ਅਧਿਕਾਰੀਆਂ ਨੇ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਬੁੱਢਾ ਦਰਿਆ ਗੰਦਾ ਨਾ ਹੁੰਦਾ: ਸੀਚੇਵਾਲ
ਗਗਨਦੀਪ ਅਰੋੜਾ
ਲੁਧਿਆਣਾ, 15 ਅਪੈਰਲ
ਬੁੱਢੇ ਦਰਿਆ ਨੂੰ ਕਾਰ ਸੇਵਾ ਰਾਹੀਂ ਸਾਫ਼ ਕਰਵਾ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗਲਾਡਾ, ਪੇਡਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਸਹੀ ਨਿਭਾਈ ਹੁੰਦੀ ਤਾਂ ਬੁੱਢਾ ਦਰਿਆ ਕਦੇ ਗੰਦਾ ਨਹੀਂ ਹੋਣਾ ਸੀ। ਇੰਡਸਟਰੀਆਂ ਦਾ ਜ਼ਹਿਰੀਲਾ ਪਾਣੀ ਬਰਸਾਤੀ ਸੀਵਰ ਰਾਹੀ ਬੁੱਢੇ ਦਰਿਆ ਵਿੱਚ ਆ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਬੁੱਢੇ ਦਰਿਆ ਵਿੱਚ ਜ਼ਹਿਰੀਲਾ ਪਾਣੀ ਪਾਉਣ ਵਾਲਿਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਉਹ ਕਿਸੇ ਰਾਜਨੀਤਕ ਪ੍ਰਭਾਵ ਥੱਲੇ ਜਾਂ ਕਿਸੇ ਹੋਰ ਲਾਲਚਵੱਸ ਬੁੱਢੇ ਦਰਿਆ ਵਿੱਚ ਗੰਦਾ ਤੇ ਜ਼ਹਿਰੀਲਾ ਪਾਣੀ ਪਾਉਣ ਵਾਲਿਆਂ ਨਾਲ ਢਿੱਲ ਨਾ ਵਰਤਣ। ਰਾਜ ਮੈਂਬਰ ਸੰਤ ਸੀਚੇਵਾਲ ਟਰੀਟਮੈਂਟ ਪਲਾਂਟਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਹਦਾਇਤਾਂ ਕੀਤੀਆਂ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਪੀਪੀਸੀਬੀ ਚਿੱਟਾ ਹਾਥੀ ਸਾਬਿਤ ਹੋਇਆ ਹੈ। ਇਹ ਮੀਟਿੰਗ 225 ਐਮਐਲਡੀ ਟਰੀਟਮੈਂਟ ਪਲਾਂਟ ’ਤੇ ਹੋਈ, ਜਿਸ ਵਿੱਚ ਨਗਰ ਨਿਗਮ, ਗਲਾਡਾ, ਸੀਵਰੇਜ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਰੇਨਜ਼ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਨੇ ਹਿੱਸਾ ਲਿਆ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਪਾਣੀਆਂ ਨੂੰ ਅਧਿਕਾਰੀਆਂ ਵੱਲੋਂ ਨਾ ਰੋਕਣ ਕਾਰਨ ਪੰਜਾਬ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਜਦਕਿ ਇਹ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਖ਼ਾਸ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਿਭਾਉਣੀ ਸੀ। ਉਨ੍ਹਾਂ ਕਿਹਾ ਹੁਣ ਜਦੋਂ ਧਰਮ ਕੰਢੇ ਵਾਲੀ ਪੁਲੀ ਤੋਂ ਬੁੱਢੇ ਦਰਿਆ ’ਚ ਪੈ ਰਹੇ ਸੱਟਰਾਮ ਸੀਵਰ ਵਿੱਚ ਇੰਡਸਟਰੀ ਦਾ ਪਾਣੀ ਆ ਰਿਹਾ ਸੀ ਤਾਂ ਗਲਾਡਾ ਵਾਲੇ ਕਹਿ ਰਹੇ ਸਨ ਕਿ ਪਾਣੀ ਨਗਰ ਨਿਗਮ ਦਾ ਹੈ ਤੇ ਨਗਰ ਨਿਗਮ ਵਾਲੇ ਕਹਿ ਰਹੇ ਸਨ ਕਿ ਗਲਾਡਾ ਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇੱਕ ਦੂਜੇ ਸਿਰ ਦੋਸ਼ ਮੜ੍ਹ ਕੇ ਨਾ ਮਸਲਾ ਹੱਲ ਹੋਣਾ ਹੈ ਤੇ ਨਾ ਹੀ ਦਰਿਆ ਸਾਫ ਹੋਣਾ ਹੈ। ਪਿਛਲੀ ਮੀਟਿੰਗ ਵਿੱਚ ਇਹ ਗੰਦਾ ਪਾਣੀ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਕਿਸੇ ਵੀ ਧਿਰ ਨੇ ਪਾਣੀ ਬੰਦ ਨਹੀਂ ਕੀਤਾ। ਤਾਜਪੁਰ ਡੇਅਰੀ ਕੰਪਲੈਕਸ ’ਚ ਅਧੂਰੇ ਪਏ ਕੰਮਾਂ ਵਿੱਚ ਹੋ ਰਹੀ ਦੇਰੀ ਲਈ ਕੰੋਮ ਕਰਨ ਵਾਲੀ ਏਜੰਸੀ ਦੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ, ਜਿਹੜੇ ਗੋਹੇ ਨੂੰ ਚੁੱਕਣ ਦਾ ਪ੍ਰਬੰਧ ਸਮੇ ਸਿਰ ਨਹੀਂ ਕਰ ਪਾ ਰਹੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਦੋ ਮਹੀਨੇ ਤੱਕ ਡੇਅਰੀਆਂ ਦਾ ਗੋਹਾ ਅਤੇ ਮੁਤਰਾਲ ਇਸ ਲਈ ਚੁੱਕਿਆ ਸੀ ਤਾਂ ਜੋ ਡੇਅਰੀਆਂ ਵਾਲੇ ਇਸ ਦਾ ਪ੍ਰਬੰਧ ਕਰ ਲੈਣ।
ਬਰਸਾਤੀ ਸੀਵਰ ਵਿੱਚ ਇੰਡਸਟਰੀਆਂ ਦਾ ਕੈਮੀਕਲ ਵਾਲਾ ਪਾਣੀ ਪਾਉਣ ਦਾ ਮਾਮਲਾ ਫੜਿਆ
ਸੰਤ ਸੀਚੇਵਾਲ ਦੀ ਟੀਮ ਨੇ ਬਰਸਾਤੀ ਸੀਵਰ ਵਿੱਚ ਇੰਡਸਟਰੀਆਂ ਦਾ ਕੈਮੀਕਲ ਯੁਕਤ ਪਾਣੀ ਪਾਉਣ ਦਾ ਮਾਮਲਾ ਫੜਿਆ ਹੈ। ਇਹ ਪਾਣੀ ਫੋਕਲ ਪੁਆਇੰਟ ਨੇੜੇ ਬਰਸਾਤੀ ਸੀਵਰ ਵਿੱਚ ਪਾਇਆ ਜਾ ਰਿਹਾ ਸੀ। ਜਦੋਂ ਇਸ ਪਾਣੀ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਹ ਪਾਣੀ ਗਲੀਆਂ ਵਿੱਚ ਖੜ੍ਹਾ ਹੋ ਗਿਆ। ਇੰਡਸਟਰੀ ਦੇ ਇਸ ਕੈਮੀਕਲ ਯੁਕਤ ਪਾਣੀ ਦੇ ਸੈਂਪਲ ਭਰੇ ਗਏ। ਇਹ ਪਾਣੀ ਕਿਹੜੀ ਇੰਡਸਟਰੀ ਦਾ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਇਸ ਪਾਣੀ ਨੂੰ ਰੋਕਣ ਦੀ ਜ਼ਿੰਮੇਵਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਸੀ ਜਿਸ ਨੂੰ ਉਹ ਰੋਕਣ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਰਹੇ ਹਨ।