੂ ਜੀ ਗੰਭੀਰ ਸੁਭਾਅ ਦੇ ਸਨ ਤੇ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮੇਂ ਦੀ ਸਰਕਾਰ ਨਾਲ ਯੁੱਧ ਕਰਨ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਲੜਾਈਆਂ ਵਿਚ ਤਿਆਗ ਮਲ ਜੀ ਨੇ ਤੇਗ ਦੇ ਅਜਿਹੇ ਜੌਹਰ ਵਿਖਾਏ ਕਿ ਉਨ੍ਹਾਂ ਨੂੰ ਤੇਗ ਬਹਾਦਰ ਆਖਿਆ ਜਾਣ ਲੱਗ ਪਿਆ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਦਾ ਅੰਤਲਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਆਖਿਆ, ‘ਤੁਸੀਂ ਹੁਣ ਆਪਣੀ ਮਾਤਾ ਜੀ ਤੇ ਪਤਨੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਵੋ।’ ਉਨ੍ਹਾਂ ਬਿਨਾਂ ਕੋਈ ਉਜਰ ਕੀਤਿਆਂ ਹੁਕਮਾਂ ਦੀ ਪਾਲਣਾ ਕੀਤੀ। ਅੱਠਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਵੇਲੇ ਦਿੱਲੀ ਵਿੱਚ ‘ਬਾਬਾ ਬਕਾਲੇ’ ਆਖ ਗੁਰਗੱਦੀ ਦੀ ਬਖਸ਼ਿਸ਼ ਕੀਤੀ।
ਕਸ਼ਮੀਰ ਦੀ ਸੁੰਦਰ ਵਾਦੀ ਵਿਚ ਦੇਸ਼ ਦੇ ਵਿਦਵਾਨ ਪੰਡਤਾਂ ਦੀ ਬਹੁਗਿਣਤੀ ਸੀ, ਜਿਹੜੇ ਉਸ ਸੁਹਾਵਣੇ ਅਤੇ ਸ਼ਾਂਤ ਮਾਹੌਲ ਵਿਚ ਗਿਆਨ ਧਿਆਨ ਦਾ ਕਾਰਜ ਕਰਦੇ ਸਨ। ਔਰੰਗਜ਼ੇਬ ਨੇ ਇਨ੍ਹਾਂ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਫੈਸਲਾ ਕੀਤਾ। ਪਰਜਾ ਦੇ ਇਸ ਵਰਗ ਦੇ ਧਰਮ ਪਰਿਵਰਤਨ ਨਾਲ ਦੂਜੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੋ ਜਾਣਾ ਸੀ।
ਸ਼ਾਹੀ ਜ਼ੁਲਮ ਦੇ ਸਤਾਏ ਹੋਏ ਇਨ੍ਹਾਂ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਜੀ ਹੀ ਇਸ ਔਖ ਦੀ ਘੜੀ ਵਿਚ ਆਸ ਦੀ ਕਿਰਨ ਨਜ਼ਰ ਆਏ। ਗੁਰੂ ਜੀ ਜਦੋਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਰਹੇ ਸਨ ਤਾਂ ਉਨ੍ਹਾਂ ਦੇ ਪੁੱਤਰ ਮਹਾਨ ਇਨਕਲਾਬੀ ਨੌ ਸਾਲ ਦੇ ਬਾਲਕ ਗੋਬਿੰਦ ਰਾਏ ਵੀ ਕੋਲ ਖੜ੍ਹੇ ਸਨ। ਮਨੁੱਖਤਾ ਵਿਰੁੱਧ ਹੋ ਰਹੇ ਜ਼ੁਲਮ ਦੀ ਦਾਸਤਾਨ ਨੇ ਗੁਰੂ ਜੀ ਨੂੰ ਗੰਭੀਰ ਅਤੇ ਉਦਾਸ ਬਣਾ ਦਿੱਤਾ। ਬਾਲ ਗੋਬਿੰਦ ਦੇ ਪੁੱਛਣ ’ਤੇ ਉਨ੍ਹਾਂ ਸਾਰਾ ਬਿਰਤਾਂਤ ਸੁਣਾਇਆ। ਬਾਲਕ ਨੇ ਇਸ ਜ਼ੁਲਮ ਦੇ ਅੰਤ ਬਾਰੇ ਪੁੱਛਿਆ ਤਾਂ ਗੁਰੂ ਜੀ ਦਾ ਉੱਤਰ ਸੀ ਕਿ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਰਾਹੀਂ ਜਾਗੀ ਲੋਕ ਚੇਤਨਾ ਅਤੇ ਜਨ ਸ਼ਕਤੀ ਹੀ ਇਸ ਦਾ ਮੁਕਾਬਲਾ ਕਰ ਸਕਦੀ ਹੈ। ਬਾਲ ਗੋਬਿੰਦ, ਜਿਨ੍ਹਾਂ ਨੇ ਪਿੱਛੋਂ ਜਾ ਕੇ ਸੰਸਾਰ ਵਿਚ ਸਰਬ ਸਾਂਝੀਵਾਲਤਾ ਅਤੇ ਖਾਲਸਾ ਰਾਜ ਦੇ ਸੰਕਲਪ ਨੂੰ ਅਮਲੀ ਰੂਪ ਬਖ਼ਸ਼ਿਆ, ਆਖਿਆ, ‘ਪਿਤਾ ਜੀ ਤੁਹਾਡੇ ਤੋਂ ਮਹਾਨ ਆਤਮਾ ਹੋਰ ਕਿਹੜੀ ਹੋ ਸਕਦੀ ਹੈ?’ ਆਪਣੇ ਬਾਲ ਪੁੱਤਰ ਦੇ ਇਹ ਬੋਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੋਂ ਉਦਾਸੀ ਦੂਰ ਹੋ ਗਈ ਤੇ ਰੱਬੀ ਨੂਰ ਡੁਲਕਣ ਲੱਗ ਪਿਆ। ਉਨ੍ਹਾਂ ਫਰਿਆਦੀ ਪੰਡਤਾਂ ਨੂੰ ਆਖਿਆ, ‘ਔਰੰਗਜ਼ੇਬ ਨੂੰ ਆਖ ਦੇਵੋ ਕਿ ਜੇ ਸਾਡਾ ਗੁਰੂ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਇਸਲਾਮ ਧਾਰਨ ਕਰ ਲਵਾਂਗੇ।’
ਦਿੱਲੀ ਪੁੱਜਣ ’ਤੇ ਗੁਰੂ ਜੀ ਨੂੰ ਉਨ੍ਹਾਂ ਦੇ ਸਿੱਖਾਂ ਸਮੇਤ ਚਾਂਦਨੀ ਚੌਕ ਦੀ ਕੋਤਵਾਲੀ ਵਿਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਨੇ ਗੁਰੂ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ, ‘ਇਸਲਾਮ ਕਬੂਲ ਕਰੋ, ਸੰਸਾਰ ਦੇ ਸਾਰੇ ਸੁੱਖ ਤੁਹਾਡੇ ਕਦਮਾਂ ’ਤੇ ਹੋਣਗੇ। ਆਪਣੇ ਰੱਬੀ ਰੂਪ ਹੋਣ ਦੇ ਸਬੂਤ ਵਜੋਂ ਕੋਈ ਕਰਾਮਾਤ ਦਿਖਾਵੋ ਜਾਂ ਫਿਰ ਮੌਤ ਨੂੰ ਕਬੂਲ ਕਰੋ।’ ਗੁਰੂ ਜੀ ਨੇ ਦ੍ਰਿੜ੍ਹਤਾ ਨਾਲ ਉੱਤਰ ਦਿੱਤਾ, ‘ਧਰਮ ਹਰ ਇਨਸਾਨ ਦਾ ਮੁੱਢਲਾ ਅਧਿਕਾਰ ਹੈ। ਇਸ ਵਿਚ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਸਾਨੂੰ ਤੇਰੀ ਇਹ ਸ਼ਰਤ ਮਨਜ਼ੂਰ ਨਹੀਂ ਹੈ। ਜਿਥੋਂ ਤਾਈਂ ਦੁਨਿਆਵੀਂ ਦੌਲਤਾਂ ਦਾ ਸਬੰਧ ਹੈ, ਮੇਰੇ ਪੱਲੇ ਸੱਚ ਦੀ ਦੌਲਤ ਹੈ। ਰੱਬ ਮੇਰੇ ਨਾਲ ਹੈ। ਇਸ ਤੋਂ ਵੱਡੀ ਹੋਰ ਕਿਹੜੀ ਦੌਲਤ ਹੋ ਸਕਦੀ ਹੈ? ਮੈਂ ਰੱਬ ਦਾ ਭਗਤ ਹਾਂ। ਕਰਾਮਾਤ ਉਸ ਦੇ ਕੰਮ ਵਿਚ ਦਖਲਅੰਦਾਜ਼ੀ ਹੈ, ਜਿਹੜੀ ਗੁਰੂ ਨਾਨਕ ਤੋਂ ਲੈ ਕੇ ਹੁਣ ਤੀਕ ਕਿਸੇ ਗੁਰੂ ਨੇ ਨਹੀਂ ਕੀਤੀ ਤੇ ਮੈਂ ਵੀ ਨਹੀਂ ਕਰਾਂਗਾ। ਤੇਰੀ ਤੀਜੀ ਸ਼ਰਤ ਮੈਨੂੰ ਪ੍ਰਵਾਨ ਹੈ, ਮੈਂ ਸ਼ਹੀਦ ਹੋਣ ਲਈ ਤਿਆਰ ਹਾਂ।’
11 ਨਵੰਬਰ 1675 ਵਾਲੇ ਦਿਨ ਚਾਂਦਨੀ ਚੌਕ ਵਿਚ ਲੋਕਾਂ ਦੇ ਵੱਡੇ ਇਕੱਠ ਦੇ ਸਾਹਮਣੇ ਜੱਲਾਦ ਨੇ ਗੁਰੂ ਜੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ। ਬਾਦਸ਼ਾਹ ਨੂੰ ਉਮੀਦ ਸੀ ਕਿ ਇਸ ਜ਼ੁਲਮ ਨਾਲ ਪਰਜਾ ਦਹਿਲ ਜਾਵੇਗੀ ਅਤੇ ਚੁਪਚਾਪ ਇਸਲਾਮ ਗ੍ਰਹਿਣ ਕਰ ਲਵੇਗੀ। ਪਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਵਿਚ ਧਰਮ, ਜਾਤ ਅਤੇ ਅਮੀਰੀ ਆਦਿ ਪਾਈਆਂ ਵੰਡੀਆਂ ਨੂੰ ਮੇਟ ਆਪਣੇ ਸਿੰਘਾਂ ਨੂੰ ਅਜਿਹਾ ਇਨਸਾਨ ਬਣਾਇਆ ਕਿ ਉਹ ਦੁਨਿਆਵੀ ਕਾਰਜਾਂ ਸਮੇਂ ਸੰਤ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਸਿਪਾਹੀ ਦਾ ਰੂਪ ਬਣੇ। ਉਨ੍ਹਾਂ ਜਦੋਂ ਹਥਿਆਰ ਚੁੱਕੇ ਤਾਂ ਉਸ ਸਮੇਂ ਦੀ ਸਭ ਤੋਂ ਤਾਕਤਵਰ ਸਮਝੀ ਜਾਂਦੀ ਹਕੂਮਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਲੋਕ ਹੱਕਾਂ ਦੀ ਰਾਖੀ ਲਈ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਸੀ। ਦੂਜੀ ਸ਼ਹੀਦੀ ਉਨ੍ਹਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੀ ਤੇ ਤੀਜੀ ਸ਼ਹਾਦਤ ਗੁਰੂ ਜੀ ਦੇ ਚਾਰੇ ਪੋਤਰਿਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸੀ। ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਸਿੱਖੀ ਵਿਚ ਆਉਣ ਤੋਂ ਪਹਿਲਾਂ ਆਪਣੇ ਸੀਸ ਨੂੰ ਗੁਰੂ ਅੱਗੇ ਭੇਟ ਕਰਨਾ ਪੈਂਦਾ ਹੈ। ਆਓ ਆਪਣੇ ਮਹਾਨ ਵਿਰਸੇ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਈਏ, ਤਾਂ ਜੋ ਉਨ੍ਹਾਂ ਨੂੰ ਨਿਰਾਸ਼ਾ ਦੇ ਹਨੇਰੇ ’ਚੋਂ ਕੱਢ ਕੇ ਕਿਰਤ ਨਾਲ ਜੋੜਿਆ ਜਾ ਸਕੇ ਅਤੇ ਨਸ਼ਿਆਂ ਦੀ ਦਲਦਲ ਵੱਲ ਜਾਣ ਤੋਂ ਮੋੜਿਆ ਜਾ ਸਕੇ।
ਸੰਪਰਕ: 94170-87328