ਅਨਾਜ ਮੰਡੀ ਦੀਆਂ ਕਲੋਨੀਆਂ ਦੇ ਵਸਨੀਕਾਂ ਨੇ ਵਿਧਾਇਕ ਅੱਗੇ ਲਗਾਈ ਸਮੱਸਿਆਵਾਂ ਦੀ ਝੜੀ
ਮਿਹਰ ਸਿੰਘ
ਕੁਰਾਲੀ, 3 ਜੁਲਾਈ
ਸਥਾਨਕ ਅਨਾਜ ਮੰਡੀ ਦੇ ਨਾਲ ਲੱਗਦੀਆਂ ਕਲੋਨੀਆਂ ਦੇ ਵਸਨੀਕਾਂ ਨੇ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਇੱਥੇ ਕੀਤੇ ਦੌਰੇ ਦੌਰਾਨ ਉਨ੍ਹਾਂ ਅੱਗੇ ਆਪਣੀਆਂ ਸਮੱਸਿਆਵਾਂ ਦੀ ਝੜੀ ਲਗਾ ਦਿੱਤੀ। ਵਿਧਾਇਕਾ ਦੇ ਚੱਲਦੇ ਭਾਸ਼ਣ ਵਿੱਚ ਹੀ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਗਿਣਵਾਈਆਂ। ਬੀਤੀ ਦੇਰ ਸ਼ਾਮ ਸਥਾਨਕ ਅਨਾਜ ਮੰਡੀ ਵਿੱਚ ਪੁੱਜੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਨੀਂਹ ਪੱਥਰ ਰੱਖਣ ਉਪਰੰਤ ਜਿਵੇਂ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਨੀਤੀਆਂ ਬਾਰੇ ਭਾਸ਼ਣ ਦੌਰਾਨ ਆੜ੍ਹਤੀ ਸੰਜੈ ਗੋਇਲ ਨੇ ਅਨਾਜ ਮੰਡੀ ਨੂੰ ਕੁਰਾਲੀ ਬਾਈਪਾਸ ਨਾਲ ਜੋੜਨ ਵਾਲੀ ਸੜਕ ਦੀ ਕਈ ਸਾਲਾਂ ਤੋਂ ਚਲੀ ਆ ਰਹੀ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ, ਜਿਸ ’ਤੇ ਵਿਧਾਇਕਾ ਮਾਨ ਨੇ ਕੌਂਸਲ ਅਧਿਕਾਰੀਆਂ ਨੂੰ ਅਗਲੀ ਮੀਟਿੰਗ ਵਿੱਚ ਸੜਕ ਸਬੰਧੀ ਮਤਾ ਏਜੰਡੇ ਵਿੱਚ ਲਿਆਉਣ ਦੀ ਹਦਾਇਤ ਵੀ ਕੀਤੀ।
ਵਿਧਾਇਕਾ ਮਾਨ ਦੇ ਭਾਸ਼ਣ ਦੌਰਾਨ ਹੀ ਕਰਨ ਸਿੰਘ, ਰਾਕੇਸ਼ ਕੁਮਾਰ, ਰੋਹਿਤ ਕੁਮਾਰ ਤੇ ਹੋਰਨਾਂ ਸ਼ਹਿਰੀਆਂ ਨੇ ਅਨਾਜ ਮੰਡੀ ਅਤੇ ਨਾਲ ਲਗਦੀਆਂ ਕਲੋਨੀਆਂ ਵਿੱਚ ਪੀਣ ਵਾਲੇ ਪਾਣੀ, ਨਿਕਾਸੀ ਦੇ ਮਾੜੇ ਪ੍ਰਬੰਧਾਂ, ਸਾਫ਼ ਸਫ਼ਾਈ ਦੇ ਪ੍ਰਬੰਧਾਂ ਨੂੰ ਦਰੁਸਤ ਕਰਨ, ਮੂੜ੍ਹਾ ਕਲੋਨੀ ਦੀ ਧਰਮਸ਼ਾਲਾ, ਪਪਰਾਲੀ ਰੋਡ ਦੀ ਖਸਤਾ ਹਾਲਤ ਅਤੇ ਡੇਰਾ ਗੁਸਾਈਂਆਣਾ ਕੋਲੋਂ ਲੰਘਦੇ ਨਿਕਾਸੀ ਨਾਲੇ ਦੀ ਖਸਤਾ ਹਾਲਤ ਆਦਿ ਸਮੱਸਿਆਵਾਂ ਵਿਧਾਇਕ ਅੱਗੇ ਰੱਖੀਆਂ। ਅਨਾਜ ਮੰਡੀ ਦੇ ਵਸਨੀਕਾਂ ਨੇ ਦੋ ਵਾਰਡਾਂ ਵਿੱਚ ਵੰਡੀ ਅਨਾਜ ਮੰਡੀ ਦੀ ਸਮੱਸਿਆ ਵੀ ਰੱਖੀ। ਜਿਸ ’ਤੇ ਉਨ੍ਹਾਂ ਕੌਂਸਲਰ ਬਹਾਦਰ ਸਿੰਘ ਓਕੇ ਅਤੇ ਡਾ. ਅਸ਼ਵਨੀ ਸ਼ਰਮਾ ਦੀ ਡਿਊਟੀ ਵੀ ਲਗਾਈ।
ਵਿਧਾਇਕ ਅਨਮੋਲ ਗਗਨ ਮਾਨ ਨੇ ਕੌਂਸਲ ਅਧਿਕਾਰੀਆਂ ਨੂੰ ਅਜਿਹੇ ਖੇਤਰਾਂ ਦਾ ਦੌਰਾ ਕਰਨ ਅਤੇ ਲੋਕਾਂ ਦੀ ਸਾਰ ਲੈਣ ਦੀ ਹਦਾਇਤ ਕੀਤੀ।
ਸ਼ਹਿਰ ਦੀ ਮੋਰਿੰਡਾ ਰੋਡ ’ਤੇ ਨਿਰਮਾਣ ਅਧੀਨ ਦੁਕਾਨ ਤੇ ਸ਼ੈੱਡ ਕੌਂਸਲ ਵੱਲੋਂ ਜੇਸੀਬੀ ਨਾਲ ਢਾਹੇ ਜਾਣ ਨੂੰ ਲੈ ਕੇ ਦੁਕਾਨ ਮਾਲਕ ਅੱਛਰਪਾਲ ਗੁਪਤਾ ਨੇ ਆਪਣੇ ਪਰਵਾਰ ਸਣੇ ਪੁੱਜ ਕੇ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਮਸਲੇ ਦੇ ਹੱਲ ਦੀ ਹਦਾਇਤ ਕੀਤੀ।