For the best experience, open
https://m.punjabitribuneonline.com
on your mobile browser.
Advertisement

ਅਪਰੇਸ਼ਨ ਸਿੰਧੂਰ

04:30 AM Jun 02, 2025 IST
ਅਪਰੇਸ਼ਨ ਸਿੰਧੂਰ
Advertisement

ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਸੰਕੇਤ ਕੀਤਾ ਹੈ ਕਿ ਅਪਰੇਸ਼ਨ ਸਿੰਧੂਰ ਕੋਈ ਤਰੁੱਟੀਹੀਣ, ਸਹਿਜ ਕਾਰਵਾਈ ਨਹੀਂ ਸੀ। ਭਾਰਤ ਨੂੰ ਹਵਾਈ ਜਹਾਜ਼ਾਂ ਦਾ ਨੁਕਸਾਨ ਹੋਇਆ। ਇਹ ਅਜਿਹਾ ਤੱਥ ਹੈ ਜਿਸ ਬਾਰੇ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਦੇਸ਼ ਦੀ ਸਿਆਸੀ ਲੀਡਰਸ਼ਿਪ ਟਾਲ-ਮਟੋਲ ਕਰਦੀ ਰਹੀ ਹੈ। ਜਨਰਲ ਅਨਿਲ ਚੌਹਾਨ ਅਨੁਸਾਰ, “ਅਸੀਂ ਰਣਨੀਤਕ ਗ਼ਲਤੀਆਂ ਨੂੰ ਸਮਝਣ” ਅਤੇ ਤੇਜ਼ੀ ਨਾਲ ਸੁਧਾਰ ਕਰਨ ਦੇ ਯੋਗ ਹੋਏ ਹਾਂ। ਉਨ੍ਹਾਂ ਦਾ ਇਹ ਇਮਾਨਦਾਰ ਇਕਬਾਲ ਅਪਰੇਸ਼ਨ ਸਿੰਧੂਰ ਦੀ ਸਫਲਤਾ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਕਰਦਾ; ਅਸਲ ਵਿੱਚ ਇਹ ਦਰਸਾਉਂਦਾ ਹੈ ਕਿ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਸ਼ੁਰੂਆਤੀ ਉਲਝਣ ਤੋਂ ਬਿਲਕੁਲ ਵੀ ਨਹੀਂ ਘਬਰਾਈਆਂ, ਬਲਕਿ ਉਹ ਪਾਕਿਸਤਾਨੀ ਇਲਾਕੇ ਦੇ ਧੁਰ ਅੰਦਰ ਗਹਿਰੀ ਸੱਟ ਮਾਰਨ ਅਤੇ ਨੁਕਸਾਨ ਕਰਨ ਲਈ ਝੱਟ ਮੁੜ ਤਕੜੀਆਂ ਹੋ ਗਈਆਂ। ਜਨਰਲ ਚੌਹਾਨ ਨੇ ਇਹ ਦੱਸਣ ਤੋਂ ਤਾਂ ਗੁਰੇਜ਼ ਕੀਤਾ ਹੈ ਕਿ ਕਿੰਨੇ ਭਾਰਤੀ ਜਹਾਜ਼ ਡੇਗੇ ਗਏ ਸਨ, ਉਂਝ ਉਨ੍ਹਾਂ ਪਾਕਿਸਤਾਨ ਦੇ ਉਸ ਦਾਅਵੇ ਨੂੰ ‘ਬਿਲਕੁਲ ਗ਼ਲਤ’ ਦੱਸਿਆ ਕਿ ਭਾਰਤ ਦੇ ਛੇ ਜਹਾਜ਼ ਸੁੱਟੇ ਗਏ ਸਨ। ਪਾਕਿਸਤਾਨ ਨੇ ਪਹਿਲਾਂ ਭਾਰਤ ਦੇ ਕਈ ਜਹਾਜ਼ ਸੁੱਟਣ ਦਾ ਦਾਅਵਾ ਕੀਤਾ ਸੀ।
ਵਿਰੋਧੀ ਧਿਰ, ਖ਼ਾਸ ਕਰ ਕੇ ਕਾਂਗਰਸ, ਸਰਕਾਰ ਨੂੰ ਵਿਵਾਦ ਵਾਲੇ ਇਸ ਮੁੱਦੇ ’ਤੇ ਸਥਿਤੀ ਸਪੱਸ਼ਟ ਕਰਨ ਦੀ ਲਗਾਤਾਰ ਅਪੀਲ ਕਰਦੀ ਰਹੀ ਹੈ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਲੰਘੀ 11 ਮਈ ਨੂੰ ਇੱਕ ਮੀਡੀਆ ਕਾਨਫਰੰਸ ਵਿੱਚ ਗੋਲੀਬੰਦੀ ਦੇ ਐਲਾਨ ਤੋਂ ਇੱਕ ਦਿਨ ਬਾਅਦ, ਭਾਰਤੀ ਹਵਾਈ ਸੈਨਾ ਦੇ ਏਅਰ ਅਪਰੇਸ਼ਨ ਦੇ ਡਾਇਰੈਕਟਰ ਜਨਰਲ, ਏਅਰ ਮਾਰਸ਼ਲ ਏ ਕੇ ਭਾਰਤੀ ਨੇ ਸਵੀਕਾਰ ਕੀਤਾ ਸੀ ਕਿ “ਨੁਕਸਾਨ ਕਿਸੇ ਵੀ ਲੜਾਈ ਦਾ ਹਿੱਸਾ ਹੁੰਦਾ ਹੈ” ਅਤੇ ਭਾਰਤੀ ਹਵਾਈ ਸੈਨਾ ਦੇ ਸਾਰੇ ਪਾਇਲਟ ਸੁਰੱਖਿਅਤ ਘਰ ਪਰਤ ਆਏ ਹਨ। ਉਂਝ, ਉਨ੍ਹਾਂ ਨੇ ਇਸ ਗੱਲ ਨੂੰ ਅੱਗੇ ਨਹੀਂ ਵਧਾਇਆ ਅਤੇ ਉੱਥੇ ਹੀ ਛੱਡ ਦਿੱਤਾ ਅਤੇ ਇਸ ਤਰ੍ਹਾਂ ਜਾਣਕਾਰੀ ’ਤੇ ਪਰਦਾ ਕਾਇਮ ਰੱਖਿਆ। ਇਹ ਸਪੱਸ਼ਟ ਹੈ ਕਿ ਸਰਕਾਰ ਇਨ੍ਹਾਂ ਵੇਰਵਿਆਂ ਨੂੰ ਜਨਤਕ ਕਰਨ ਦੀ ਇਛੁੱਕ ਨਹੀਂ ਹੈ, ਸ਼ਾਇਦ ਇਸ ਡਰੋਂ ਕਿ ਇਹ ਪਹਿਲਗਾਮ ਅਤਿਵਾਦੀ ਹਮਲੇ ਖ਼ਿਲਾਫ਼ ਭਾਰਤ ਦੇ ਜ਼ੋਰਦਾਰ ਜਵਾਬ ਦੀ ਚਮਕ ਨੂੰ ਫਿੱਕਾ ਕਰ ਦੇਵੇਗਾ। ਇਸ ਲਈ ਸਰਕਾਰ ਖੁੱਲ੍ਹ ਕੇ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਦਲੀਲ ’ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੈ ਕਿ ਅਪਰੇਸ਼ਨ ਸਿੰਧੂਰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਸਫਲ ਅਤਿਵਾਦ ਵਿਰੋਧੀ ਅਪਰੇਸ਼ਨ ਹੈ; ਹਾਲਾਂਕਿ, ਕਿਸੇ ਅਸਹਿਜ ਸਚਾਈ ਨੂੰ ਦਬਾਉਣਾ ਪਾਰਦਰਸ਼ਤਾ ਬਾਰੇ ਸਵਾਲ ਖੜ੍ਹੇ ਕਰਦਾ ਹੈ ਤੇ ਚਿੰਤਤ ਕਰਨ ਵਾਲਾ ਵੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਨੂੰ ਹੋਏ ਨੁਕਸਾਨ ਬਾਰੇ ਸਪੱਸ਼ਟ ਸ਼ਬਦਾਂ ਵਿੱਚ ਦੱਸੇ ਤੇ ਇਹ ਪਤਾ ਲਾਉਣ ਲਈ ਜਾਂਚ ਕਮੇਟੀ ਬਣਨੀ ਚਾਹੀਦੀ ਹੈ ਕਿ ਕਿਵੇਂ ਤੇ ਕਿਉਂ ਚੀਜ਼ਾਂ ਗ਼ਲਤ ਹੋਈਆਂ। ਇਹ ਯਕੀਨੀ ਤੌਰ ’ਤੇ ਹਥਿਆਰਬੰਦ ਸੈਨਾਵਾਂ ਦੇ ਸਬਕ ਸਿੱਖਣ ਅਤੇ ਦੁਬਾਰਾ ਅਜਿਹਾ ਹੋਣ ਤੋਂ ਰੋਕਣ ਦੇ ਕੰਮ ਆਵੇਗਾ।

Advertisement

Advertisement
Advertisement
Advertisement
Author Image

Jasvir Samar

View all posts

Advertisement