ਜਗਜੀਤ ਸਿੰਘਹੁਸ਼ਿਆਰਪੁਰ, 9 ਜੂਨਜ਼ਿਲ੍ਹੇ ਦੇ ਪਿੰਡ ਨੁਸ਼ਹਿਰਾ ਪੱਤਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਨੂੰ ਸਿਆਸੀ ਪਾਰਟੀ ਦਾ ਆਗੂ ਬਨਣ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਦਿੱਤੀ ਕਲੀਨ ਚਿੱਟ ’ਤੇ ਸ਼ਿਕਾਇਤਕਰਤਾ ਨੇ ਇਤਰਾਜ਼ ਉਠਾਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੜਤਾਲੀਆ ਅਫ਼ਸਰ ਵੱਲੋਂ ਸਿਆਸੀ ਦਬਾਅ ਹੇਠ ਅਧਿਆਪਕਾ ਨੂੰ ਬਚਾਇਆ ਜਾ ਰਿਹਾ ਹੈ।ਸ਼ਿਕਾਇਤਕਰਤਾ ਅਨੂਪ ਸਿੰਘ (ਰੰਧਾਵਾ ਕਲੋਨੀ) ਨੇ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਦੇ ਪੋਰਟਲ ’ਤੇ ਸੇਵਾ ਨਿਯਮਾਂ ਦੇ ਉਲਟ ਸਰਕਾਰੀ ਐਲੀਮੈਂਟਰੀ ਸਕੂਲ ਨੁਸ਼ਹਿਰਾ ਪੱਤਣ ਦੀ ਅਧਿਆਪਕਾ ਦਲਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਦੀ ਸ਼ਹਿਰੀ ਸਰਕਲ ਪ੍ਰਧਾਨ ਥਾਪੇ ਜਾਣ ਬਾਰੇ ਸ਼ਿਕਾਇਤ ਕੀਤੀ ਸੀ। ਇਸੇ ਦਿਨ ਹੀ ਪਾਰਟੀ ਦੀ ਮੀਟਿੰਗ ਵੀ ਰੱਖੀ ਗਈ ਸੀ। ਇਸ ਬਾਰੇ 12 ਮਾਰਚ ਨੂੰ ਪੰਜਾਬੀ ਦੀ ਨਾਮੀ ਅਖਬਾਰ ਵਿੱਚ ਫੋਟੋ ਸਮੇਤ ਸਿਰੋਪਾਓ ਲੈਂਦਿਆਂ ਦੀ ਇਸ ਬਾਰੇ ਖਬਰ ਛਪੀ ਸੀ। ਉਨ੍ਹਾਂ ਸਿਆਸੀ ਆਗੂ ਬਣੀ ਅਧਿਆਪਕਾ ਦਲਜੀਤ ਕੌਰ ਖ਼ਿਲਾਫ਼ 12 ਮਾਰਚ ਨੂੰ ਖਬਰ ਛਪਣ ਤੋਂ ਬਾਅਦ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਦੀ ਜਾਂਚ ਲਈ ਸਿੱਖਿਆ ਅਧਿਕਾਰੀ ਨੇ ਉਨ੍ਹਾਂ ਨੂੰ 28 ਮਈ ਨੂੰ ਬੁਲਾਇਆ ਸੀ। ਇਸ ਤੋਂ ਇੱਕ ਦਿਨ ਪਹਿਲਾਂ 27 ਮਈ ਨੂੰ ਅਧਿਆਪਕਾ ਨੂੰ ਆਗੂ ਥਾਪਣ ਵਾਲੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਖਾਲਸਾ ਨੇ ਇਸ ਖਬਰ ਦੇ ਗਲਤੀ ਨਾਲ ਛਪ ਜਾਣ ਬਾਰੇ ਮੁੜ ਅਖਬਾਰੀ ਬਿਆਨ ਦੇ ਦਿੱਤਾ। ਇਹੀ ਬਿਆਨ ਅਧਿਆਪਕਾ ਨੇ ਵੀ ਪੜਤਾਲੀਆ ਅਫ਼ਸਰ ਨੂੰ ਦਿੱਤਾ ਹੈ, ਜਿਹੜਾ ਕਿ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।ਉਨ੍ਹਾਂ ਇਤਰਾਜ਼ ਜਤਾਇਆ ਕਿ 20 ਮਈ ਨੂੰ ਸ਼ਿਕਾਇਤ ਉਪਰੰਤ ਉਨ੍ਹਾਂ ਨੂੰ 28 ਮਈ ਨੂੰ ਪੜਤਾਲ ਲਈ ਬੁਲਾਇਆ ਜਾਂਦਾ ਹੈ। ਉਸ ਤੋਂ ਇੱਕ ਦਿਨ ਪਹਿਲਾਂ ਹਲਕਾ ਇੰਚਾਰਜ ਵੱਲੋਂ ਦਿੱਤੇ ਬਿਆਨ ਨੂੰ ਪੜਤਾਲੀਆ ਅਫ਼ਸਰ ਵੱਲੋਂ ਕਲੀਨ ਚਿੱਟ ਦਾ ਆਧਾਰ ਬਣਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਖਬਰ ਦਾ ਖੰਡਨ ਕਰੀਬ ਢਾਈ ਮਹੀਨੇ ਬਾਅਦ ਸ਼ਿਕਾਇਤ ਉਪਰੰਤ ਕਰਨਾ ਸ਼ੱਕੀ ਹੈ। ਜਦੋਂ ਕਿ ਕਲੀਨ ਚਿੱਟ ਮਿਲਣ ਤੋਂ ਬਾਅਦ ਵੀ ਨੁਸ਼ਹਿਰਾ ਪੱਤਣ ਸਕੂਲ ਅੰਦਰ ਹੋਏ ਇੱਕ ਝਗੜੇ ਦੇ ਫ਼ੈਸਲੇ ਦੌਰਾਨ ਥਾਣੇ ਅੰਦਰ ਆਗੂ ਖਾਲਸਾ ਅਧਿਆਪਕਾ ਦੇ ਪੱਖ ਵਿੱਚ ਆਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਿੱਖਿਆ ਵਿਭਾਗ ਵੱਲੋਂ ਸ਼ਿਕਾਇਤ ਦੇ ਪੜਤਾਲੀਆ ਅਫ਼ਸਰ ਬਣਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰ ਧਨੋਆ ਨੇ ਕਥਿਤ ਸਿਆਸੀ ਦਬਾਅ ਹੇਠ ਅਧਿਆਪਕਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਜਿਸ ਨੂੰ ਉਹ ਚੁਣੌਤੀ ਦੇਣਗੇ।ਉੱਧਰ ਅਧਿਆਪਕਾ ਦਲਜੀਤ ਕੌਰ ਨੇ ਪੜਤਾਲੀਆ ਅਫ਼ਸਰ ਕੋਲ ਦਾਅਵਾ ਕੀਤਾ ਕਿ ਉਹ 11 ਮਾਰਚ ਨੂੰ ਗੁਰਦੁਆਰਾ ਟੱਕਰ ਸਾਹਿਬ ਮੱਥਾ ਟੇਕਣ ਗਈ ਸੀ ਅਤੇ ਉੱਥੇ ਪਰਿਵਾਰਕ ਸਾਂਝ ਕਾਰਨ ਹੀ ਪਰਮਿੰਦਰ ਸਿੰਘ ਖਾਲਸਾ ਨਾਲ ਫੋਟੋ ਖਿਚਵਾਈ ਸੀ। ਖਬਰ ਗਲਤੀ ਨਾਲ ਲੱਗੀ ਹੈ ਅਤੇ ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਿਤ ਨਹੀਂ ਹਨ।ਇਤਰਾਜ ਦੂਰ ਕੀਤੇ ਜਾਣਗੇ: ਡੀਈਓਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਲਲਿਤਾ ਅਰੋੜਾ ਨੇ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਨੂੰ ਕੋਈ ਇਤਰਾਜ ਹੈ ਤਾਂ ਉਹ ਵੀ ਸੁਣਿਆ ਹੈ। ਉਹ ਮੁੜ ਅਧਿਕਾਰਤ ਤਰੀਕੇ ਨਾਲ ਸ਼ਿਕਾਇਤ ਕਰ ਸਕਦੇ ਹਨ, ਉਨ੍ਹਾਂ ਦੇ ਇਤਰਾਜ ਦੂਰ ਕੀਤੇ ਜਾਣਗੇ।