ਅਪਰੇਸ਼ਨ ਸਿੰਧੂਰ ਦਾ ਘਰੋਗੀ ਬਿਰਤਾਂਤ
ਸੀ ਉਦੈ ਭਾਸਕਰ
ਮੁੱਢਲੀ ਸਮੀਖਿਆ ਤੋਂ ਪਤਾ ਲੱਗਦਾ ਹੈ ਕਿ ਅਪਰੇਸ਼ਨ ਸਿੰਧੂਰ ਭਾਰਤੀ ਹਥਿਆਰਬੰਦ ਬਲਾਂ ਦੇ ਤੈਅ ਕੀਤੇ ਉਦੇਸ਼ਾਂ ਨੂੰ ਵਡੇਰੇ ਰੂਪ ਵਿੱਚ ਹਾਸਿਲ ਕਰਨ ਵਿੱਚ ਸਫਲ ਰਿਹਾ ਹੈ। ਭਾਰਤ ਦੀ ਦ੍ਰਿੜ ਸੰਕਲਪ ਫ਼ੌਜੀ ਕਾਰਵਾਈ ਜੋ ਪਹਿਲਗਾਮ ਵਿੱਚ ਹੋਏ ਖ਼ੌਫਨਾਕ ਦਹਿਸ਼ਤਗਰਦ ਹਮਲੇ ਦੇ ਜਵਾਬ ਵਜੋਂ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ, 7 ਮਈ ਨੂੰ ਸ਼ੁਰੂ ਹੋਈ ਸੀ ਅਤੇ 10 ਮਈ ਨੂੰ ਗੋਲੀਬੰਦੀ ਦਾ ਐਲਾਨ ਕਰ ਦਿੱਤਾ ਗਿਆ।
ਖ਼ਾਸ ਤੌਰ ’ਤੇ ਰਣਨੀਤਕ ਮਾਪਕਾਂ ਨਾਲ ਸਬੰਧਿਤ ਬੰਦਿਸ਼ਾਂ ਤੇ ਬੇਯਕੀਨੀਆਂ ਅਤੇ ਇਸ ਤੱਥ ਦੇ ਮੱਦੇਨਜ਼ਰ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਪਰਮਾਣੂ ਤਾਕਤਾਂ ਹਨ, ਦੇ ਬਾਵਜੂਦ ਰੱਖਿਆ ਬਲਾਂ ਨੇ ਜਿਸ ਢੰਗ ਨਾਲ ਇਹ ਅਪਰੇਸ਼ਨ ਅਸਰਦਾਰ ਢੰਗ ਨਾਲ ਸਿਰੇ ਚੜ੍ਹਾਇਆ, ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਅਪਰੇਸ਼ਨ ਸਿੰਧੂਰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਸੂਝ-ਬੂਝ, ਦ੍ਰਿੜਤਾ ਅਤੇ ਸੰਜਮ ਦਾ ਪ੍ਰਦਰਸ਼ਨ ਹੈ, ਨੇ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਵਾਲਿਆਂ ਲਈ ਡਰਾਵੇ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ ਪਰ ਵਿਦੇਸ਼ ਅਤੇ ਘਰੋਗੀ ਖੇਤਰਾਂ ਵਿੱਚ ਚੁਣੌਤੀਆਂ ਨੂੰ ਮੁਖ਼ਾਤਿਬ ਹੋਣ ਦੀ ਲੋੜ ਹੈ।
ਅਪਰੇਸ਼ਨ ਸਿੰਧੂਰ ਬਾਰੇ ਭਾਰਤੀ ਬਿਰਤਾਂਤ ਇਹ ਰਿਹਾ ਹੈ ਕਿ ਇਹ ਪਾਕਿਸਤਾਨ ਵੱਲੋਂ ਸ਼ਹਿ ਪ੍ਰਾਪਤ ਦਹਿਸ਼ਤਵਾਦ ਦੇ ਸਨਮੁੱਖ ਸਹੀ ਜੇਤੂਵਾਦ ਦਾ ਪ੍ਰਤੀਕ ਹੈ। ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਇਹ ਸੰਦੇਸ਼ ਦੁਨੀਆ ਭਰ ਵਿੱਚ ਉਨ੍ਹਾਂ ਆਲੋਚਕਾਂ ਤੱਕ ਪਹੁੰਚਾ ਰਹੇ ਹਨ ਜੋ ਭਾਰਤੀ ਬਿਰਤਾਂਤ ਨੂੰ ਬਹੁਤੇ ਹਾਂਦਰੂ ਢੰਗ ਨਾਲ ਨਹੀਂ ਲੈਂਦੇ। ਚੀਨ ਅਤੇ ਕੁਝ ਹੋਰ ਦੇਸ਼ ਸਾਡੇ ਵਿਰੋਧੀ ਪ੍ਰਤੀ ਕੁਝ ਜ਼ਿਆਦਾ ਹੀ ਹਮਦਰਦੀ ਵਰਤ ਰਹੇ ਹਨ ਜਿਵੇਂ ਅਪਰੇਸ਼ਨ ਸਿੰਧੂਰ ਦੇ ਚੱਲਦਿਆਂ ਹੀ ਇਸਲਾਮਾਬਾਦ ਨੂੰ ਆਈਐੱਮਐੱਫ ਦਾ ਕਰਜ਼ਾ ਜਾਰੀ ਕਰਨ ਤੋਂ ਦੇਖਿਆ ਜਾ ਸਕਦਾ ਹੈ। ਅਗਲੀ ਚੁਣੌਤੀ ਜੂਨ ਵਿੱਚ ਆਵੇਗੀ ਜਦੋਂ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਮੀਟਿੰਗ ਹੋਵੇਗੀ। ਨਵੀਂ ਦਿੱਲੀ ਇਹ ਚਾਹੇਗੀ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੀ ਹਮਾਇਤ ਕਰਨ ਬਦਲੇ ‘ਗ੍ਰੇਅ ਸੂਚੀ’ ਵਿੱਚ ਸ਼ਾਮਿਲ ਕੀਤਾ ਜਾਵੇ। ਮੀਟਿੰਗ ਦੇ ਸਿੱਟੇ ਤੋਂ ਉਸ ਡਿਗਰੀ ਦਾ ਅੰਦਾਜ਼ਾ ਲੱਗ ਸਕੇਗਾ ਕਿ ਕੌਮਾਂਤਰੀ ਬਰਾਦਰੀ ਦੱਖਣੀ ਏਸ਼ੀਆ ਵਿੱਚ ਰਾਜਕੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਮੁਤੱਲਕ ਭਾਰਤ ਨਾਲ ਕਿਸ ਹੱਦ ਤੱਕ ਸਹਿਮਤ ਹੈ।
ਘਰੋਗੀ ਪ੍ਰਸੰਗ ਵਿੱਚ ਪ੍ਰੇਸ਼ਾਨਕੁਨ ਸਮਾਜਿਕ-ਰਾਜਨੀਤਕ ਰੁਝਾਨ ਨਜ਼ਰ ਆ ਰਿਹਾ ਹੈ। ਕੀ ਸਰਕਾਰ ਦੀ ਪੁਰਜ਼ੋਰ ਹਮਾਇਤ ਕਰਨ ਵਾਲੀਆਂ ਆਵਾਜ਼ਾਂ, ਜਿਨ੍ਹਾਂ ਨੂੰ ਘੱਟਗਿਣਤੀਆਂ ਨੂੰ ਦੁਤਕਾਰਨ ਲਈ ਪੱਠੇ ਪਾਏ ਜਾਂਦੇ ਰਹੇ ਹਨ, ਹੁਣ ਬੇਕਾਬੂ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ? ਨਹੀਂ ਤਾਂ ਕੀ ਕਾਰਨ ਹੈ ਕਿ ਸਰਕਾਰ ਅਤੇ ਇਸ ਦੇ ਸੋਹਲੇ ਗਾਉਣ ਵਾਲਿਆਂ ਦੇ ਟੋਲਿਆਂ (ਜੋ ਉਪਰੋਂ ਇਸ਼ਾਰਾ ਮਿਲਣ ’ਤੇ ਕਿਸੇ ਦੀ ਵਾਹ-ਵਾਹ ਕਰਨ ਅਤੇ ਕਿਸੇ ਦੀ ਲਾਹ-ਪਾਹ ਕਰਨ ਵਿੱਚ ਦੇਰ ਨਹੀਂ ਲਾਉਂਦੇ) ਨੇ ਹਾਲੀਆ ਹਫ਼ਤਿਆਂ ਵਿੱਚ ਵਾਪਰੇ ਕੁਝ ਬੇਸੁਆਦੀ ਵਿਵਾਦਾਂ ਬਾਰੇ ਹੈਰਾਨੀਜਨਕ ਚੁੱਪ ਵੱਟੀ ਹੋਈ ਹੈ।
ਪਹਿਲਗਾਮ/ਅਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਦੀ ਅੰਦਰੂਨੀ ਸੁਰੱਖਿਆ, ਸਮਾਜਿਕ ਸਦਭਾਵਨਾ ਅਤੇ ਕਸ਼ਮੀਰ ਵਿੱਚ ਆਮ ਵਰਗੇ ਹਾਲਾਤ ਦੀ ਬਹਾਲੀ ਲਈ ਜਟਿਲ ਚੁਣੌਤੀਆਂ ਪੈਦਾ ਹੋ ਗਈਆਂ ਹਨ। ਦੇਸ਼ ਅੰਦਰ ਧਰੁਵੀਕਰਨ ਦਾ ਰੌਂਅ ਤਿੱਖਾ ਹੋ ਰਿਹਾ ਹੈ, ਜਿਸ ਦੇ ਨਾਲ ਹੀ ਖਰਵਾ ਰਾਸ਼ਟਰਵਾਦੀ ਮੁਹਾਵਰਾ, ਬਿਰਤਾਂਤ ਉੱਪਰ ਭਾਰੂ ਪੈ ਰਿਹਾ ਹੈ। ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਉੱਪਰ ਤਿੱਖੀਆਂ ਟੀਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਕਸ਼ਮੀਰੀ ਮੁਸਲਮਾਨਾਂ ਖ਼ਿਲਾਫ਼ ਗਹਿਰਾ ਦਵੈਸ਼ ਭਾਵ ਉੱਭਰ ਕੇ ਸਾਹਮਣੇ ਆ ਗਿਆ ਹੈ।
ਹਾਲੀਆ ਸਾਲਾਂ ਦੌਰਾਨ ਜ਼ਿਆਦਾਤਰ ਲੋਕਰਾਜੀ ਮੁਲਕਾਂ ਅੰਦਰ ਕਿਸੇ ‘ਗ਼ੈਰ-ਸਮੂਹ’ ਨੂੰ ਨਿਸ਼ਾਨਾ ਬਣਾਉਣ ਦਾ ਰੁਝਾਨ ਚੁਣਾਵੀ ਗਤੀਮਾਨਾਂ ਦੀ ਚਹੇਤੀ ਖ਼ੁਰਾਕ ਬਣ ਰਿਹਾ ਹੈ। ਸੋਸ਼ਲ ਮੀਡੀਆ ਦਾ ਪਸਾਰ ਹੋਣ ਨਾਲ ਇਹ ਬਹੁਤ ਖ਼ਤਰਨਾਕ ਢੰਗ ਨਾਲ ਫੈਲਾਇਆ ਜਾਣ ਲੱਗ ਪਿਆ ਹੈ। ਅਮਰੀਕਾ ਅਤੇ ਯੂਰੋਪ ਵਿੱਚ ਪਰਵਾਸੀ ਕਾਮੇ ਅਤੇ ਭਾਰਤ ਵਿਚਲੀਆਂ ਘੱਟਗਿਣਤੀਆਂ ਇਸ ਦਾ ਸੰਤਾਪ ਦਾ ਸ਼ਿਕਾਰ ਬਣ ਰਹੀਆਂ ਹਨ। ਕਿਸੇ ‘ਦੂਜੇ’ ਜਾਂ ‘ਬਾਹਰਲੇ’ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਬਣਾ ਕੇ ਪੇਸ਼ ਕਰਨ ਲਈ ਬਹੁਗਿਣਤੀ ਵਾਲੀ ਭਾਵਨਾ ਨੂੰ ਸ਼ਹਿ ਦੇਣ ਨਾਲ ਵਕਤੀ ਜਿੱਤਾਂ ਤਾਂ ਮਿਲ ਸਕਦੀਆਂ ਹਨ ਅਤੇ ਚੁਣਾਵੀ ਲਾਭ ਪ੍ਰਾਪਤ ਹੋ ਸਕਦੇ ਹਨ ਪਰ ਇਹ ਸਮੂਹਿਕ ਜਨੂੰਨ ਮਨੁੱਖੀ ਕਦਰਾਂ-ਕੀਮਤਾਂ ਨੂੰ ਤਜ ਕੇ ਆਪਣੀ ਬਦਸੂਰਤ ਖ਼ੁਦਮੁਖ਼ਤਾਰੀ ਹਾਸਿਲ ਕਰ ਸਕਦਾ ਹੈ- ਜਿਵੇਂ ਹਾਲੀਆ ਘਟਨਾਵਾਂ ਨੇ ਦਰਸਾਇਆ ਹੈ।
ਪਹਿਲਗਾਮ ਕਤਲੇਆਮ ਤੋਂ ਕੁਝ ਦਿਨਾਂ ਬਾਅਦ ਇੱਕ ਨੇਵੀ ਅਫਸਰ ਦੀ ਵਿਧਵਾ ਮੁਟਿਆਰ ਹਿਮਾਂਸ਼ੀ ਨਰਵਾਲ ਨੇ ਜਦੋਂ ਇਨਸਾਫ਼ ਅਤੇ ਤਹੱਮਲ ਦੀ ਫਰਿਆਦ ਕੀਤੀ ਤਾਂ ਉਸ ਨੂੰ ਟਰੋਲ ਸੈਨਾ ਨੇ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਸੀ। ਉਸ ਖ਼ਿਲਾਫ਼ ਜ਼ਹਿਰੀਲੀਆਂ ਜ਼ਾਤੀ ਟਿੱਪਣੀਆਂ ਕੀਤੀਆਂ। ਕੋਈ ਵੀ ਸੰਸਥਾ ਜਾਂ ਸੀਨੀਅਰ ਸਰਕਾਰੀ ਅਹਿਲਕਾਰ ਉਸ ਦੇ ਹੱਕ ਵਿੱਚ ਖੜ੍ਹਾ ਦਿਖਾਈ ਨਾ ਦਿੱਤਾ; ਤੇ ਹਜੂਮ ਦੀ ਚੜ੍ਹ ਮੱਚਦੀ ਰਹੀ।
ਜਦੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਜੋ ਸਭ ਤੋਂ ਸੀਨੀਅਰ ਭਾਰਤੀ ਡਿਪਲੋਮੈਟ ਹਨ, ਨੇ ਗੋਲੀਬੰਦੀ ਦਾ ਐਲਾਨ ਕੀਤਾ ਤਾਂ ਉਸ ਨੂੰ ਦੁਤਕਾਰਿਆ ਗਿਆ ਅਤੇ ਉਸ ਦੀ ਧੀ ਦੀ ਦੇਸ਼ਭਗਤੀ ਨੂੰ ਵੀ ਪੁਣਿਆ ਗਿਆ। ਇਹ ਬੇਹੂਦਗੀ ਸੀ ਕਿਉਂਕਿ ਮਿਸਰੀ ਸਿਰਫ਼ ਸਰਕਾਰ ਦੀ ਤਰਫ਼ੋਂ ਬੋਲ ਰਹੇ ਸਨ, ਫਿਰ ਵੀ ਸਾਊਥ ਬਲਾਕ ’ਚੋਂ ਕੋਈ ਵੀ ਉਸ ਅਫਸਰ ਦੇ ਹੱਕ ਵਿਚ ਨਾ ਨਿੱਤਰਿਆ ਕਿਉਂਕਿ ਉਨ੍ਹਾਂ ਨੂੰ ਟਕਰਾਅ ਜਾਰੀ ਰੱਖਣ ਦੇ ਚਾਹਵਾਨ ਹਜੂਮ ਦੇ ਗੁੱਸੇ ਦਾ ਨਿਸ਼ਾਨਾ ਬਣਨ ਤੋਂ ਡਰ ਲਗਦਾ ਸੀ।
ਅਪਰੇਸ਼ਨ ਸਿੰਧੂਰ ਬਾਰੇ ਮੀਡੀਆ ਨੂੰ ਜਾਣਕਾਰੀ ਮੁਹੱਈਆ ਕਰਨ ਵਾਲੀ ਕਰਨਲ ਸੋਫ਼ੀਆ ਨੂੰ ਭਾਜਪਾ ਦੇ ਸ਼ਾਸਨ ਵਾਲੇ ਸੂਬੇ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਵੱਲੋਂ ‘ਦਹਿਸ਼ਤਗਰਦਾਂ ਦੀ ਭੈਣ’ ਗਰਦਾਨ ਦਿੱਤਾ ਗਿਆ। ਉਸ ਦੀ ਮਾੜੀ ਮੋਟੀ ਝਾੜ-ਝੰਬ ਵੀ ਨਾ ਹੋਈ ਅਤੇ ਫਿਰ ਇਸ ਦੀ ਵਜਾਹਤ ਕਰਦਿਆਂ ਇਸ ਨੂੰ ‘ਭਾਸ਼ਾਈ ਗ਼ਲਤੀ’ ਕਰਾਰ ਦਿੱਤਾ ਗਿਆ। ਕੁਝ ਇੱਦਾਂ ਦਾ ਹੀ ਪੈਂਤੜਾ ਉਸ ਭਾਜਪਾ ਐੱਮਪੀ ਮੁਤੱਲਕ ਲਿਆ ਗਿਆ ਜਿਸ ਨੇ ਪਹਿਲਗਾਮ ਦੀਆਂ ਵਿਧਵਾਵਾਂ ਦੀ ਬਹਾਦਰੀ ’ਤੇ ਕਿੰਤੂ ਕੀਤਾ ਸੀ।
ਇਤਿਹਾਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਦੀਆਂ ਤੋਂ ਕੁਲੀਨ ਸੱਤਾ ਨੂੰ ਪੁਖ਼ਤਾ ਕਰਨ ਲਈ ਹਜੂਮ ਨੂੰ ਸਨਕ ਦੀ ਪਾਣ ਚਾੜ੍ਹੀ ਜਾਂਦੀ ਰਹੀ ਹੈ ਪਰ ਇਸ ਨਾਲ ਸਾਮਰਾਜ ਅਤੇ ਰਿਆਸਤ ਦੀਆਂ ਅੰਤੜੀਆਂ ਨੂੰ ਜੰਗਾਲ ਲੱਗ ਜਾਂਦਾ ਹੈ। ਐਡਵਰਡ ਗਿੱਬਨ ਨੇ ਆਪਣੀ ਬੇਮਿਸਾਲ ਕਿਰਤ ‘ਦਿ ਹਿਸਟਰੀ ਆਫ ਦਿ ਡੈਕਲਾਈਨ ਐਂਡ ਫਾਲ ਆਫ ਦਿ ਰੋਮਨ ਐਂਪਾਇਰ’ ਵਿੱਚ ਰੋਮ ਵਿੱਚ ਗਣਰਾਜ ਤੇ ਸਾਮਰਾਜ ਦੇ ਸਿਆਸੀ ਤੇ ਸਮਾਜਿਕ ਗਤੀਮਾਨਾਂ ਦੇ ਪ੍ਰਸੰਗ ਵਿੱਚ ਹਜੂਮ ਦੀ ਭੂਮਿਕਾ ਦੀ ਘੋਖ ਪੜਤਾਲ ਕੀਤੀ ਹੈ।
ਗਿੱਬਨ ਲਿਖਦੇ ਹਨ ਕਿ ਰੋਮਨ ਹਜੂਮ (ਪਲੈਬਜ਼ ਅਰਬਾਨਾ) ਜਦੋਂ ਕ੍ਰੋਧਿਤ ਹੁੰਦਾ ਹੈ ਤਾਂ ਇਹ ਭੜਕਾਊ ਤੇ ਅਣਕਿਆਸਿਆ ਹੋ ਜਾਂਦਾ ਹੈ। ਇਹ ਬਾਦਸ਼ਾਹ ਪ੍ਰਤੀ ਅਕੱਟ ਵਫ਼ਾਦਾਰੀ ਦਿਖਾ ਸਕਦਾ ਹੈ ਅਤੇ ਜੇ ਇਸ ਨਾਲ ਬਾਤਚੀਤ ਨਾ ਹੋਵੇ ਜਾਂ ਇਸ ਦਾ ਮਨੋਰੰਜਨ ਨਾ ਕੀਤਾ ਜਾਵੇ ਤਾਂ ਇਹ ਤਬਾਹਕੁਨ ਬਦਅਮਨੀ ਵੀ ਪੈਦਾ ਕਰ ਸਕਦਾ ਹੈ। ਬੇਕਾਬੂ ਹੁੰਦੇ ਚਲੇ ਗਏ ਜਨ ਸਮੂਹ ਦੇ ਹੱਲਿਆਂ ਵਿੱਚ ਆਮ ਨਾਗਰਿਕ ਖੂਬੀਆਂ ਨੂੰ ਤਿਆਗ ਦਿੱਤਾ ਗਿਆ ਅਤੇ ਗਣਰਾਜ ਦੀ ਰੂਹ ਲਗਾਤਾਰ ਕਮਜ਼ੋਰ ਹੁੰਦੀ ਗਈ; ਸਿੱਟੇ ਵਜੋਂ ਰੋਮਨ ਸਾਮਰਾਜ ਦਾ ਪਤਨ ਹੋ ਗਿਆ।
ਇੱਕ ਭਾਰਤੀ ਟੀਵੀ ਪੈਨਲਿਸਟ ਵੱਲੋਂ ਇਰਾਨੀ ਵਿਦੇਸ਼ ਮੰਤਰੀ ਖ਼ਿਲਾਫ਼ ਖੁੱਲ੍ਹੇਆਮ ਗਾਲੀ-ਗਲੋਚ ਵਾਲੀ ਭਾਸ਼ਾ ਵਰਤਣ ਦੇ ਮਾਮਲੇ ਵਿੱਚ ਇਹੀ ਨੁਕਤਾ ਹੈ। ਭਾਰਤੀ ਹਜੂਮ ਨੇ ਕੱਟੜ ਬਹੁਗਿਣਤੀਵਾਦੀ ਰਾਸ਼ਟਰਵਾਦ ਦਾ ਚੋਲਾ ਗ੍ਰਹਿਣ ਕਰ ਲਿਆ ਅਤੇ ਦਹਿਸ਼ਤਗਰਦੀ ਨੂੰ ਭਾਵੁਕ ਬਾਇਨਰੀਆਂ ਵਿੱਚ ਢਾਲ ਦਿੱਤਾ ਗਿਆ ਜਿੱਥੇ ਭਾਰਤੀ ਮੁਸਲਮਾਨਾਂ ਬਾਰੇ ਧਾਰਨਾ ਬਣਾ ਦਿੱਤੀ ਗਈ ਕਿ ਉਹ ਜਹਾਦੀ ਝੁਕਾਵਾਂ ਨੂੰ ਸ਼ਹਿ ਦਿੰਦੇ ਹਨ। ਕੀ ਅਸੀਂ ਇਸ ਹਜੂਮ ਨੂੰ ਆਪਣੇ ਸਮਾਜਿਕ ਤਾਣੇ-ਬਾਣੇ ਵਿੱਚ ਨਫ਼ਰਤ ਅਤੇ ਜ਼ਹਿਰ ਘੋਲਣ ਦੀ ਸ਼ਕਤੀ ਬਣਨ ਦੀ ਆਗਿਆ ਦੇ ਰਹੇ ਹਾਂ? ਇਸ ਨਾਲ ਭਾਰਤ ਦੀ ਸਮਾਜਿਕ ਧਾਰਮਿਕ ਸਦਭਾਵਨਾ ਨੂੰ ਸੱਟ ਮਾਰਨ ਦੇ ਵਿਰੋਧੀਆਂ ਦੇ ਉਦੇਸ਼ ਨੂੰ ਅਗਾਂਹ ਵਧਾਉਣ ਵਿੱਚ ਹੀ ਮਦਦ ਮਿਲੇਗੀ।
ਅਪਰੇਸ਼ਨ ਸਿੰਧੂਰ ਇਸ ਸਮੇਂ ਰੋਕ ਦਿੱਤਾ ਗਿਆ ਹੈ। ਰਾਵਲਪਿੰਡੀ ਵਿੱਚ ਸਰਹੱਦ ਪਾਰ ਦਹਿਸ਼ਤਗਰਦੀ ਦੇ ਸਰਪ੍ਰਸਤਾਂ ਉੱਪਰ ਇਸ ਦੇ ਪ੍ਰਭਾਵ ਬਾਰੇ ਅਜੇ ਤਾਈਂ ਉਡੀਕ ਕੀਤੀ ਜਾ ਰਹੀ ਹੈ। ਦਿੱਲੀ ਨੂੰ ਆਪਣੇ ਦਹਿਸ਼ਤਗਰਦੀ ਵਿਰੋਧੀ ਬਿਰਤਾਂਤ ਬਾਰੇ ਕੌਮਾਂਤਰੀ ਭਾਈਚਾਰੇ ਨੂੰ ਕਾਇਲ ਕਰਨਾ ਪਵੇਗਾ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਘਰੋਗੀ ਬਿਰਤਾਂਤ ਸੰਵਿਧਾਨਕ ਚੌਖਟੇ ਅੰਦਰ ਹੀ ਰਹੇ।
*ਲੇਖਕ ਸੁਸਾਇਟੀ ਫਾਰ ਪਾਲਿਸੀ ਸਟੱਡੀਜ਼ ਦੇ ਡਾਇਰੈਕਟਰ ਹਨ।