ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਨਕਲ ਕਰਾਉਣ ਦਾ ਖੁਲਾਸਾ
ਜਗਜੀਤ ਸਿੰਘ
ਹੁਸ਼ਿਆਰਪੁਰ, 12 ਮਾਰਚ
ਜ਼ਿਲ੍ਹੇ ਦੇ ਸਰਕਾਰੀ ਕਮਾਹੀ ਦੇਵੀ ਸਕੂਲ ਵਿੱਚ ਕੁੱਝ ਅਧਿਆਪਕਾਂ ਵੱਲੋਂ 10ਵੀਂ ਦੀ ਪ੍ਰੀਖਿਆ ਦੇ ਰਹੇ ਕੁਝ ਵਿਦਿਆਰਥੀਆਂ ਨੂੰ ਨਕਲ ਕਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਧਿਆਪਕ ਨੇ ਇਸ ਨਕਲ ਦੀ ਵੀਡੀਓ ਵੀ ਬਣਾਈ ਹੈ। ਸਕੂਲ ਦੇ ਇੱਕ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕਮਾਹੀ ਦੇਵੀ ਸਕੂਲ ਵਿੱਚ ਨੇੜਲੇ ਕਰੀਬ ਚਾਰ ਸਕੂਲਾਂ ਦੇ ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਬੀਤੇ ਦਿਨ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਸਕੂਲ ਦੇ ਇੱਕ ਅਧਿਆਪਕ ਵੱਲੋਂ ਚਹੇਤੇ ਵਿਦਿਆਰਥੀਆਂ ਨੂੰ ਖੁਦ ਪਰਚੀਆਂ ਦੇ ਕੇ ਨਕਲ ਕਰਵਾਈ ਗਈ ਅਤੇ ਉਨ੍ਹਾਂ ਦੇ ਪੇਪਰ ਚੈੱਕ ਕਰਕੇ ਕੁਝ ਗ਼ਲਤੀਆਂ ਵੀ ਠੀਕ ਕੀਤੀਆਂ।
ਇਸ ਮਾਮਲੇ ਦੀ ਇੱਕ ਅਧਿਆਪਕ ਨੇ ਵੀਡੀਓ ਵੀ ਬਣਾਈ ਹੈ, ਜਿਸ ਵਿੱਚ ਨਿਗਰਾਨ ਵੀ ਅਵੇਸਲੇ ਨਜ਼ਰ ਆ ਰਹੇ ਹਨ। ਮੁਲਾਜ਼ਮ ਨੇ ਦੱਸਿਆ ਕਿ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਸਕੂਲ ਪ੍ਰਬੰਧਕਾਂ ਵੱਲੋਂ ਕਥਿਤ ਤੌਰ ’ਤੇ ਜਾਣ-ਬੁੱਝ ਕੇ ਖ਼ਰਾਬ ਕੀਤੇ ਗਏ ਹਨ ਅਤੇ ਬੱਚਿਆਂ ਨੁੰ ਨਕਲ ਕਰਾਉਣ ਲਈ ਸਕੂਲ ਪ੍ਰਬੰਧਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਕੁਝ ਵਿਦਿਆਰਥੀਆਂ ਨੂੰ ਨਕਲ ਕਰਾਉਣ ਦੀ ਸਿਫਾਰਿਸ਼ ਤਾਂ ਖੁਦ ਇੱਕ ਇੰਚਾਰਜ ਨੇ ਕੀਤੀ ਹੈ।
ਸਕੂਲ ਮੁਖੀ ਤੇ ਡੀਈਓ ਵੱਲੋਂ ਜਾਂਚ ਕਰਕੇ ਕਾਰਵਾਈ ਦਾ ਭਰੋਸਾ
ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ ਰਜੇਸ਼ ਕੁਮਾਰ ਨੇ ਕਿਹਾ ਕਿ ਨਕਲ ਕਰਾਏ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀਈਓ ਲਲਿਤਾ ਅਰੋੜਾ ਨੇ ਕਿਹਾ ਕਿ ਨਕਲ ਕਰਾਉਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਧਿਆਪਕ/ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਸਖਤ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ।