ਬੀਰ ਇੰਦਰ ਸਿੰਘ ਬਨਭੌਰੀਸੁਨਾਮ ਊਧਮ ਸਿੰਘ ਵਾਲਾ, 8 ਮਈਇੱਥੇ ਮਾਈਸਾਇਲੋ ਗੁਦਾਮਾਂ ਅੱਗੇ ਟਰੱਕ ਆਪਰੇਟਰਾਂ ਵੱਲੋਂ ਪ੍ਰਧਾਨ ਯਾਦਵਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਮਾਈਸਾਇਲੋ ਗੁਦਾਮ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਅਨੁਸਾਰ ਉਨ੍ਹਾਂ ਨੂੰ ਆਪਣੇ ਟਰੱਕਾਂ ਦੀ ਅਨਲੋਡਿੰਗ ਲਈ ਲਗਾਤਾਰ ਤਿੰਨ-ਤਿੰਨ ਦਿਨ ਕਤਾਰਾਂ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ।ਪ੍ਰਧਾਨ ਰਾਜਾ ਨੇ ਕਿਹਾ ਕਿ ਮਾਈਸਾਇਲੋ ਪ੍ਰਬੰਧਕ ਦੀ ਮਾੜੀ ਕਾਰਗੁਜ਼ਾਰੀ ਕਾਰਨ ਟਰੱਕ ਆਪਰੇਟਰਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਕੜਪਦੀ ਧੁੱਪ ਵਿਚ ਭੁੱਖਣ-ਭਾਣੇ ਸੜਕਾਂ ’ਤੇ ਖੜਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਟਰੱਕ ਖਾਲੀ ਕਰਵਾਉਣ ਦਾ ਸਮਾਂ ਸਵੇਰ ਤੋਂ ਸ਼ਾਮ ਤੱਕ ਹੁੰਦਾ ਹੈ ਪਰ ਇਹ ਕੰਮ ਦੁਪਹਿਰ ਤੱਕ ਹੀ ਕੀਤਾ ਜਾਂਦਾ ਹੈ, ਜਿਸ ਕਾਰਨ ਟਰੱਕ ਆਪਰੇਟਰਾਂ ਖੱਜਲ-ਖੁਆਰ ਹੋ ਰਹੇ ਹਨ।ਇਸ ਸਬੰਧੀ ਇੰਚਾਰਜ ਅਤੇ ਪਨਗਰੇਨ ਅਧਿਕਾਰੀ ਰਾਜਵੀਰ ਸਿੰਘ ਨੇ ਗੱਲਬਾਤ ਕਰਨ ’ਤੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਉਚੇਚੇ ਤੌਰ ’ਤੇ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਗੁਦਾਮਾਂ ਵਿੱਚੋਂ ਪੁਰਾਣੀ ਫਸਲ ਨੂੰ ਸਾਂਭਣ ਤੇ ਨਵੀਂ ਫਸਲ ਦੀਆਂ ਭਰੀਆਂ ਗੱਡੀਆਂ ਨੂੰ ਖਾਲੀ ਕਰਨ ਦਾ ਕੰਮ ਬਰਾਬਰ ਚੱਲਦਾ ਸੀ ਜਿਸ ਕਰਕੇ ਅਨਲੋਡਿੰਗ ਵਿਚ ਦੇਰੀ ਹੋ ਜਾਂਦੀ ਸੀ ਪਰ ਹੁਣ ਪਹਿਲਾਂ ਅਨਲੋਡਿੰਗ ਦੀ ਪ੍ਰੀਕਿਰਿਆ ਮੁਕੰਮਲ ਕੀਤੀ ਜਾਵੇਗੀ।