ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਪਰੈਲ
ਪੰਜਾਬ ਸਰਕਾਰ ਵੱਲੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਨਾਲ-ਨਾਲ ਰੀਕਾਸਟ ਸੂਚੀਆਂ ਦੇ ਨਾਂ ਹੇਠ ਨਵੀਂ ਮੈਰਿਟ ਵਿੱਚੋਂ 3704 ਮਾਸਟਰ ਕੇਡਰ ਅਤੇ 6635 ਈਟੀਟੀ ਭਰਤੀਆਂ ਦੇ ਸੈਕੜੇ ਅਧਿਆਪਕਾਂ ਨੂੰ ਬਾਹਰ ਕਰਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, 6635 ਈ.ਟੀ.ਟੀ.ਟੀਚਰ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਪ੍ਰਾਇਮਰੀ ਮਾਨਸਾ ਰਾਹੀਂ ਸਿੱਖਿਆ ਮੰਤਰੀ ਨੂੰ ਇਸ ਸਬੰਧੀ ਮੰਗ ਪੱਤਰ ਭੇਜਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਨ੍ਹਾਂ ਹੱਕੀ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਡੀਟੀਐੱਫ ਦੇ ਜ਼ਿਲ੍ਹਾ ਸਕੱਤਰ ਹੰਸਾ ਸਿੰਘ ਡੇਲੂਆਣਾ, 6635 ਈਟੀਟੀ ਯੂਨੀਅਨ ਦੇ ਕਿਰਨਜੀਤ ਕੌਰ, 4161 ਮਾਸਟਰ ਯੂਨੀਅਨ ਦੇ ਬਲਕਾਰ ਸਿੰਘ ਮਘਾਣੀਆ ਅਤੇ 3704 ਭਰਤੀ ਦੇ ਮੈਡਮ ਦੀਪਾ ਸੇਖਾ ਨੇ ਮੰਗ ਕੀਤੀ ਕਿ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਸੂਚੀ ਵਿੱਚੋਂ ਬਾਹਰ ਕੀਤੇ ਵੱਖ-ਵੱਖ ਕਾਡਰਾਂ ਦੇ ਸੈਂਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ। ਇਸ ਮਾਮਲੇ ਵਿੱਚ 3704 ਕਾਡਰ ਨੂੰ ਜਾਰੀ ਨੋਟਿਸ ਮੁੱਢੋਂ ਰੱਦ ਕੀਤੇ ਜਾਣ ਦੀ ਵੀ ਪੁਰਜੋਰ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਰੀਕਾਸਟ ਸੂਚੀਆਂ ਦੇ ਨਾਂ ਹੇਠ ਜੇਕਰ ਕਿਸੇ ਵੀ ਅਧਿਆਪਕ ਦੀ ਨੌਕਰੀ ’ਤੇ ਕੋਈ ਖ਼ਤਰਾ ਖੜ੍ਹਾ ਕੀਤਾ ਗਿਆ ਤਾਂ ਅਧਿਆਪਕਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਕੌਰ ਸਿੰਘ ਫੱਗੂ, ਜਸਵੀਰ ਭੰਮੇ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਕਾਲਾ ਸਿੰਘ ਸਹਾਰਨਾ, ਬੀਰ ਸਿੰਘ, ਅਮਰਿੰਦਰ ਸਿੰਘ, ਗੁਰਦਾਸ ਸਿੰਘ, ਡਿੰਪਲ, ਪਿੰਕੀ ਰਾਣੀ, ਰਾਜਦੀਪ ਕੌਰ ਵੀ ਮੌਜੂਦ ਸਨ।