ਨਿੱਜੀ ਪੱਤਰ ਪ੍ਰੇਰਕਸੰਗਰੂਰ, 20 ਅਪਰੈਲਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਸੰਘਰਸ਼ ਕਰ ਰਹੇ 5994 ਈਟੀਟੀ ਬੈਕਲਾਗ ਭਰਤੀ ਵਿਚ ਚੁਣੇ ਗਏ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਵਲੋਂ ਸ਼ਰੇਆਮ ਕੁੱਟਮਾਰ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਅਖੌਤੀ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇਣ ਵਾਲੀ ‘ਆਪ’ ਸਰਕਾਰ ਦਾ ਸ਼ਰਮਨਾਕ ਕਾਰਾ ਕਰਾਰ ਦਿੱਤਾ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਸੂਬਾ ਜਨਰਲ ਸਕੱਤਰ ਹਰਜੰਟ ਸਿੰਘ ਬੋਡੇ, ਸੂਬਾ ਜਨਰਲ ਸਕੱਤਰ ਤੇ ਵਰਿੰਦਰਜੀਤ ਸਿੰਘ ਬਜਾਜ ਅਤੇ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸੂਬਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਹੇਠ ਸਰਕਾਰੀ ਸਕੂਲਾਂ ਵਿੱਚ ਉਦਘਾਟਨੀ ਪੱਥਰ ਲਗਾਉਣ ਦੀ ਹਨੇਰੀ ਲਿਆਂਦੀ ਹੋਈ ਹੈ, ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਸਮੇਤ ਹੋਰ ਬੁਨਿਆਦੀ ਸੁਧਾਰਾਂ ਪੱਖੋਂ ਪੰਜਾਬ ਦੀ ਸਕੂਲੀ ਸਿੱਖਿਆ ਲਗਾਤਾਰ ਪੱਛੜ ਰਹੀ ਹੈ। ਉਨ੍ਹਾਂ ਦੱਸਿਆਂ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ’ਤੇ ਅਧਿਆਪਕ ਭਰਤੀ ਕਰਨ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਦਰਅਸਲ ਈਟੀਟੀ ਅਧਿਆਪਕਾਂ ਦੀ 5994 ਭਰਤੀ ਵੀ ਸਾਲ 2022 ਦੀ ਸ਼ੁਰੂ ਕੀਤੀ ਗਈ ਸੀ ਅਤੇ ਹਾਲੇ ਤੱਕ ਮੁਕੰਮਲ ਨਹੀਂ ਕੀਤੀ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ’ਤੇ ਹੱਥ ਚੁੱਕਣ ਵਾਲੇ ਪੰਜਾਬ ਪੁਲੀਸ ਦੇ ਐੱਸਐੱਚਓ ਅਤੇ ਬਾਕੀ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।