For the best experience, open
https://m.punjabitribuneonline.com
on your mobile browser.
Advertisement

ਅਪਰੈਲ ਮਹੀਨੇ ਦੀਆਂ ਖੇਤੀ ਸਰਗਰਮੀਆਂ

04:55 AM Mar 24, 2025 IST
ਅਪਰੈਲ ਮਹੀਨੇ ਦੀਆਂ ਖੇਤੀ ਸਰਗਰਮੀਆਂ
Advertisement
ਡਾ. ਰਣਜੀਤ ਸਿੰਘ
Advertisement

ਹੁਣ ਮੌਸਮ ਬਦਲ ਗਿਆ ਹੈ। ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਕਈ ਥਾਈਂ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਕਣਕ ਦੀ ਵਾਢੀ ਪਿੱਛੋਂ ਪੱਛਮੀ ਜਿ਼ਲ੍ਹਿਆਂ ਵਿੱਚ ਨਰਮੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਅਮਰੀਕਨ ਕਪਾਹ ਜਿਸ ਨੂੰ ਨਰਮਾ ਆਖਦੇ ਹਾਂ, ਦੀ ਕਾਸ਼ਤ ਪੱਛਮੀ ਜਿ਼ਲ੍ਹਿਆਂ ਵਿੱਚ ਹੁੰਦੀ ਹੈ; ਕਪਾਹ ਤਾਂ ਥੋੜ੍ਹੀ ਬਹੁਤ ਸਾਰੇ ਪੰਜਾਬ ਵਿੱਚ ਹੀ ਬੀਜੀ ਜਾਂਦੀ ਹੈ। ਅਮਰੀਕਨ ਸੁੰਡੀ ਦੇ ਹਮਲੇ ਤੋਂ ਡਰਦੇ ਬਹੁਤੇ ਕਿਸਾਨ ਹੁਣ ਬੀਟੀ ਨਰਮੇ ਦੀਆਂ ਕਿਸਮਾਂ ਹੀ ਬੀਜਦੇ ਹਨ। ਇਹ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ। ਬੀਜ ਹਮੇਸ਼ਾ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰੋ ਤਾਂ ਜੋ ਨਕਲੀ ਬੀਜ ਦੀ ਮਾਰ ਤੋਂ ਬਚਿਆ ਜਾ ਸਕੇ। ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ। ਹੁਣ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬੀਟੀ ਨਰਮੇ ਦੀਆਂ ਕਿਸਮਾਂ ਤਿਆਰ ਕਰ ਲਈਆਂ ਹਨ। ਪੀਏਯੂ ਬੀਟੀ-2, ਪੀਏਯੂ ਬੀਟੀ-3 ਕਾਸ਼ਤ ਲਈ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਹੋਰ ਬੀਟੀ ਕਿਸਮਾਂ ਦੀ ਸਿਫ਼ਾਰਸ਼ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਪ੍ਰਤੀ ਏਕੜ ਕੇਵਲ 900 ਗ੍ਰਾਮ ਬੀਜ ਚਾਹੀਦਾ ਹੈ ਪਰ ਪੀਏਯੂ ਬੀਟੀ ਦਾ ਚਾਰ ਕਿਲੋ ਪ੍ਰਤੀ ਏਕੜ ਚਾਹੀਦਾ ਹੈ। ਇਨ੍ਹਾਂ ਤੋਂ ਬਗੈਰ ਐੱਫ 2228, ਐੱਲਐੱਚ 2108 ਕਿਸਮਾਂ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਇਨ੍ਹਾਂ ਦਾ ਪ੍ਰਤੀ ਏਕੜ 3 ਕਿਲੋ ਬੀਜ ਚਾਹੀਦਾ ਹੈ।

Advertisement
Advertisement

ਨਰਮੇ ਉਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਕਰ ਕੇ ਖੇਤ ਵਿੱਚ ਗੇੜਾਂ ਮਾਰਦੇ ਰਹਿਣਾ ਚਾਹੀਦਾ ਹੈ। ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਮਾਹਿਰਾਂ ਨਾਲ ਸੰਪਰਕ ਕਰੋ; ਉਨ੍ਹਾਂ ਵੱਲੋਂ ਸਿਫ਼ਾਰਸ਼ ਕੀਤੀ ਜ਼ਹਿਰ ਅਤੇ ਛਿੜਕਾਅ ਦੇ ਢੰਗ-ਤਰੀਕੇ ਅਨੁਸਾਰ ਹੀ ਛਿੜਕਾ ਕੀਤਾ ਜਾਵੇ।

ਦੇਸੀ ਕਪਾਹ ਦੀ ਕਾਸ਼ਤ ਘਰ ਦੀ ਵਰਤੋਂ ਲਈ ਕੀਤੀ ਜਾਂਦੀ ਹੈ। ਇਸ ਉੱਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਐੱਫਡੀਕੇ 124, ਐੱਲਡੀ 1019, ਐੱਲਡੀ 949 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ ਜਿਨ੍ਹਾਂ ਦਾ ਤਿੰਨ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਨਰਮੇ ਅਤੇ ਕਪਾਹ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਲਾਈਨਾਂ ਵਿਚਕਾਰ 67.7 ਸੈਂਟੀਮੀਟਰ ਫਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 27 ਕਿਲੋ ਡੀਏਪੀ ਜਾਂ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ। ਆਮ ਕਿਸਮਾਂ ਲਈ 65 ਕਿਲੋ ਯੂਰੀਆ ਅਤੇ ਬੀਟੀ ਕਿਸਮਾਂ ਲਈ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਅੱਧਾ ਯੂਰੀਆ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਦਾ ਹਿੱਸਾ ਫੁੱਲ ਖਿੜਨ ਸਮੇਂ ਪਾਓ। ਸਿਫ਼ਾਰਸ਼ ਤੋਂ ਵੱਧ ਨਾਈਟ੍ਰੋਜਨ ਵਾਲੀ ਖਾਦ ਨਹੀਂ ਪਾਉਣੀ ਚਾਹੀਦੀ। ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਦੋ ਜਾਂ ਤਿੰਨ ਗੋਡੀਆਂ ਕਰੋ। ਬਾਗਾਂ ਅੰਦਰ ਜਾਂ ਨੇੜੇ ਨਰਮੇ ਦੀ ਬਿਜਾਈ ਨਹੀ ਕਰਨੀ ਚਾਹੀਦੀ।

ਪੰਜਾਬ ਵਿੱਚ ਦੇਸ਼ ਦੇ ਦੁਧਾਰੂ ਪਸ਼ੂਆਂ ਦਾ ਕੋਈ 2 ਪ੍ਰਤੀਸ਼ਤ ਹੈ; ਇੱਥੇ ਦੁੱਧ ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ 8 ਪ੍ਰਤੀਸ਼ਤ ਹੈ। ਗਰਮੀਆਂ ਦੇ ਚਾਰਿਆਂ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਪਸ਼ੂਆਂ ਨੂੰ ਲੋੜ ਅਨੁਸਾਰ ਪੂਰਾ ਚਾਰਾ ਪਾਇਆ ਜਾਵੇ ਤਾਂ ਦੁੱਧ ਦੀ ਪੈਦਾਵਾਰ ਹੋਰ ਵਧ ਸਕਦੀ ਹੈ। ਹੁਣ ਮੱਕੀ, ਚਰ੍ਹੀ, ਵਧੇਰੇ ਲੌ ਦੇਣ ਵਾਲੀ ਚਰ੍ਹੀ, ਬਾਜਰਾ, ਦੋਗਲਾ ਨੇਪੀਅਰ ਬਾਜਰਾ, ਗਿੰਨੀ ਘਾਹ ਅਤੇ ਰਵਾਂਹ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਮੱਕੀ, ਚਰ੍ਹੀ ਜਾਂ ਬਾਜਰੇ ਵਿੱਚ ਰਵਾਂਹ ਰਲਾ ਕੇ ਬੀਜੇ ਜਾਣ ਤਾਂ ਚਾਰਾ ਵਧੇਰੇ ਪੌਸ਼ਟਿਕ ਹੋ ਜਾਂਦਾ ਹੈ।

ਮੱਕੀ ਦੀ ਜੇ 1008, ਜੇ 1007 ਅਤੇ ਜੇ 1006 ਕਿਸਮ ਬੀਜੀ ਜਾਵੇ। ਇਨ੍ਹਾਂ ਦਾ ਏਕੜ ਵਿੱਚ 30 ਕਿਲੋ ਬੀਜ ਪਾਉਣਾ ਚਾਹੀਦਾ ਹੈ। ਚਰ੍ਹੀ ਲਈ ਐੱਸਐੱਲ 46, ਐੱਸਐੱਲ 45 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਇਸ ਦਾ ਪ੍ਰਤੀ ਏਕੜ 25 ਕਿਲੋ ਬੀਜ ਚਾਹੀਦਾ ਹੈ। ਪੰਜਾਬ ਸੂਡੈਕਸ ਚਰ੍ਹੀ 4 ਅਤੇ ਪੰਜਾਬ ਸੂਡੈਕਸ ਚਰ੍ਹੀ 1 ਵਧੇਰੇ ਲੌ ਦੇਣ ਵਾਲੀਆਂ ਕਿਸਮਾਂ ਹਨ। ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਇਨ੍ਹਾਂ ਤੋਂ ਘੱਟੋ-ਘੱਟ ਤਿੰਨ ਲੌ ਪ੍ਰਾਪਤ ਹੋ ਜਾਂਦੇ ਹਨ ਅਤੇ 480 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਪ੍ਰਾਪਤ ਹੋ ਜਾਂਦਾ ਹੈ। ਪੀਸੀਬੀ 166, ਪੀਸੀਬੀ 165, ਪੀਸੀਬੀ 164 ਅਤੇ ਐੱਫਬੀਸੀ 16 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਏਕੜ ਲਈ 8 ਕਿਲੋ ਬੀਜ ਚਾਹੀਦਾ ਹੈ।

ਦੋਗਲਾ ਨੇਪੀਅਰ ਬਾਜਰਾ ਇਕ ਵਾਰ ਲਗਾ ਕੇ ਦੋ-ਤਿੰਨ ਸਾਲ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਲੁਆਈ ਜੜ੍ਹਾਂ ਜਾਂ ਕਲਮਾਂ ਰਾਹੀਂ ਕੀਤੀ ਜਾਂਦੀ ਹੈ। ਜੜ੍ਹਾਂ 30 ਸੈਂਟੀਮੀਟਰ ਲੰਮੀਆਂ ਅਤੇ ਕਲਮਾਂ ਉਤੇ ਦੋ ਜਾਂ ਤਿੰਨ ਗੰਢਾਂ ਹੋਣੀਆਂ ਚਾਹੀਦੀਆਂ ਹਨ। ਏਕੜ ਲਈ ਕੋਈ 11000 ਜੜ੍ਹਾਂ ਜਾਂ ਕਲਮਾਂ ਦੀ ਲੋੜ ਪੈਂਦੀ ਹੈ। ਪੀਬੀਐੱਨ 346, ਪੀਬੀਐੱਨ 233 ਅਤੇ ਪੀਬੀਐੱਨ 342 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਗਿੰਨੀ ਘਾਹ ਪੀਜੀਜੀ 518 ਸਿਫ਼ਾਰਸ਼ ਕੀਤੀ ਕਿਸਮ ਹੈ। ਏਕੜ ਦੀ ਬਿਜਾਈ ਲਈ ਅੱਠ ਕਿਲੋ ਬੀਜ ਦੀ ਵਰਤੋਂ ਕਰੋ। ਰਵਾਂਹ ਫ਼ਲੀਦਾਰ ਚਾਰਾ ਹੋਣ ਕਰ ਕੇ ਵਧੇਰੇ ਪੌਸ਼ਟਿਕ ਹੁੰਦਾ ਹੈ। ਸੀਐੱਲ 367 ਸਿਫ਼ਾਰਸ਼ ਕੀਤੀ ਕਿਸਮ ਹੈ। ਸੀਐੱਲ 367 ਦਾ 12 ਕਿਲੋ ਬੀਜ ਪ੍ਰਤੀ ਏਕੜ ਪਾਓ। ਕਣਕ ਤੋਂ ਵਿਹਲੇ ਹੋਏ ਕੁਝ ਰਕਬੇ ਵਿੱਚ ਹਰੇ ਚਾਰੇ ਦੀ ਬਿਜਾਈ ਜ਼ਰੂਰ ਕਰੋ ਤਾਂ ਜੋ ਜੂਨ ਦੀ ਭਰ ਗਰਮੀ ਵਿੱਚ ਪਸ਼ੂਆਂ ਨੂੰ ਹਰਾ ਚਾਰਾ ਮਿਲ ਸਕੇ।

ਪੰਜਾਬ ਵਿੱਚ ਮੂੰਗਫ਼ਲੀ ਹੇਠ ਰਕਬਾ ਬਹੁਤ ਘਟ ਗਿਆ ਹੈ, ਹੁਣ ਮਸਾਂ ਇਕ ਹਜ਼ਾਰ ਹੈਕਟੇਅਰ ਵਿੱਚ ਇਸ ਦੀ ਕਾਸ਼ਤ ਹੁੰਦੀ ਹੈ। ਉਚੀਆਂ ਤੇ ਰੇਤਲੀਆਂ ਜ਼ਮੀਨਾਂ ਵਿੱਚ ਝੋਨੇ ਦੀ ਥਾਂ ਮੂੰਗਫ਼ਲੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਮੂੰਗਫ਼ਲੀ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਐੱਸਜੀ 99, ਐੱਮ 522, ਜੇ 87 ਅਤੇ ਟੀਜੀ 37 ਦੇ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਐਤਕੀਂ ਨਵੀਂ ਕਿਸਮ ਦੀ ਜੀ 37 ਏ ਸਿਫ਼ਾਰਸ਼ ਕੀਤੀ ਗਈ ਹੈ ਜੋ 112 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ 15 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦਿੰਦੀ ਹੈ। ਬਿਜਾਈ ਗਿਰੀਆਂ ਨਾਲ ਕੀਤੀ ਜਾਂਦੀ ਹੈ। ਏਕੜ ਲਈ ਕੋਈ 40 ਕਿਲੋ ਗਿਰੀਆਂ ਦੀ ਲੋੜ ਪੈਂਦੀ ਹੈ। ਬੀਜਣ ਤੋਂ ਪਹਿਲਾਂ ਗਿਰੀਆਂ ਨੂੰ ਪੰਜ ਗ੍ਰਾਮ ਥੀਰਮ ਪ੍ਰਤੀ ਕਿਲੋ ਜਾਂ ਤਿੰਨ ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋ ਨਾਲ ਸੋਧ ਲਓ। ਪੀਐੱਸ ਐੱਚ 996, ਜੇ 87, ਐੱਸਜੀ 99 ਅਤੇ ਐੱਮ 522 ਉੱਨਤ ਕਿਸਮਾਂ ਹਨ। ਜੇ 87 ਅਤੇ ਟੀਜੀ 37 ਏ ਕਿਸਮਾਂ ਪੱਕਣ ਵਿੱਚ ਘੱਟ ਸਮਾਂ ਲੈਂਦੀਆਂ ਹਨ ਅਤੇ ਝਾੜ ਵੱਧ ਦਿੰਦੀਆਂ ਹਨ। ਜੇ 87 ਤੋਂ 15 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਮਿਲ ਜਾਂਦਾ ਹੈ। ਜੇ 87 ਦਾ 48 ਕਿਲੋ ਬੀਜ (ਗਿਰੀਆਂ) ਪ੍ਰਤੀ ਏਕੜ ਪਾਵੋ।

ਸੱਠੀ ਮੂੰਗੀ ਜਾਂ ਮਾਂਹ ਦੀ ਕਾਸ਼ਤ ਕਰਨੀ ਹੈ ਤਾਂ ਇਹ ਢੁੱਕਵਾਂ ਸਮਾਂ ਹੈ। ਐੱਸਐੱਮਐੱਲ 1827, ਐੱਸਐੱਮਐੱਲ 832 ਅਤੇ ਐੱਸਐੱਮਐੱਲ 668 ਮੂੰਗੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਮਾਂਹ 1137 ਅਤੇ ਮਾਂਹ 1008 ਉੱਨਤ ਕਿਸਮਾਂ ਹਨ।

ਹਲਦੀ ਦੀ ਕਾਸ਼ਤ ਲਈ ਵੀ ਹੁਣ ਢੁਕਵਾਂ ਸਮਾਂ ਹੈ। ਪੰਜਾਬ ਹਲਦੀ-1, ਪੰਜਾਬ ਹਲਦੀ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਏਕੜ ਦੀ ਬਿਜਾਈ ਲਈ ਕੋਈ 7 ਕੁਇੰਟਲ ਬੀਜ ਚਾਹੀਦਾ ਹੈ। ਬਿਜਾਈ ਵੱਟਾਂ ਉੱਤੇ ਕਰੋ। ਵੱਟਾਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਬਿਜਾਈ ਪਿਛੋਂ ਖੇਤ ਨੂੰ ਪਰਾਲੀ ਨਾਲ ਢੱਕ ਦਿਓ। ਏਕੜ ਲਈ 36 ਕੁਇੰਟਲ ਪਰਾਲੀ ਵਰਤੋ। ਗੱਠੀਆਂ ਉਗਣ ਤੱਕ ਖੇਤ ਗਿੱਲਾ ਰੱਖੋ। ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਖਾਦ ਪਾਓ। ਬਿਜਾਈ ਸਮੇਂ 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 16 ਕਿਲੋ ਮੂਰੀਏਟ ਆਫ ਪੋਟਾਸ਼ ਪ੍ਰਤੀ ਏਕੜ ਡ੍ਰਿਲ ਕਰੋ। ਇਹ ਤਿਆਰ ਹੋਣ ਵਿੱਚ ਵਧੇਰੇ ਸਮਾਂ ਲੈਂਦੀ ਹੈ ਅਤੇ ਕੋਈ 8 ਮਹੀਨੇ ਦੀ ਫ਼ਸਲ ਹੈ। ਏਕੜ ਵਿੱਚ 100 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦ ਹੈ।

ਸ਼ਕਰਕੰਦੀ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਪੰਜਾਬ ਸ਼ਕਰਕੰਦੀ-21 ਸਿਫ਼ਾਰਸ਼ ਕੀਤੀ ਕਿਸਮ ਹੈ। ਏਕੜ ਲਈ ਵੇਲਾਂ ਦੀਆਂ ਕੋਈ 30000 ਪੱਛੀਆਂ ਚਾਹੀਦੀਆਂ ਹਨ। ਲਾਈਨਾਂ ਵਿਚਕਾਰ 67.5 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਫ਼ਾਸਲਾ ਰੱਖੋ। ਬਿਜਾਈ ਤੋਂ 40 ਦਿਨਾਂ ਪਿੱਛੋਂ ਮਿੱਟੀ ਚਾੜ੍ਹ ਦੇਵੋ। ਸ਼ਕਰਕੰਦੀ 145 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਏਕੜ ਵਿੱਚੋਂ 75 ਕੁਇੰਟਲ ਸ਼ਕਰਕੰਦੀ ਪ੍ਰਾਪਤ ਹੋ ਜਾਂਦੀ ਹੈ।

ਸੰਪਰਕ: 94170-87328

Advertisement
Author Image

Jasvir Samar

View all posts

Advertisement